ਟਾਂਡਾ/ਹੁਸ਼ਿਆਰਪੁਰ, (ਪਰਮਜੀਤ ਸਿੰਘ ਮੋਮੀ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ੇ ਦੇ ਖਾਤਮੇ ਅਤੇ ਨਸ਼ਾ ਤਸਕਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਹੁਸ਼ਿਆਰਪੁਰ ਅਤੇ ਟਾਂਡਾ ਪੁਲਿਸ ਨੇ ਸਾਂਝੇ ਅਭਿਆਨ ਤਹਿਤ ਟਾਂਡਾ ਦੀ ਚੰਡੀਗੜ੍ਹ ਕਲੋਨੀ ਵਿਚ ਇਕ ਅਣਅਧਿਕਾਰਤ ਨਿਰਮਾਣ ਨੂੰ ਅੱਜ ਢਾਹ ਦਿੱਤਾ। ਇਹ ਨਾਜਾਇਜ਼ ਨਿਰਮਾਣ ਕਮਲੇਸ਼, ਪਤਨੀ ਜੀਵਨ ਲਾਲਾ ਨਿਵਾਸੀ ਵਾਰਡ ਨੰਬਰ 11, ਚੰਡੀਗੜ੍ਹ ਕਲੋਨੀ ਵੱਲੋਂ ਕੀਤਾ ਗਿਆ ਸੀ।
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ.ਪੀ. (ਪੀ.ਬੀ.ਆਈ) ਮੇਜਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਦੇ ਨਿਰਦੇਸ਼ਾਂ ਹੇਠ ਸਿਵਲ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਮਲੇਸ਼ ਰਾਣੀ ਵਿਰੁੱਧ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ 16 ਵੱਖ-ਵੱਖ ਮਾਮਲੇ ਦਰਜ ਹਨ ਅਤੇ ਇਸ ਸਮੇਂ ਉਹ ਤਸਕਰ ਜੇਲ੍ਹ ਵਿਚ ਬੰਦ ਹੈ।
ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੁਸ਼ਿਆਰਪੁਰ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਕਬਜ਼ੇ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੇਗੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ ਪੁਲਿਸ ਨੂੰ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਜਲਦੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਛੱਡ ਦੇਣ ਜਾਂ ਫਿਰ ਸਖ਼ਤ ਤੋਂ ਸਖ਼ਤ ਕਾਰਵਾਈ ਲਈ ਤਿਆਰ ਰਹਿਣ।
ਉਨ੍ਹਾਂ ਦੱਸਿਆ ਕਿ ਸਥਾਨਕ ਲੋਕ ਇਨ੍ਹਾਂ ਤਸਕਰਾਂ ਤੋਂ ਬਹੁਤ ਪ੍ਰੇਸ਼ਾਨ ਸਨ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਕਾਰਵਾਈ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕਰਦੇ ਹਨ।
ਭਲਕੇ ਜਲੰਧਰ 'ਚ ਲੱਗੇਗਾ ਲੰਬਾ Power Cut, ਬਿਜਲੀ ਵਿਭਾਗ ਨੇ ਦਿੱਤੀ ਜਾਣਕਾਰੀ
NEXT STORY