ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪੰਜਾਬੀ ਫ਼ਿਲਮ ‘ਪੁਆੜਾ’ ਦਾ ਪਹਿਲਾ ਗੀਤ ‘ਆਏ ਹਾਏ ਜੱਟੀਏ’ ਰਿਲੀਜ਼ ਹੋਇਆ ਹੈ। ਇਹ ਗੀਤ ਰਿਲੀਜ਼ ਹੁੰਦਿਆਂ ਹੀ ਯੂਟਿਊਬ ਦੀ ਟਰੈਂਡਿੰਗ ਲਿਸਟ ’ਚ ਸ਼ਾਮਲ ਹੋ ਗਿਆ ਹੈ। ਗੀਤ ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ 28ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ, ਜਿਸ ਨੂੰ 3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
‘ਆਏ ਹਾਏ ਜੱਟੀਏ’ ਇਕ ਭੰਗੜਾ ਗੀਤ ਹੈ, ਜਿਸ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਪਿਆਰੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਗੀਤ ਦੀ ਲੋਕੇਸ਼ਨ ਕਾਲਜ ਦੀ ਹੈ। ਇਸ ਗੀਤ ਨੂੰ ਆਵਾਜ਼ ਵੀ ਐਮੀ ਵਿਰਕ ਨੇ ਦਿੱਤੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਵੀ. ਰੈਕਸ ਮਿਊਜ਼ਿਕ ਨੇ ਦਿੱਤਾ ਹੈ। ਗੀਤ ਯੂਟਿਊਬ ’ਤੇ ਜ਼ੀ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।
ਉਥੇ ਫ਼ਿਲਮ ਦੀ ਗੱਲ ਕਰੀਏ ਤਾਂ ਟਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਇਕ ਰੋਮਾਂਟਿਕ-ਕਾਮੇਡੀ ਡਰਾਮਾ ਫ਼ਿਲਮ ਹੋਣ ਵਾਲੀ ਹੈ। ਫ਼ਿਲਮ ਦੇ ਟਰੇਲਰ ’ਚ ਜਿਥੇ ਐਮੀ ਵਿਰਕ ਤੇ ਸੋਨਮ ਬਾਜਵਾ ਇਕੱਠੇ ਜਚ ਰਹੇ ਹਨ, ਉਥੇ ਸਾਥੀ ਕਲਾਕਾਰ ਵੀ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਰਹੇ ਹਨ। ਫ਼ਿਲਮ ’ਚ ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਮਿੰਟੂ ਕਾਪਾ ਤੇ ਹਨੀ ਮੱਟੂ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਦੇ ਡਾਇਰੈਕਟਰ ਰੁਪਿੰਦਰ ਚਾਹਲ ਹਨ, ਜਿਸ ਨੂੰ ਪ੍ਰੋਡਿਊਸ ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਤੇ ਬਲਵਿੰਦਰ ਸਿੰਘ ਜੰਜੂਆ ਨੇ ਕੀਤਾ ਹੈ ਤੇ ਇਸ ਦੇ ਕੋ-ਪ੍ਰੋਡਿਊਸਰ ਆਦਿਤਿਆ ਸ਼ਾਸਤਰੀ ਹਨ।
ਕਾਮੇਡੀ ਨਾਲ ਭਰਪੂਰ ‘ਪੁਆੜਾ’ ਫ਼ਿਲਮ ਜ਼ੀ ਸਟੂਡੀਓਜ਼ ਤੇ ਏ ਐਂਡ ਏ ਪਿਕਚਰਜ਼ ਦੀ ਪੇਸ਼ਕਸ਼ ਹੈ ਤੇ ਪ੍ਰੋਡਕਸ਼ਨ ਬ੍ਰੈਟ ਫ਼ਿਲਮਜ਼ ਦੀ ਹੈ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਾਹਲ ਤੇ ਅਨਿਲ ਰੋਧਾਨ ਨੇ ਲਿਖਿਆ ਹੈ, ਜਦਕਿ ਐਡੀਸ਼ਨਲ ਸਕ੍ਰੀਨਪਲੇਅ ਤੇ ਡਾਇਲਾਗਸ ਰਾਕੇਸ਼ ਧਵਨ ਦੇ ਹਨ। ਫ਼ਿਲਮ ਦਾ ਸੰਗੀਤ ਵੀ. ਰੈਕਸ ਮਿਊਜ਼ਿਕ ਨੇ ਤਿਆਰ ਕੀਤਾ ਹੈ ਤੇ ਇਸ ਦੇ ਗੀਤ ਹੈਪੀ ਰਾਏਕੋਟੀ ਤੇ ਹਰਮਨਜੀਤ ਨੇ ਲਿਖੇ ਹਨ। ਦੁਨੀਆ ਭਰ ’ਚ ‘ਪੁਆੜਾ’ ਫ਼ਿਲਮ 2 ਅਪ੍ਰੈਲ, 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ‘ਆਏ ਹਾਏ ਜੱਟੀਏ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।
ਮਹਿਲਾਵਾਂ ਦੇ ਕੱਪੜਿਆਂ ’ਤੇ ਟਿੱਪਣੀ ਕਰਨ ਵਾਲੇ CM ਦੀ ਧੀ ਨੇ ਪਾਈ ਫਟੀ ਜੀਨਸ, ਵੇਖੋ ਵਾਇਰਲ ਤਸਵੀਰਾਂ ਦਾ ਸੱਚ
NEXT STORY