ਹੁਸ਼ਿਆਰਪੁਰ (ਰਾਕੇਸ਼) : ਸ਼ਹਿਰ ਵਿਖੇ ਲੁਟੇਰਿਆਂ ਵੱਲੋਂ ਇਕ ਵਿਅਕਤੀ ਨੂੰ ਸ਼ਾਤਰਾਨਾ ਅਤੇ ਫ਼ਿਲਮੀ ਅੰਦਾਜ਼ ’ਚ ਘੇਰ ਕੇ ਅੱਖਾਂ ’ਚ ਸਪ੍ਰੇਅ ਪਾਉਣ ਤੋਂ ਬਾਅਦ 1,90,000 ਰੁਪਏ ਦੀ ਨਕਦੀ ਲੁੱਟਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤ ਆਸ਼ੀਸ਼ ਕੁਮਾਰ ਝਾਅ ਨਿਵਾਸੀ ਨਿਊ ਸ਼ਾਸਤਰੀ ਨਗਰ ਨੇ ਦੱਸਿਆ ਕਿ ਉਹ ਮਨੀ ਟ੍ਰਾਂਸਫਰ ਅਤੇ ਚੱਕੀ ਦਾ ਕੰਮ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਕਰੀਬ 8:00 ਵਜੇ ਐਕਟਿਵਾ ’ਤੇ ਮਸ਼ੀਨ ’ਚ ਪੈਸੇ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ। ਜਿਵੇਂ ਹੀ ਉਹ ਘਰੋਂ ਨਿਕਲ ਕੇ ਮੁੱਖ ਸੜਕ ਨੇੜੇ ਪਹੁੰਚਿਆ ਤਾਂ ਇਕ 6-7 ਸਾਲ ਦਾ ਲੜਕਾ ਅਤੇ ਇਕ ਔਰਤ ਅਚਾਨਕ ਉਸ ਦੀ ਐਕਟਿਵਾ ਸਾਹਮਣੇ ਆ ਗਏ। ਪੀੜਤ ਨੇ ਜਿਵੇਂ ਹੀ ਐਕਟਿਵਾ ਰੋਕੀ, ਪਿੱਛੋਂ ਆਏ ਇਕ ਵਿਅਕਤੀ ਨੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ।
ਇਸੇ ਦੌਰਾਨ ਇਕ ਦੂਜਾ ਅਣਪਛਾਤਾ ਵਿਅਕਤੀ ਮੌਕੇ ’ਤੇ ਆਇਆ, ਜਿਸ ਨੇ ਆਸ਼ੀਸ਼ ਦੀਆਂ ਅੱਖਾਂ ’ਚ ਕੋਈ ਸਪ੍ਰੇਅ/ਕੈਮੀਕਲ ਪਾ ਦਿੱਤਾ। ਇਸ ਨਾਲ ਉਸ ਨੂੰ ਦਿਖਣਾ ਬੰਦ ਹੋ ਗਿਆ ਅਤੇ ਉਹ ਮੌਕੇ ’ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਹੋਸ਼ ਆਉਣ 'ਤੇ ਜਦੋਂ ਉਸ ਨੇ ਦੇਖਿਆ ਤਾਂ ਐਕਟਿਵਾ ਦੀ ਡਿੱਗੀ ’ਚ ਰੱਖੇ 1,90,000 ਰੁਪਏ ਗ਼ਾਇਬ ਸਨ। ਪੀੜਤ ਨੇ ਦੱਸਿਆ ਕਿ ਘਟਨਾ ਸਮੇਂ ਇਲਾਕੇ ’ਚ ਬਿਜਲੀ ਦਾ ਕੱਟ ਲੱਗਾ ਹੋਇਆ ਸੀ ਅਤੇ ਸਟ੍ਰੀਟ ਲਾਈਟਾਂ ਬੰਦ ਸਨ, ਜਿਸ ਦਾ ਫ਼ਾਇਦਾ ਚੁੱਕ ਕੇ ਲੁਟੇਰੇ ਹਨ੍ਹੇਰੇ ’ਚ ਫ਼ਰਾਰ ਹੋ ਗਏ। ਪੀੜਤ ਨੇ ਖ਼ਦਸ਼ਾ ਜਤਾਇਆ ਹੈ ਕਿ ਰਸਤਾ ਰੋਕਣ ਵਾਲੀ ਔਰਤ ਅਤੇ ਬੱਚਾ ਵੀ ਇਸ ਲੁੱਟ ਦੀ ਸਾਜ਼ਿਸ਼ ’ਚ ਸ਼ਾਮਲ ਸਨ। ਪੀੜਤ ਵੱਲੋਂ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਤੁਰੰਤ ਕਾਬੂ ਕਰ ਕੇ ਲੁੱਟੀ ਰਕਮ ਬਰਾਮਦ ਕਰਨ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਵੱਲੋਂ ਅਕਾਲੀ ਆਗੂ ਵਰਿੰਦਰ ਸਿੰਘ ਬਾਜਵਾ ਦੇ ਦਿਹਾਂਤ 'ਤੇ ਦੁੱਖ਼ ਦਾ ਪ੍ਰਗਟਾਵਾ
NEXT STORY