ਹੁਸ਼ਿਆਰਪੁਰ, (ਅਸ਼ਵਨੀ)- ਬੀਤੀ 3 ਜਨਵਰੀ ਦੀ ਰਾਤ ਨੂੰ ਚੌਹਾਲ ਵਿਖੇ ਸਥਿਤ ਰਾਇਲ ਪਲਾਜ਼ਾ ਹੋਟਲ ’ਚ ਹੋਏ ਝਗਡ਼ੇ ਦੀ ਘਟਨਾ ਸਬੰਧੀ ਪੰਜਾਬ ਪੁਲਸ ਅਕੈਡਮੀ ਫਿਲੌਰ ਦੇ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ ਨਰੇਸ਼ ਡੋਗਰਾ ਦੀ ਸ਼ਿਕਾਇਤ ’ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ’ਚ ਦਰਜ ਕੇਸ ਦੇ 2 ਦੋਸ਼ੀਆਂ ਨੇ ਅੱਜ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਸਾਹਮਣੇ ਆਤਮ-ਸਮਰਪਣ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਸਿਟ ਦੇ ਮੈਂਬਰ ਅਤੇ ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਨਰੇਸ਼ ਡੋਗਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਸੀ ਕਿ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਆਪਣੇ ਲਡ਼ਕੇ ਨੂੰ ਕੈਨੇਡਾ ਦਾ ਵੀਜ਼ਾ ਮਿਲਣ ਦੀ ਖੁਸ਼ੀ ’ਚ ਉਨ੍ਹਾਂ ਨੂੰ ਹੋਟਲ ਰਾਇਲ ਪਲਾਜ਼ਾ ’ਚ ਡਿਨਰ ’ਤੇ ਬੁਲਾਇਆ ਸੀ। ਉਹ ਆਪਣੇ ਗੰਨਮੈਨਾਂ ਨਾਲ ਪਾਰਟੀ ’ਚ ਗਏ ਸਨ। ਜਦੋਂ ਉਹ ਪਾਰਟੀ ਤੋਂ ਵਾਪਸ ਆਉਣ ਲੱਗੇ ਤਾਂ ਵਿਸ਼ਵਾਨਾਥ ਬੰਟੀ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਮਨਜੀਤ ਸਿੰਘ ਨਾਲ ਕੁੱਟ-ਮਾਰ ਕੀਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ।
ਐੱਸ. ਐੱਸ. ਪੀ. ਨੇ ਕੀਤਾ ਸੀ ਸਿਟ ਦਾ ਗਠਨ
ਇਸ ਘਟਨਾ ਦੀ ਜਾਂਚ ਲਈ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦਾ ਗਠਨ ਐੱਸ. ਪੀ. ਹੈੱਡਕੁਆਰਟਰ ਬਲਵੀਰ ਸਿੰਘ ਭੱਟੀ ਦੀ ਅਗਵਾਈ ’ਚ ਕੀਤਾ ਸੀ। ਡੀ. ਐੱਸ. ਪੀ. (ਸਿਟੀ) ਅਨਿਲ ਕੁਮਾਰ ਕੋਹਲੀ ਅਤੇ ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ ਲੱਦਡ਼ ਨੂੰ ਸਿਟ ਦਾ ਮੈਂਬਰ ਬਣਾਇਆ ਗਿਆ ਸੀ। ਸਿਟੀ ਪੁਲਸ ਵੱਲੋਂ ਬਣਾਏ ਗਏ ਦਬਾਅ ਤੇ ਛਾਪਾਮਾਰੀ ਸਦਕਾ ਅੱਜ ਇਸ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ’ਚੋਂ 2 ਨਵਾਬ ਹੁਸੈਨ ਪੁੱਤਰ ਅਲੀ ਹੁਸੈਨ ਵਾਸੀ ਚਡਿਆਲ ਥਾਣਾ ਬੁੱਲ੍ਹੋਵਾਲ, ਹਾਲ ਵਾਸੀ ਐੱਸ. ਏ. ਐੱਸ. ਨਗਰ ਹੁਸ਼ਿਆਰਪੁਰ ਅਤੇ ਅਜੈ ਉਰਫ ਗਾਂਧੀ ਪੁੱਤਰ ਜੋਗਿੰਦਰ ਸਿੰਘ ਰਾਣਾ ਵਾਸੀ ਪਿੰਡ ਬਡਲਾ ਥਾਣਾ ਦਸੂਹਾ ਨੇ ਸਿਟ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਐ ਛਾਪੇਮਾਰੀ
ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਲੋਡ਼ੀਂਦੇ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੋਸ਼ੀਆਂ ਦਾ 16 ਜਨਵਰੀ ਤੱਕ ਮਿਲਿਆ ਪੁਲਸ ਰਿਮਾਂਡ
ਦੋਵਾਂ ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਪੁਲਸ ਨੇ ਅਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਸ਼੍ਰੀ ਮੋਨਿਕਾ ਸ਼ਰਮਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ 16 ਜਨਵਰੀ ਤੱਕ ਉਨ੍ਹਾਂ ਦਾ ਪੁਲਸ ਰਿਮਾਂਡ ਦੇ ਦਿੱਤਾ।
ਅੱਜ ਅਖਿਲੇਸ਼ ਤੇ ਮਾਇਆਵਤੀ ਕਰਨਗੇ ਪ੍ਰੈਸ ਕਾਨਫਰੰਸ (ਪੜ੍ਹੋ 12 ਜਨਵਰੀ ਦੀਆਂ ਖਾਸ ਖਬਰਾਂ)
NEXT STORY