ਜਲੰਧਰ (ਵਰੁਣ)— ਨਸ਼ੇ ਲਈ ਮਾਂ ਦੇ ਗਹਿਣੇ ਚੋਰੀ ਕਰਕੇ ਵੇਚਣ ਤੋਂ ਬਾਅਦ ਗਹਿਣਿਆਂ ਨੂੰ ਵਾਪਸ ਲਿਆਉਣ ਲਈ ਸੈਨੇਟਰੀ ਦੀ ਦੁਕਾਨ 'ਚ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਚੌਕੀ ਬੱਸ ਸਟੈਂਡ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਚੋਰ ਦੇ ਪਰਿਵਾਰ ਵਾਲਿਆਂ ਨੂੰ ਚੋਰੀ ਦਾ ਪਤਾ ਲੱਗ ਗਿਆ ਸੀ, ਜਿਸ ਕਾਰਨ ਉਸ ਨੇ ਗਹਿਣੇ ਵਾਪਸ ਲਿਆਉਣ ਲਈ ਚੋਰੀ ਦੀ ਪਲਾਨਿੰਗ ਕੀਤੀ। ਮੁਲਜ਼ਮ ਦੀ ਪਛਾਣ ਪਰਮਿੰਦਰ ਕੁਮਾਰ ਪੁੱਤਰ ਰਾਮ ਸਵਰੂਪ ਵਾਸੀ ਸ਼ਿਵ ਨਗਰ ਵਜੋਂ ਹੋਈ ਹੈ।
ਚੌਕੀ ਫੋਕਲ ਪੁਆਇੰਟ ਦੇ ਏ. ਐੱਸ. ਆਈ. ਰਾਜਪਾਲ ਨੇ ਦੱਸਿਆ ਕਿ ਪਰਮਿੰਦਰ ਨੇ 8 ਜਨਵਰੀ ਦੀ ਰਾਤ ਦਰਸ਼ਨ ਸੈਨੇਟਰੀ ਨਾਂ ਦੀ ਦੁਕਾਨ 'ਚੋਂ ਪਿੱਤਲ ਦਾ ਸਾਮਾਨ ਚੋਰੀ ਕਰ ਲਿਆ ਸੀ। ਮੁਲਜ਼ਮ ਇਸ ਵਾਰਦਾਤ ਦੌਰਾਨ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਸੀ, ਜਿਸ ਦੀ ਪਛਾਣ ਕਰਕੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਪੁੱਛਗਿਛ ਦੌਰਾਨ ਕਬੂਲਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਦੀ ਸੋਨੇ ਦੀ ਚੇਨ ਅਤੇ ਹੋਰ ਗਹਿਣੇ ਚੋਰੀ ਕਰਕੇ ਵੇਚ ਦਿੱਤੇ ਸਨ। ਜਦੋਂ ਘਰ ਵਾਲਿਆਂ ਨੂੰ ਗਹਿਣੇ ਚੋਰੀ ਹੋਣ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਲਗਾਤਾਰ ਪੁੱਛ ਰਹੇ ਸਨ, ਜਿਸ ਕਾਰਨ ਖੁਦ ਦਾ ਬਚਾਅ ਕਰਨ ਲਈ ਉਸ ਨੇ ਚੋਰੀ ਕੀਤੀ ਅਤੇ ਚੋਰੀ ਕੀਤਾ ਪਿੱਤਲ 15 ਹਜ਼ਾਰ ਰੁਪਏ 'ਚ ਰਾਹਗੀਰ ਕਬਾੜੀਏ ਨੂੰ ਵੇਚ ਦਿੱਤਾ, ਹਾਲਾਂਕਿ ਉਸ ਨੇ ਉਕਤ ਪੈਸਿਆਂ ਨਾਲ ਵੀ ਮਾਂ ਦੇ ਗਹਿਣੇ ਨਹੀਂ ਲਏ ਅਤੇ ਦਸ ਹਜ਼ਾਰ ਰੁਪਏ ਦਾ ਨਸ਼ਾ ਕਰ ਗਿਆ। ਮੁਲਜ਼ਮ ਤੋਂ 5 ਹਜ਼ਾਰ ਰੁਪਏ ਪੁਲਸ ਨੇ ਬਰਾਮਦ ਕਰ ਲਏ ਹਨ।
ਪੁਲਸ ਦਾ ਦਾਅਵਾ ਹੈ ਕਿ ਦੋ ਦਿਨ ਪਹਿਲਾਂ ਸ਼ਿਵ ਨਗਰ 'ਚ ਬੰਦ ਪਏ ਘਰ ਅਤੇ ਫੈਕਟਰੀ 'ਚ ਹੋਈ ਚੋਰੀ ਦੀ ਵਾਰਦਾਤ ਵੀ ਇਸ ਨੇ ਕੀਤੀ ਹੈ। ਏ. ਐੱਸ. ਆਈ. ਰਾਜਪਾਲ ਸਿੰਘ ਨੇ ਕਿਹਾ ਕਿ ਚੋਰ ਫਿਲਹਾਲ ਸ਼ਿਵ ਨਗਰ 'ਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੂੰ ਨਹੀਂ ਕਬੂਲ ਰਿਹਾ, ਜਿਸ ਕਾਰਨ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਨਸ਼ੇ ਦੀ ਮਾੜੀ ਆਦਤ ਕਾਰਨ ਚੋਰੀ ਦੀਆਂ ਵਾਰਦਾਤਾਂ ਕਰਦਾ ਸੀ।
ਕਬਜ਼ਿਆਂ ਦੇ ਮਾਮਲੇ 'ਚ ਅਟਾਰੀ ਬਾਜ਼ਾਰ ਨੰਬਰ-1
NEXT STORY