ਸੁਲਤਾਨਪੁਰ ਲੋਧੀ (ਧੀਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਹੈ। ਇਕ ਪਾਸੇ ਸ਼ਹਿਰ ਦੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਦੂਜੇ ਪਾਸੇ ਝੋਨੇ ਦੇ ਸੀਜ਼ਨ ਦੌਰਾਨ ਬੋਰੀਆਂ ਨਾਲ ਲੱਦੀਆਂ ਓਵਰਲੋਡ ਟਰਾਲੀਆਂ ਸ਼ਹਿਰ ਦੇ ਤੰਗ ਬਾਜ਼ਾਰਾਂ ਅਤੇ ਮੁੱਖ ਧਾਰਮਿਕ ਸਥਾਨਾਂ ਦੇ ਨੇੜਿਓਂ ਲੰਘਣ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਟਰਾਲੀਆਂ ’ਤੇ ਲੱਦੀਆਂ ਝੋਨੇ ਦੀਆਂ ਬੋਰੀਆਂ ਨੂੰ ਸੁਰੱਖਿਆ ਲਈ ਰੱਸਿਆਂ ਨਾਲ ਚੰਗੀ ਤਰ੍ਹਾਂ ਬੰਨ੍ਹਿਆ ਹੋਇਆ ਵੀ ਨਜ਼ਰ ਨਹੀਂ ਆਉਂਦਾ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਜਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਮੇਂ ਸਿਰ ਕੋਈ ਠੋਸ ਕਦਮ ਵੀ ਚੁੱਕੇ ਜਾਣਗੇ?
ਸੁਲਤਾਨਪੁਰ ਲੋਧੀ ਇੱਕ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲਾ ਸ਼ਹਿਰ ਹੈ, ਜਿੱਥੇ ਰੋਜ਼ਾਨਾ ਸੈਂਕੜੇ ਸ਼ਰਧਾਲੂ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਇਸ ਦੇ ਬਾਵਜੂਦ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਝੋਨੇ ਦੀਆਂ ਬੋਰੀਆਂ ਨਾਲ ਲੱਦੀਆਂ ਵੱਡੀਆਂ-ਵੱਡੀਆਂ ਟਰਾਲੀਆਂ ਜਦੋਂ ਤੰਗ ਬਾਜ਼ਾਰਾਂ ਵਿੱਚੋਂ ਲੰਘਦੀਆਂ ਹਨ ਤਾਂ ਸੜਕ ’ਤੇ ਹੋਰ ਵਾਹਨਾਂ ਲਈ ਰਸਤਾ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।
ਨਾਜਾਇਜ਼ ਕਬਜ਼ਿਆਂ ਨੇ ਪਹਿਲਾਂ ਹੀ ਘਟਾਈ ਸੜਕਾਂ ਦੀ ਚੌੜਾਈ, ਹੁਣ ਭਾਰੀ ਟਰਾਲੀਆਂ ਨੇ ਵਧਾਈ ਮੁਸੀਬਤ
ਸ਼ਹਿਰ ਦੇ ਕਈ ਅੰਦਰੂਨੀ ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ਿਆਂ ਕਾਰਨ ਸੜਕਾਂ ਦੀ ਵਰਤੋਂਯੋਗ ਚੌੜਾਈ ਪਹਿਲਾਂ ਹੀ ਘਟ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਜਦੋਂ ਝੋਨੇ ਨਾਲ ਲੱਦੀਆਂ ਵੱਡੀਆਂ ਟਰਾਲੀਆਂ ਇਨ੍ਹਾਂ ਰਸਤਿਆਂ ਵਿੱਚ ਦਾਖ਼ਲ ਹੁੰਦੀਆਂ ਹਨ ਤਾਂ ਦੋਵਾਂ ਪਾਸਿਆਂ ਤੋਂ ਆਉਣ ਵਾਲੇ ਵਾਹਨਾਂ ਨੂੰ ਲੰਘਣ ਲਈ ਥਾਂ ਨਹੀਂ ਮਿਲਦੀ। ਦੁਕਾਨਦਾਰਾਂ, ਖਰੀਦਦਾਰੀ ਲਈ ਆਉਣ ਵਾਲੇ ਲੋਕਾਂ, ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਨਿਯਮਬੱਧ ਕਰਨ ਲਈ ਪਹਿਲਾਂ ਹੀ ਪ੍ਰਬੰਧ ਕੀਤੇ ਜਾਂਦੇ ਤਾਂ ਅੱਜ ਅਜਿਹੇ ਹਾਲਾਤ ਪੈਦਾ ਨਾ ਹੁੰਦੇ। ਝੋਨੇ ਦਾ ਸੀਜ਼ਨ ਹਰ ਸਾਲ ਆਉਂਦਾ ਹੈ, ਇਸ ਲਈ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਆਵਾਜਾਈ ਦੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ, ਤਾਂ ਜੋ ਕਿਸਾਨਾਂ, ਵਪਾਰੀਆਂ, ਸ਼ਹਿਰ ਵਾਸੀਆਂ ਅਤੇ ਸ਼ਰਧਾਲੂਆਂ ਨੂੰ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਬਿਨਾਂ ਰੱਸਿਆਂ ਤੋਂ ਲੱਦੀਆਂ ਬੋਰੀਆਂ, ਕਿਸੇ ਵੀ ਸਮੇਂ ਵਾਪਰ ਸਕਦਾ ਹੈ ਵੱਡਾ ਹਾਦਸਾ
ਸਭ ਤੋਂ ਗੰਭੀਰ ਮਾਮਲਾ ਟਰਾਲੀਆਂ ਉੱਪਰ ਲੱਦੀਆਂ ਝੋਨੇ ਦੀਆਂ ਬੋਰੀਆਂ ਦੀ ਸੁਰੱਖਿਆ ਦਾ ਹੈ। ਕਈ ਟਰਾਲੀਆਂ ’ਤੇ ਬੋਰੀਆਂ ਨੂੰ ਰੱਸਿਆਂ ਨਾਲ ਢੁੱਕਵੇਂ ਢੰਗ ਨਾਲ ਬੰਨ੍ਹਿਆ ਹੋਇਆ ਨਜ਼ਰ ਨਹੀਂ ਆਉਂਦਾ। ਜੇਕਰ ਅਜਿਹੀ ਟਰਾਲੀ ਅਚਾਨਕ ਬ੍ਰੇਕ ਲਗਾਉਂਦੀ ਹੈ, ਮੋੜ ਕੱਟਦੀ ਹੈ ਜਾਂ ਕਿਸੇ ਖੱਡੇ ਵਿੱਚੋਂ ਲੰਘਦੀ ਹੈ ਤਾਂ ਬੋਰੀਆਂ ਖਿਸਕ ਕੇ ਸੜਕ ’ਤੇ ਡਿੱਗ ਸਕਦੀਆਂ ਹਨ। ਇਸ ਨਾਲ ਪਿੱਛੇ ਆ ਰਹੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਇਸ ਸਬੰਧੀ ਕੁਝ ਦਿਨ ਪਹਿਲਾਂ ਇੱਕ ਲਿੰਕ ਸੜਕ ’ਤੇ ਵਾਪਰੀ ਘਟਨਾ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ, ਜਿੱਥੇ ਇੱਕ ਭਾਰੀ ਵਾਹਨ ਤੋਂ ਸਾਮਾਨ ਡਿੱਗਣ ਕਾਰਨ ਪਿੱਛੇ ਆ ਰਹੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਸੀ ਅਤੇ ਕਾਰ ਸਵਾਰਾਂ ਦਾ ਬੜੀ ਮੁਸ਼ਕਲ ਨਾਲ ਬਚਾਅ ਹੋਇਆ ਸੀ। ਇਸ ਘਟਨਾ ਨੇ ਇੱਕ ਵਾਰ ਫਿਰ ਸੜਕਾਂ ’ਤੇ ਸਾਮਾਨ ਲਿਜਾਣ ਵਾਲੇ ਵਾਹਨਾਂ ਦੀ ਸੁਰੱਖਿਆ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਦਸਾ ਵਾਪਰਨ ਤੋਂ ਬਾਅਦ ਜਾਂਚ ਕਰਨ ਅਤੇ ਜ਼ਿੰਮੇਵਾਰੀ ਤੈਅ ਕਰਨ ਦੀ ਬਜਾਏ ਪਹਿਲਾਂ ਹੀ ਸੁਰੱਖਿਆ ਦੇ ਪ੍ਰਬੰਧ ਕਰਨਾ ਵਧੇਰੇ ਜ਼ਰੂਰੀ ਹੈ। ਜੇਕਰ ਸਮੇਂ ਸਿਰ ਟਰਾਲੀਆਂ ’ਤੇ ਬੋਰੀਆਂ ਨੂੰ ਸੁਰੱਖਿਅਤ ਢੰਗ ਨਾਲ ਬੰਨ੍ਹਣ ਅਤੇ ਓਵਰਲੋਡਿੰਗ ਨੂੰ ਰੋਕਣ ਵੱਲ ਧਿਆਨ ਦਿੱਤਾ ਜਾਵੇ ਤਾਂ ਕਈ ਸੰਭਾਵੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।
ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਦਾ ਖ਼ਤਰਾ ਵੀ ਬਣਿਆ
ਓਵਰਲੋਡ ਟਰਾਲੀਆਂ ਦੀ ਉਚਾਈ ਅਤੇ ਉਨ੍ਹਾਂ ’ਤੇ ਬੋਰੀਆਂ ਦੀ ਵੱਧ ਲੱਦਾਈ ਕਾਰਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਜੇਕਰ ਕੋਈ ਟਰਾਲੀ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਜਾਂਦੀ ਹੈ ਤਾਂ ਇਹ ਸਥਿਤੀ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸ ਨਾਲ ਟਰਾਲੀ ਚਾਲਕ ਦੇ ਨਾਲ-ਨਾਲ ਨੇੜੇ ਮੌਜੂਦ ਲੋਕਾਂ ਦੀ ਜਾਨ ਵੀ ਖ਼ਤਰੇ ਵਿੱਚ ਪੈ ਸਕਦੀ ਹੈ।
ਇਸ ਲਈ ਸਬੰਧਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਉਹ ਵਾਹਨਾਂ ਦੀ ਲੱਦਾਈ ਅਤੇ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਸ਼ਹਿਰ ਦੇ ਤੰਗ ਰਸਤਿਆਂ ਵਿੱਚ ਉੱਚੀਆਂ ਅਤੇ ਭਾਰੀ ਲੱਦਾਈ ਵਾਲੀਆਂ ਟਰਾਲੀਆਂ ਦੀ ਆਵਾਜਾਈ ਨੂੰ ਨਿਯਮਬੱਧ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ।
ਗੁਰਦੁਆਰਾ ਗੁਰੂ ਕਾ ਬਾਗ ਤੇ ਸਿੰਘ ਭਵਾਨੀ ਮੰਦਰ ਨੇੜੇ ਵੀ ਆਵਾਜਾਈ ਪ੍ਰਭਾਵਿਤ
ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਸਥਿਤ ਗੁਰਦੁਆਰਾ ਗੁਰੂ ਕਾ ਬਾਗ ਅਤੇ ਸਿੰਘ ਭਵਾਨੀ ਮੰਦਰ ਵਰਗੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਨੇੜੇ ਵੀ ਝੋਨੇ ਦੀਆਂ ਬੋਰੀਆਂ ਨਾਲ ਲੱਦੀਆਂ ਟਰਾਲੀਆਂ ਦੇ ਲੰਘਣ ਕਾਰਨ ਟ੍ਰੈਫਿਕ ਦੀ ਸਮੱਸਿਆ ਗੰਭੀਰ ਬਣ ਰਹੀ ਹੈ। ਇਨ੍ਹਾਂ ਸਥਾਨਾਂ ਦੇ ਆਲੇ-ਦੁਆਲੇ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਦੀ ਆਵਾਜਾਈ ਰਹਿੰਦੀ ਹੈ। ਜਦੋਂ ਤੰਗ ਰਸਤਿਆਂ ਵਿੱਚੋਂ ਵੱਡੀਆਂ ਟਰਾਲੀਆਂ ਲੰਘਦੀਆਂ ਹਨ ਤਾਂ ਹੋਰ ਵਾਹਨਾਂ ਨੂੰ ਰਸਤਾ ਦੇਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਟ੍ਰੈਫਿਕ ਜਾਮ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ।
ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ’ਤੇ ਵੀ ਝੋਨੇ ਦੀਆਂ ਬੋਰੀਆਂ ਨਾਲ ਲੱਦੇ ਵੱਡੇ-ਵੱਡੇ ਟਰਾਲਿਆਂ ਦੀ ਆਵਾਜਾਈ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਹ ਮਾਰਗ ਧਾਰਮਿਕ ਪੱਖੋਂ ਬੇਹੱਦ ਮਹੱਤਵਪੂਰਨ ਹੈ ਅਤੇ ਇੱਥੇ ਸ਼ਰਧਾਲੂਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਆਉਂਦੇ-ਜਾਂਦੇ ਹਨ। ਅਜਿਹੇ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਲਈ ਢੁੱਕਵੇਂ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ।
ਰੇਲਵੇ ਫਾਟਕ ਨੇੜਿਓਂ ਬਾਈਪਾਸ ਰਾਹੀਂ ਲੰਘਾਈਆਂ ਜਾਣ ਟਰਾਲੀਆਂ
ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਝੋਨੇ ਨਾਲ ਲੱਦੀਆਂ ਟਰਾਲੀਆਂ ਨੂੰ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿੱਚੋਂ ਲੰਘਾਉਣ ਦੀ ਬਜਾਏ ਬਾਹਰੋਂ-ਬਾਹਰ ਰੇਲਵੇ ਫਾਟਕ ਨੇੜਿਓਂ ਢੁੱਕਵੇਂ ਬਾਈਪਾਸ ਰਸਤੇ ਰਾਹੀਂ ਲੰਘਾਉਣ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਚੌਂਕ ਚੇਲਿਆਂ, ਗੁਰਦੁਆਰਾ ਗੁਰੂ ਕਾ ਬਾਗ ਦੇ ਆਲੇ-ਦੁਆਲੇ ਦੇ ਤੰਗ ਬਾਜ਼ਾਰਾਂ ਅਤੇ ਹੋਰ ਭੀੜ-ਭੜੱਕੇ ਵਾਲੇ ਰਸਤਿਆਂ ਵਿੱਚੋਂ ਭਾਰੀ ਟਰਾਲੀਆਂ ਦੀ ਆਵਾਜਾਈ ਰੋਕਣ ਲਈ ਪ੍ਰਸ਼ਾਸਨ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਮੁਤਾਬਕ ਜੇਕਰ ਭਾਰੀ ਵਾਹਨਾਂ ਲਈ ਬਦਲਵੇਂ ਰਸਤੇ ਨਿਰਧਾਰਤ ਕਰ ਦਿੱਤੇ ਜਾਣ ਅਤੇ ਉਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤਾਂ ਸ਼ਹਿਰ ਦੇ ਅੰਦਰ ਟ੍ਰੈਫਿਕ ਦਾ ਦਬਾਅ ਕਾਫ਼ੀ ਹੱਦ ਤੱਕ ਘਟ ਸਕਦਾ ਹੈ। ਇਸ ਨਾਲ ਨਾ ਸਿਰਫ਼ ਆਵਾਜਾਈ ਸੁਚਾਰੂ ਹੋਵੇਗੀ, ਸਗੋਂ ਸ਼ਰਧਾਲੂਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇਗੀ।
ਕੀ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਜਾਗੇਗਾ ਪ੍ਰਸ਼ਾਸਨ?
ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਲੋਕਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਜਦੋਂ ਟ੍ਰੈਫਿਕ ਦੀ ਸਮੱਸਿਆ ਅਤੇ ਓਵਰਲੋਡ ਟਰਾਲੀਆਂ ਕਾਰਨ ਪੈਦਾ ਹੋ ਰਹੇ ਖ਼ਤਰਿਆਂ ਵੱਲ ਧਿਆਨ ਦਿਵਾਇਆ ਜਾ ਰਿਹਾ ਹੈ ਤਾਂ ਪ੍ਰਸ਼ਾਸਨ ਵੱਲੋਂ ਠੋਸ ਕਦਮ ਚੁੱਕਣ ਵਿੱਚ ਦੇਰੀ ਕਿਉਂ ਹੋ ਰਹੀ ਹੈ? ਕੀ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨੀ ਲਾਜ਼ਮੀ ਹੈ?
ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਵਿਵਸਥਾ ਸੁਧਾਰਨਾ ਸਿਰਫ਼ ਪੁਲਿਸ ਦੀ ਹੀ ਨਹੀਂ, ਸਗੋਂ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ, ਓਵਰਲੋਡ ਵਾਹਨਾਂ ਦੀ ਜਾਂਚ ਕਰਨ, ਬੋਰੀਆਂ ਨੂੰ ਸੁਰੱਖਿਅਤ ਢੰਗ ਨਾਲ ਬੰਨ੍ਹਣਾ ਯਕੀਨੀ ਬਣਾਉਣ ਅਤੇ ਭਾਰੀ ਵਾਹਨਾਂ ਲਈ ਬਦਲਵੇਂ ਰਸਤੇ ਨਿਰਧਾਰਤ ਕਰਨ ਵਰਗੇ ਕਦਮ ਤੁਰੰਤ ਚੁੱਕੇ ਜਾਣੇ ਚਾਹੀਦੇ ਹਨ।
ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਨੇ ਕੀਤੀ ਤੁਰੰਤ ਕਾਰਵਾਈ ਦੀ ਮੰਗ
ਇਸ ਗੰਭੀਰ ਮਾਮਲੇ ਸਬੰਧੀ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਨਾਲ ਜੁੜੇ ਐੱਮ.ਕੇ. ਸ਼ਰਮਾ, ਚੰਦਰ ਮੋਹਨ ਸ਼ਰਮਾ, ਸੰਜੀਵ ਕੁਮਾਰ, ਆਸ਼ੂਤੋਸ਼ ਪਾਲ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਲ-ਨਾਲ ਝੋਨੇ ਦੀਆਂ ਬੋਰੀਆਂ ਨਾਲ ਲੱਦੀਆਂ ਓਵਰਲੋਡ ਟਰਾਲੀਆਂ ਦੀ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿੱਚ ਆਵਾਜਾਈ ’ਤੇ ਰੋਕ ਲਗਾਈ ਜਾਵੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਟ੍ਰੈਫਿਕ ਪ੍ਰਬੰਧ ਸਿਰਫ਼ ਆਮ ਲੋਕਾਂ ਦੀ ਸਹੂਲਤ ਦਾ ਮਾਮਲਾ ਨਹੀਂ, ਸਗੋਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਧਾਰਮਿਕ ਮਹੱਤਤਾ ਨਾਲ ਵੀ ਜੁੜਿਆ ਹੋਇਆ ਹੈ। ਇਸ ਲਈ ਟ੍ਰੈਫਿਕ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਆਪਸੀ ਤਾਲਮੇਲ ਨਾਲ ਕਾਰਵਾਈ ਕਰਦਿਆਂ ਬਾਈਪਾਸ ਰਾਹੀਂ ਭਾਰੀ ਵਾਹਨਾਂ ਦੀ ਆਵਾਜਾਈ ਯਕੀਨੀ ਬਣਾਉਣ, ਤੰਗ ਬਾਜ਼ਾਰਾਂ ਵਿੱਚ ਟ੍ਰੈਫਿਕ ਪ੍ਰਬੰਧ ਮਜ਼ਬੂਤ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪ੍ਰਸ਼ਾਸਨ ਨੂੰ ਕਿਸੇ ਅਣਸੁਖਾਵੀਂ ਘਟਨਾ ਦੀ ਉਡੀਕ ਕਰਨ ਦੀ ਬਜਾਏ ਹੁਣੇ ਤੋਂ ਹੀ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਪਾਵਨ ਨਗਰੀ ਦੇ ਵਸਨੀਕਾਂ ਅਤੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਦੀ ਸਹੂਲਤ ਮਿਲ ਸਕੇ।
ਪੰਜਾਬ: ਰਾਤੋ-ਰਾਤ ਬਦਲ ਗਈ ਕਿਸਮਤ! ਦੋ ਹਫ਼ਤਿਆਂ 'ਚ 50 ਰੁਪਏ ਨੇ 3 ਬੰਦੇ ਬਣਾ 'ਤੇ ਲਖਪਤੀ
NEXT STORY