ਸੁਲਤਾਨਪੁਰ ਲੋਧੀ (ਸੋਢੀ)— ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਨਸ਼ਾ ਮੁਕਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਧਰਨਾ 15ਵੇਂ ਦਿਨ ਵੀ ਜਾਰੀ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ 'ਚੋਂ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼ਰਾਬ ਦੇ ਠੇਕੇ, ਮੀਟ, ਤੰਬਾਕੂ, ਸਿਗਰਟ-ਬੀੜੀ ਵਾਲੀਆਂ ਦੁਕਾਨਾਂ ਬੰਦ ਕਰਵਾਉਣ ਅਤੇ ਪੂਰੇ ਸ਼ਹਿਰ ਨੂੰ ਨਸ਼ਾ ਮੁਕਤ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਹੋਰ ਹਮਖਿਆਲੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਦੇ ਸਾਹਮਣੇ ਸੜਕ ਕਿਨਾਰੇ 10 ਦਸੰਬਰ ਤੋਂ ਮੋਰਚਾ ਆਰੰਭ ਕੀਤਾ ਗਿਆ ਸੀ।
ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ ਦੀ ਦੇਖ-ਰੇਖ 'ਚ ਲਾਏ ਰੋਸ ਧਰਨੇ 'ਚ ਚੌਥੇ ਦਿਨ ਪੰਜ ਨਵੇਂ ਸਿੰਘ ਭਾਈ ਮੰਗਤ ਸਿੰਘ ਜੈਮਲ ਵਾਲਾ, ਭਾਈ ਇਕਬਾਲ ਸਿੰਘ ਜੈਮਲ ਵਾਲਾ, ਭਾਈ ਬਲਵਿੰਦਰ ਸਿੰਘ ਜੈਮਲ ਵਾਲਾ, ਭਾਈ ਨਛੱਤਰ ਸਿੰਘ ਕਮਾਲਾ ਮਿੱਡੂ ਅਤੇ ਭਾਈ ਬੋਹੜ ਸਿੰਘ ਜੈਮਲ ਵਾਲਾ ਬੈਠੇ ਜਿਨ੍ਹਾਂ ਸ਼ਾਂਤਮਈ ਨਾਮ ਸਿਮਰਨ ਕਰਦੇ ਹੋਏ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਨਗਰੀ ਨੂੰ ਨਸ਼ਾ ਮੁਕਤ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ। ਇਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਧਰਨੇ ਚ ਸਹਿਯੋਗ ਵੀ ਦਿੱਤਾ।
ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਸਰਕਾਰ ਸਾਨੂੰ ਉਕਸਾ ਰਹੀ ਹੈ ਕਿ ਅਸੀਂ ਕੋਈ ਗਲਤ ਕਦਮ ਪੁੱਟੀਏ ਅਤੇ ਸਾਡੇ 'ਤੇ ਪਰਚੇ ਬਣਾ ਕੇ ਜੇਲ ਭੇਜ ਸਕੇ ਪਰ ਅਸੀਂ ਆਪਣਾ ਮੋਰਚਾ ਸ਼ਾਂਤਮਈ ਜਾਰੀ ਰੱਖਾਂਗੇ ਅਤੇ ਜਦ ਤੱਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਗੁਰੂ ਨਗਰੀ ਸੁਲਤਾਨਪੁਰ ਨੂੰ ਨਸ਼ਾ ਮੁਕਤ ਕਰਨ ਸਬੰਧੀ ਨਵਾਂ ਹੁਕਮ ਜਾਰੀ ਨਹੀਂ ਕਰਦੇ, ਤਦ ਤੱਕ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਗੁਰੂ ਕੀ ਨਗਰੀ ਨੂੰ ਨਸ਼ਾ ਮੁਕਤ ਕਰੇ ਜਾਂ ਪਵਿੱਤਰ ਸ਼ਹਿਰ ਦਾ ਨੋਟੀਫਿਕੇਸ਼ਨ ਵਾਪਸ ਲਵੇ। ਇਸ ਸਮੇਂ ਸਤਿਕਾਰ ਕਮੇਟੀ ਦੇ ਆਗੂ, ਵਰਕਰ ਆਦਿ ਹਾਜ਼ਰ ਸਨ।
ਸਿੱਧੂ ਲਈ ਵਿਵਾਦਾਂ ਵਾਲਾ ਰਿਹਾ 2019, ਪਾਕਿ ਫੇਰੀ ਤੋਂ ਕੈਬਨਿਟ 'ਚੋਂ ਛੁੱਟੀ ਤਕ ਪੂਰਾ ਲੇਖਾ-ਜੋਖਾ
NEXT STORY