ਜਲੰਧਰ (ਵਰੁਣ)–ਜਵਾਲਾ ਨਗਰ ਮਕਸੂਦਾਂ ਦੇ ਟਰੈਵਲ ਏਜੰਟ ਨੇ ਅੰਮ੍ਰਿਤਸਰ ਨਿਵਾਸੀ ਵਿਅਕਤੀ ਨੂੰ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 4.95 ਲੱਖ ਰੁਪਏ ਠੱਗ ਲਏ। ਥਾਣਾ ਨੰਬਰ 1 ਵਿਚ ਜਾਂਚ ਤੋਂ ਬਾਅਦ ਐਸਪੀਰੇਸ਼ਨ ਕੰਸਲਟੈਂਟ ਦੇ ਮਾਲਕ ਰਾਜਦੀਪ ਸਿੰਘ ਗੋਤਰਾ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਨਿਊ ਜਵਾਲਾ ਨਗਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ 2021 ਵਿਚ ਕਿਸੇ ਜਾਣਕਾਰ ਰਾਹੀਂ ਉਹ ਰਾਜਦੀਪ ਸਿੰਘ ਨੂੰ ਮਿਲਿਆ ਸੀ। ਰਾਜਦੀਪ ਨੇ ਉਸ ਨੂੰ 12 ਲੱਖ ਰੁਪਏ ਵਿਚ ਪੁਰਤਗਾਲ ਭੇਜਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਹ ਅੱਧੇ ਪੈਸੇ ਪਹਿਲਾਂ ਲਵੇਗਾ ਅਤੇ ਬਾਕੀ ਦੇ ਪੈਸੇ ਬਾਅਦ ਵਿਚ ਦੇਣੇ ਹੋਣਗੇ। 17 ਜੁਲਾਈ 2022 ਨੂੰ ਉਸਨੇ ਐਗਰੀਮੈਂਟ ਕਰਕੇ ਏਜੰਟ ਰਾਜਦੀਪ ਸਿੰਘ ਨੂੰ 4.95 ਲੱਖ ਰੁਪਏ ਦੇ ਦਿੱਤੇ। ਰਾਜਦੀਪ ਨੇ ਉਸ ਨੂੰ ਭਰੋਸਾ ਦਿੱਤਾ ਕਿ ਪਹਿਲਾਂ ਉਸ ਨੂੰ ਗਰੀਸ ਭੇਜਿਆ ਜਾਵੇਗਾ ਅਤੇ ਉਥੋਂ ਪੁਰਤਗਾਲ ਦਾ ਵੀਜ਼ਾ ਦਿੱਤਾ ਜਾਵੇਗਾ। ਏਜੰਟ ਨੇ ਰਣਜੀਤ ਸਿੰਘ ਦੇ ਗਰੀਸ ਅੰਬੈਸੀ ਦਿੱਲੀ ਤੋਂ ਫਿੰਗਰ ਪ੍ਰਿੰਟ ਵੀ ਕਰਵਾ ਦਿੱਤੇ।
ਇਹ ਵੀ ਪੜ੍ਹੋ: ਜਲੰਧਰ ਵਿਖੇ ਦੀਵਾਲੀ ਦੇ ਮੱਦੇਨਜ਼ਰ ਮੈਡੀਕਲ ਸੁਪਰਡੈਂਟ ਡਾਕਟਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ
ਕੁਝ ਸਮੇਂ ਬਾਅਦ ਰਾਜਦੀਪ ਸਿੰਘ ਨੇ ਰਣਜੀਤ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਉਸ ਦਾ ਵੀਜ਼ਾ ਆ ਗਿਆ ਹੈ ਪਰ ਰਣਜੀਤ ਸਿੰਘ ਨੂੰ ਵੀਜ਼ਾ ਵਿਖਾਇਆ ਨਹੀਂ। ਉਹ ਬਾਕੀ ਪੈਸਿਆਂ ਦੀ ਮੰਗ ਕਰਨ ਲੱਗਾ ਪਰ ਰਣਜੀਤ ਸਿੰਘ ਨੂੰ ਸ਼ੱਕ ਹੋਇਆ ਤਾਂ ਉਸ ਨੇ ਵੀਜ਼ਾ ਵਿਖਾਉਣ ਨੂੰ ਕਿਹਾ। ਅਜਿਹੇ ਵਿਚ ਏਜੰਟ ਰਾਜਦੀਪ ਸਿੰਘ ਟਾਲ-ਮਟੋਲ ਕਰਨ ਲੱਗਾ ਅਤੇ ਬਾਅਦ ਵਿਚ ਕਹਿਣ ਲੱਗਾ ਕਿ ਉਸਦਾ ਵੀਜ਼ਾ ਐਕਸਪਾਇਰ ਹੋ ਚੁੱਕਾ ਹੈ। ਰਣਜੀਤ ਸਿੰਘ ਨੇ ਉਸ ਕੋਲੋਂ ਪੈਸੇ ਵਾਪਸ ਮੰਗੇ ਤਾਂ ਏਜੰਟ ਨੇ ਉਸਨੂੰ ਸਾਫ਼ ਮਨ੍ਹਾ ਕਰ ਦਿੱਤਾ। ਪੁਲਸ ਨੂੰ ਸ਼ਿਕਾਇਤ ਦੇਣ ਦੀ ਧਮਕੀ ਸੁਣ ਕੇ ਏਜੰਟ ਰਾਜਦੀਪ ਸਿੰਘ ਨੇ ਆਪਣੇ ਪਾਰਟਨਰ ਦੇ 2 ਚੈੱਕ ਦੇ ਦਿੱਤੇ, ਜਿਹੜੇ ਬਾਅਦ ਵਿਚ ਬਾਊਂਸ ਹੋ ਗਏ। ਦੁਬਾਰਾ ਪੈਸੇ ਮੰਗਣ ’ਤੇ ਏਜੰਟ ਰਾਜਦੀਪ ਨੂੰ ਧਮਕੀਆਂ ਦੇਣ ਲੱਗਾ।
ਪੀੜਤ ਰਣਜੀਤ ਸਿੰਘ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਐਂਟੀ-ਫਰਾਡ ਨੂੰ ਸੌਂਪੀ ਗਈ। ਐਂਟੀ-ਫਰਾਡ ਦੀ ਜਾਂਚ ਟੀਮ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਥਾਣਾ ਨੰਬਰ 1 ਵਿਚ ਏਜੰਟ ਰਾਜਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ। ਫਿਲਹਾਲ ਏਜੰਟ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਵਿਖੇ ਭੁਲੱਥ ਦੇ ਨੌਜਵਾਨ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਦੀਵਾਲੀ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਚੱਪੇ-ਚੱਪੇ ’ਤੇ ਤਾਇਨਾਤ ਰਹੇਗੀ ਪੁਲਸ: ਐੱਸ. ਐੱਸ. ਪੀ.
NEXT STORY