ਸੁਲਤਾਨਪੁਰ ਲੋਧੀ, (ਧੀਰ)- ਅੱਜ ਸਵੇਰੇ ਪੁਰਾਣੀ ਚੁੰਗੀ ਦੇ ਨਜ਼ਦੀਕ ਨਿਊ ਸੈਂਟਰਲ ਟਾਊਨ ਦੇ ਬਾਹਰ ਪਾਵਰਕਾਮ ਦੇ ਲੱਗੇ ਟ੍ਰਾਂਸਫਾਰਮਰ ਦੇ ਉੱਪਰ ਮਸ਼ਾਲ ਦੀ ਲੋ ਵਾਂਗ ਲੱਗੀ ਅੱਗ ਦੇ ਨਾਲ ਨਜ਼ਦੀਕ ਦੇ ਦੁਕਾਨਦਾਰਾਂ ’ਚ ਹਡ਼ਕੰਪ ਮਚ ਗਿਆ। ਜਿਨ੍ਹਾਂ ਤੁਰੰਤ ਪਾਵਰਕਾਮ ਨੂੰ ਸੂਚਿਤ ਕੀਤਾ। ਨਜ਼ਦੀਕ ਦੇ ਮੁਹੱਲਾ ਹਕੀਮਾਂ ਨਿਵਾਸੀ ਸੁਖਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਲਗਾਏ ਇਸ ਟ੍ਰਾਂਸਫਾਰਮਰ ’ਤੇ ਲੰਬੇ ਸਮੇਂ ਤੋਂ ਬਿਜਲੀ ਦੀਅਾਂ ਤਾਰਾਂ ਕੰਡਮ ਤੇ ਲੀਕ ਹੋਣ ਕਾਰਨ ਹਰ ਵੇਲੇ ਚਿੰਗਾਰੀ ਸੁਲਗਦੀ ਰਹਿੰਦੀ ਸੀ ਜਿਸ ਤਰਫ ਪਾਵਰਕਾਮ ਕਰਮਚਾਰੀਆਂ ਦਾ ਧਿਆਨ ਵੀ ਦਿਵਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਇਕ ਦਮ ਲੱਗੀ ਅੱਗ ਨਾਲ ਤਾਂ ਭਡ਼ਥੂ ਪੈ ਗਿਆ ਤੇ ਪਾਵਰਕਾਮ ਮੁਲਾਜ਼ਮਾਂ ਨੂੰ ਸੂਚਿਤ ਕਰਨ ’ਤੇ ਕੋਈ ਵੀ ਮੁਲਾਜ਼ਮ ਪਹਿਲਾਂ ਉਸ ਲੱਗੀ ਅੱਗ ਨੂੰ ਬੁਝਾਉਣ ਦਾ ਯਤਨ ਨਹੀਂ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀ ਇੱਕਠੇ ਹੋਣ ’ਤੇ ਸਾਰਿਅਾਂ ਨੇ ਮਿਲ ਕੇ ਅੱਗ ਨੂੰ ਕਾਬੂ ਕੀਤਾ। ਅੱਗ ਲੱਗਣ ਕਾਰਨ ਜਿਥੇ ਬਿਜਲੀ ਦੀ ਸਪਲਾਈ ਕਾਫੀ ਘੰਟੇ ਠੱਪ ਰਹੀ, ਉੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸੁਖਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਕ ਪਾਸੇ ਅਸੀਂ ਸਾਰੇ ਮਿਲ ਕੇ ਸ਼ਤਾਬਦੀ ਸਮਾਗਮ ਦੀਆਂ ਤਿਆਰੀਆਂ ਕਰ ਰਹੇ ਹਾਂ ਤੇ ਸਰਕਾਰ ਵੱਲੋਂ ਫੰਡ ਜਾਰੀ ਕਰਕੇ ਸ਼ਹਿਰ ਦੇ ਅੰਦਰੂਨੀ ਤੇ ਬਾਹਰਲੇ ਹਿੱਸਿਆਂ ’ਚ ਪਾਵਰਕਾਮ ਨੂੰ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਹੁਕਮ ਦਿੱਤੇ ਸਨ। ਪਾਵਰਕਾਮ ਵੱਲੋਂ ਪੂਰੇ ਸ਼ਹਿਰ ’ਚ ਲਮਕ ਰਹੀਆਂ ਤਾਰਾਂ ਨੂੰ ਬਦਲ ਕੇ ਸਾਰੀ ਵਿਵਸਥਾ ਨੂੰ ਪੂਰੀ ਤਰ੍ਹਾਂ ਠੀਕ ਕਰਨ ਦੇ ਦਾਅਵੇ ਵੀ ਕੀਤੇ ਜਾ ਰਹੇ ਸਨ ਤੇ ਲਾਈਨਾਂ ਨੂੰ ਠੀਕ ਕਰਨ ਲਈ ਕਈ-ਕਈ ਘੰਟੇ ਦੇ ਬਿਜਲੀ ਦੇ ਕੱਟ ਵੀ ਸ਼ਹਿਰ ਨਿਵਾਸੀਆਂ ਨੂੰ ਝੱਲਣੇ ਪੈ ਰਹੇ ਸਨ। ਇਸ ਸਬੰਧੀ ਪਾਵਰਕਾਮ ਦੇ ਜੇ. ਈ. ਇੰਜੀ. ਜਸਵੀਰ ਸਿੰਘ ਦਾ ਕਹਿਣਾ ਹੈ ਕਿ ਧੁੰਦ ਦੇ ਮੌਸਮ ’ਚ ਆਮ ਤੌਰ ’ਤੇ ਤਾਰਾਂ ਜੁਡ਼ ਜਾਣ ਕਾਰਨ ਸਪਾਰਕ ਕਰਨ ਲੱਗ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਪਾਵਰਕਾਮ ਮੁਲਾਜ਼ਮਾਂ ਨੇ ਪਹੁੰਚ ਕੇ ਮੁਸ਼ਕਲ ਨੂੰ ਹੱਲ ਕਰ ਦਿੱਤਾ ਹੈ।
ਗੈਸ ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਅੱਗ
NEXT STORY