ਅੰਮ੍ਰਿਤਸਰ (ਰਮਨ)- ਇਕ ਪਾਸੇ ਆਮ ਲੋਕ ਟੈਕਸ, ਸੀਵਰ, ਸਫ਼ਾਈ ਅਤੇ ਸਟ੍ਰੀਟ ਲਾਈਟ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਪ੍ਰੇਸ਼ਾਨ ਹਨ। ਦੂਜੇ ਪਾਸੇ ਨਗਰ ਨਿਗਮ ਅੰਮ੍ਰਿਤਸਰ ਦੇ ਕਈ ਅਫ਼ਸਰ ਅਤੇ ਕਰਮਚਾਰੀ ਕਥਿਤ ਤੌਰ ’ਤੇ ਆਪਣੀ ਆਮਦਨ ਤੋਂ ਕਈ ਗੁਣਾ ਵੱਧ ਸ਼ਾਨ-ਓ-ਸ਼ੌਕਤ ਭਰੀ ਜ਼ਿੰਦਗੀ ਜੀਅ ਰਹੇ ਹਨ। ਨਿਗਮ ਸੂਤਰਾਂ ਅਤੇ ਜ਼ਮੀਨੀ ਹਕੀਕਤ ਮੁਤਾਬਕ 40 ਹਜ਼ਾਰ ਤੋਂ 1 ਲੱਖ ਰੁਪਏ ਤਨਖ਼ਾਹ ਲੈਣ ਵਾਲੇ ਅਫ਼ਸਰ–ਕਰਮਚਾਰੀ 15 ਤੋਂ 40 ਲੱਖ ਰੁਪਏ ਦੀਆਂ ਮਹਿੰਗੀਆਂ ਗੱਡੀਆਂ ਵਿਚ ਘੁੰਮਦੇ ਨਜ਼ਰ ਆ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਈ ਅਧਿਕਾਰੀਆਂ/ਕਰਮਚਾਰੀਆਂ ਨੇ ਇਹ ਗੱਡੀਆਂ ਆਪਣੇ ਪਰਿਵਾਰਕ ਮੈਂਬਰਾਂ ਜਾਂ ਜਾਣ-ਪਛਾਣ ਵਾਲਿਆਂ ਦੇ ਨਾਂ ’ਤੇ ਰਜਿਸਟਰ ਕਰਵਾ ਰੱਖੀਆਂ ਹਨ, ਤਾਂ ਜੋ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਜਾਂਚ ਹੋਵੇ ਤਾਂ ਉਹ ਬਚ ਨਿਕਲ ਸਕਣ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੀ AI ਵੀਡੀਓ 'ਤੇ ਹੈੱਡ ਗ੍ਰੰਥੀ ਵੱਲੋਂ ਸਖ਼ਤ ਨਿੰਦਾ, ਕਿਹਾ- ਹੋਵੇ ਸਖ਼ਤ ਕਾਰਵਾਈ
ਕਲਰਕ, ਸੇਵਾਦਾਰ ਅਤੇ ਬੇਲਦਾਰ ਵੀ ਸੂਚੀ ’ਚ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਥਿਤ ਫਹਿਰਿਸਤ ’ਚ ਸਿਰਫ਼ ਅਫ਼ਸਰ ਹੀ ਨਹੀਂ, ਸਗੋਂ ਕਲਰਕ, ਸੇਵਾਦਾਰ ਅਤੇ ਬੇਲਦਾਰ ਵਰਗੇ ਨੀਵੇਂ ਪੱਧਰ ਦੇ ਕਰਮਚਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਘੱਟ ਤਨਖ਼ਾਹ ਵਿਚ ਇੰਨੀ ਮਹਿੰਗੀਆਂ ਗੱਡੀਆਂ ਕਿਵੇਂ ਖਰੀਦੀਆਂ ਗਈਆਂ। ਇਸ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਦੱਸਿਆ ਜਾਂਦਾ ਹੈ ਕਿ ਕੁਝ ਅਧਿਕਾਰੀ ਇਨ੍ਹਾਂ ਨੂੰ ਆਪਣਾ ਇੰਨਾ ਨਜ਼ਦੀਕੀ ਬਣਾ ਲੈਂਦੇ ਹਨ ਕਿ ਜੇਕਰ ਕਿਸੇ ਸਖ਼ਤ ਏਜੰਸੀ ਵੱਲੋਂ ਪੁੱਛਗਿੱਛ ਹੋਵੇ, ਤਾਂ ਕਈ ਰਾਜ਼ ਸਾਹਮਣੇ ਆ ਸਕਦੇ ਹਨ। ਭਾਵੇਂ ਸਮੇਂ-ਸਮੇਂ ’ਤੇ ਆਰ. ਟੀ. ਆਈ. ਐਕਟੀਵਿਸਟਾਂ ਅਤੇ ਸਮਾਜ ਸੇਵਕਾਂ ਵੱਲੋਂ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਗਏ ਪਰ ਹਾਲੇ ਤੱਕ ਠੋਸ ਕਾਰਵਾਈ ਨਹੀਂ ਹੋਈ। ਨਿਗਮ ਦੇ ਦੋ-ਤਿੰਨ ਵਿਭਾਗਾਂ ਦੇ ਅਧਿਕਾਰੀਆਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਸਬੰਧੀ ਸ਼ਿਕਾਇਤਾਂ ਵੀ ਗਈਆਂ ਪਰ ਜਾਂਚ ਕਾਗਜ਼ਾਂ ਤੱਕ ਹੀ ਸੀਮਤ ਰਹੀ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਥਾਵਾਂ 'ਤੇ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਜਨਤਾ ’ਚ ਰੋਸ, ਜਾਂਚ ਦੀ ਮੰਗ
ਸਮਾਜ ਸੇਵਕ ਰਜਿੰਦਰ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵਿਚ ਇਕ ਵਾਰ ਹੇਠਲੇ ਪੱਧਰ ਦੇ ਕਰਮਚਾਰੀਆਂ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਸਾਰਿਆਂ ਦੇ ਦਸਤਾਵੇਜ਼ਾਂ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ, ਜਿਸ ਵਿਚ ਉਨ੍ਹਾਂ ਦੀ ਸਿੱਖਿਆ ਅਤੇ ਜਾਇਦਾਦ ਦਾ ਵਿਸਥਾਰਪੂਰਕ ਬਿਓਰਾ ਵੀ ਸ਼ਾਮਲ ਹੋਵੇ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਦੌਰਾਨ ਕਈ ਧਾਂਦਲੀਆਂ ਅਤੇ ਸਕੈਂਡਲ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕਲਰਕਾਂ ਵੱਲੋਂ ਫ਼ਰਜ਼ੀ ਕਰਮਚਾਰੀਆਂ ਦੇ ਤਨਖਾਹ ਬਣਾਉਣਾ, ਬੈਂਕਾਂ ਤੋਂ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਰਜ਼ੇ ਲੈਣਾ ਅਤੇ ਮੌਤਾਂ ਦੇ ਕੇਸਾਂ ਵਿੱਚ ਕਰਮਚਾਰੀਆਂ ਤੋਂ ਪੈਸੇ ਲੈਣ ਵਰਗੇ ਮਾਮਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਸਰੋਵਰ ’ਚ ਕੁਰਲੀ ਕਰਨ ਵਾਲੇ ਨੂੰ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਠੁਕਰਾਈ
ਉਨ੍ਹਾਂ ਇਹ ਵੀ ਕਿਹਾ ਕਿ ਕਈ ਅਧਿਕਾਰੀਆਂ ਨੇ ਡਿਊਟੀ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਤੋਂ ਸਿੱਖਿਆ ਹਾਸਲ ਕੀਤੀ, ਇਸ ਗੱਲ ਦੀ ਜਾਂਚ ਬਹੁਤ ਜ਼ਰੂਰੀ ਹੈ ਕਿ ਯੂਨੀਵਰਸਿਟੀ ਜਾਣ ਸਮੇਂ ਉਨ੍ਹਾਂ ਦੀ ਨਿਗਮ ਵਿਚ ਹਾਜ਼ਰੀ ਲੱਗੀ ਸੀ ਜਾਂ ਸਿਰਫ਼ ਸਰਟੀਫਿਕੇਟ ਹੀ ਬਣਵਾਏ ਗਏ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਆਮਦਨ ਅਤੇ ਜਾਇਦਾਦ ਵਿਚਲਾ ਇਹ ਅੰਤਰ ਹਕੀਕਤੀ ਹੈ, ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਨਾਗਰਿਕ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਸਾਰੇ ਸ਼ੱਕੀ ਕਰਮਚਾਰੀਆਂ ਦੀ ਆਮਦਨ-ਖ਼ਰਚ ਅਤੇ ਸੰਪਤੀ ਦੀ ਵਿਸਥਾਰਪੂਰਕ ਜਾਂਚ ਕਰਵਾਈ ਜਾਵੇ, ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਗੂੰਜ
ਰਜਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਠੇਕੇ, ਫ਼ਾਈਲਾਂ ਦੀ ਮਨਜ਼ੂਰੀ ਅਤੇ ਮੈਦਾਨੀ ਕੰਮਾਂ ਵਿਚ ਕਥਿਤ ‘ਸੈਟਿੰਗ’ ਕਾਰਨ ਇਹ ਦੌਲਤ ਵਧੀ ਹੈ। ਛੋਟੀਆਂ ਫ਼ਾਈਲਾਂ ’ਚ ਅਸਲ ਵਿਚ ਕੰਮ ਹੋਇਆ ਜਾਂ ਸਿਰਫ਼ ਕਾਗਜ਼ੀ ਕਾਰਵਾਈ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸ਼ਹਿਰ ਵਿਚ ਬੁਨਿਆਦੀ ਸੁਵਿਧਾਵਾਂ ਦੀ ਬਦਹਾਲੀ ਅਤੇ ਨਿਗਮ ਕਰਮਚਾਰੀਆਂ ਦੀ ਮਹਿੰਗੀ ਜੀਵਨ-ਸ਼ੈਲੀ ਨੇ ਪ੍ਰਸ਼ਾਸਕੀ ਪਾਰਦਰਸ਼ਤਾ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਹੁਣ ਜਨਤਾ ਦੀ ਨਿਗ੍ਹਾ ਸਰਕਾਰ ਅਤੇ ਵਿਜੀਲੈਂਸ ਏਜੰਸੀਆਂ ਦੀ ਕਾਰਵਾਈ ’ਤੇ ਟਿਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੁਖਜਿੰਦਰ ਰੰਧਾਵਾ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ, ਕੇਂਦਰੀ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਦੇ ਦਿੱਤੇ ਨਿਰਦੇਸ਼
NEXT STORY