ਜਲੰਧਰ,(ਖੁਰਾਣਾ)— ਸ਼ਹਿਰ 'ਚ ਅੰਡਰ ਗਰਾਊਂਡ ਕੇਬਲ ਦਾ ਜਾਲ ਫੈਲਾਉਣ ਤੋਂ ਬਾਅਦ ਟੈਲੀਕਾਮ ਕੰਪਨੀ ਰਿਲਾਇੰਸ ਨੇ ਹੁਣ ਸ਼ਹਿਰ ਦੀਆਂ ਸੜਕਾਂ 'ਤੇ ਖੰਬੇ ਗੱਡਣੇ ਸ਼ੁਰੂ ਕਰ ਦਿੱਤੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੜਕ ਕਿਨਾਰੇ ਖੰਬੇ ਗੱਡਣ ਲਈ ਨਗਰ ਨਿਗਮ ਕੋਲੋਂ ਪਰਮੀਸ਼ਨ ਤੱਕ ਨਹੀਂ ਲਈ ਗਈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਨਗਰ ਨਿਗਮ ਵਲੋਂ ਰਿਲਾਇੰਸ ਕੰਪਨੀ ਵਲੋਂ ਮਾਡਲ ਟਾਊਨ 'ਚ ਲਾਏ ਗਏ ਖੰਬਿਆਂ ਨੂੰ
ਪੁੱਟਿਆ ਤਕ ਜਾ ਚੁਕਿਆ ਹੈ ਪਰ ਫਿਰ ਵੀ ਰਿਲਾਇੰਸ ਕੰਪਨੀ ਵਲੋਂ ਸ਼ਹਿਰ 'ਚ ਨਵੇਂ ਖੰਬੇ ਲਾਉਣ ਦਾ ਕੰਮ ਬਦਸਤੂਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਨੇ ਕੁਝ ਹਫਤੇ ਪਹਿਲਾਂ ਮਾਡਲ ਟਾਊਨ ਖੇਤਰ 'ਚ ਰਿਲਾਇੰਸ ਕੰਪਨੀ ਵਲੋਂ ਲਾਏ ਜਾ ਰਹੇ ਖੰਬਿਆਂ 'ਤੇ ਇਤਰਾਜ਼ ਜਤਾਇਆ ਸੀ ਤੇ ਇਸਦੀ ਸ਼ਿਕਾਇਤ ਪੁਲਸ ਤੇ ਨਿਗਮ ਅਧਿਕਾਰੀਆਂ ਨੂੰ ਦਿੱਤੀ ਸੀ। ਕੌਂਸਲਰ ਰੋਹਨ ਦੀ ਸ਼ਿਕਾਇਤ ਤੋਂ ਬਾਅਦ ਰਿਲਾਇੰਸ ਵਲੋਂ ਲਾਏ ਗਏ ਕਰੀਬ ਡੇਢ ਦਰਜਨ ਖੰਬੇ ਪੁੱਟ ਦਿੱਤੇ ਗਏ ਸਨ। ਹੁਣ ਕੰਪਨੀ ਅਧਿਕਾਰੀਆਂ ਨੇ ਰੋਹਨ ਸਹਿਗਲ ਦੇ ਵਾਰਡ 'ਚ ਕੰਮ ਬੰਦ ਕਰਕੇ ਦੂਜੇ ਹਿੱਸਿਆਂ 'ਚ ਨਾਜਾਇਜ਼ ਤੌਰ 'ਤੇ ਖੰਬੇ ਗੱਡਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਟੈਲੀਕਾਮ ਕੰਪਨੀ ਵਲੋਂ ਅਜਿਹੇ ਖੰਬੇ ਜੋਤੀ ਚੌਕ ਤੋਂ ਲੈ ਕੇ ਜੇਲ ਚੌਕ ਤਕ ਲਾ ਦਿੱਤੇ ਗਏ ਹਨ ਪਰ ਨਿਗਮ ਨੂੰ ਇਸ ਦੀ ਕੰਨੋ-ਕੰਨ ਖਬਰ ਨਹੀਂ ਹੋਈ। ਕੌਂਸਲਰ ਰੋਹਨ ਸਹਿਗਲ ਨੇ ਹੀ ਇਨ੍ਹਾਂ ਖੰਬਿਆਂ ਬਾਰੇ ਦੁਬਾਰਾ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਨੂੰ ਦਿੱਤੀ ਹੈ।
ਨਿਗਮ ਨੇ ਰੋਕਿਆ ਕੰਪਨੀ ਦਾ ਕੰਮ
ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਕੌਂਸਲਰ ਰੋਹਨ ਸਹਿਗਲ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਰਿਲਾਇੰਸ ਕੰਪਨੀ ਨੂੰ ਤੁਰੰਤ ਖੰਬੇ ਲਾਉਣ ਦਾ ਕੰਮ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਕੰਪਨੀ ਵਲੋਂ ਮਾਡਲ ਟਾਊਨ 'ਚ ਲਾਏ ਖੰਬਿਆਂ ਨੂੰ ਪੁੱਟਿਆ ਵੀ ਗਿਆ ਸੀ ਪਰ ਫਿਰ ਵੀ ਦੂਜੇ ਵਾਰਡਾਂ 'ਚ ਜਾ ਕੇ ਖੰਬੇ ਲਾਉਣਾ ਗਲਤ ਹੈ। ਇਸ ਦੇ ਲਈ ਨਿਗਮ ਕੋਲੋਂ ਕੋਈ ਇਜਾਜ਼ਤ ਨਹੀਂ ਲਈ ਗਈ।
ਪਾਲਿਸੀ ਨਾ ਹੋਣ ਦਾ ਲਾਹਾ ਲੈ ਰਹੀ ਕੰਪਨੀ
ਅਸਲ 'ਚ ਰਿਲਾਇੰਸ ਕੰਪਨੀ ਖੰਬਿਆਂ ਤੇ ਉਸਦੇ ਉੱਪਰ ਪਾਈਆਂ ਜਾਣ ਵਾਲੀਆਂ ਤਾਰਾਂ ਸਬੰਧੀ ਕੋਈ ਪਾਲਿਸੀ ਨਾ ਹੋਣ ਕਾਰਨ ਇਸਦਾ ਲਾਹਾ ਲੈ ਰਹੀ ਹੈ। ਨਵਜੋਤ ਸਿੱਧੂ ਨੇ ਲੋਕਲ ਬਾਡੀਜ਼ ਮੰਤਰੀ ਬਣਨ ਤੋਂ ਬਾਅਦ ਕੇਬਲ ਦੀਆਂ ਤਾਰਾਂ ਸਬੰਧੀ ਪਾਲਿਸੀ ਬਣਾਉਨ ਦਾ ਐਲਾਨ ਕੀਤਾ ਸੀ ਪਰ ਸ਼ਾਇਦ ਸਿੱਧੂ ਐਲਾਨ ਕਰਨ ਤੋਂ ਬਾਅਦ ਪਾਲਿਸੀ ਬਣਾਉਣੀ ਭੁੱਲ ਗਏ। ਨਿਯਮ ਅਨੁਸਾਰ ਨਿਗਮ ਨੂੰ ਪ੍ਰਤੀ ਪੋਲ 3 ਹਜ਼ਾਰ ਰੁਪਏ ਮਿਲਣੇ ਚਾਹੀਦੇ ਹਨ ਪਰ ਨਿਗਮ ਕੋਲੋਂ ਕੋਈ ਪਰਮੀਸ਼ਨ ਨਹੀਂ ਲਈ ਗਈ। ਬਿਜਲੀ ਦੇ ਖੰਬਿਆਂ 'ਤੇ ਰਿਲਾਇੰਸ ਕੰਪਨੀ ਨੇ ਜੋ ਤਾਰਾਂ ਪਾਈਆਂ ਹਨ ਉਨ੍ਹਾਂ ਦੀ ਇਜਾਜ਼ਤ ਵੀ ਪਾਵਰ ਕਾਮ ਨੇ 5.30 ਲੱਖ ਰੁਪਏ ਲੈ ਕੇ ਦਿੱਤੀ ਹੈ, ਜਦਕਿ ਨਿਗਮ ਨੂੰ ਚੁਆਨੀ ਵੀ ਨਹੀਂ ਮਿਲੀ।
SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਭੌਰ ਨੂੰ ਮਿਲੀ ਜ਼ਮਾਨਤ
NEXT STORY