ਮੁੰਬਈ- ਰੋਮਾਂਟਿਕ-ਕਾਮੇਡੀ ਜਾਨਰ ਵਿਚ ਆਪਣੀ ਤਾਜ਼ਗੀ ਅਤੇ ਨੈਚੁਰਲ ਸਕ੍ਰੀਨ ਪ੍ਰੈਜੈਂਸ ਲਈ ਪਛਾਣੀ ਜਾਣ ਵਾਲੀ ਰਕੁਲਪ੍ਰੀਤ ਸਿੰਘ ਇਕ ਵਾਰ ਫਿਰ ਵੱਡੇ ਪਰਦੇ ’ਤੇ ‘ਦੇ ਦੇ ਪਿਆਰ ਦੇ-2’ ਨਾਲ ਵਾਪਸ ਆਈ ਹੈ। ਫਿਲਮ 14 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ। ਪਹਿਲੀ ਫਿਲਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਦਰਸ਼ਕ ਇਸ ਸੀਕੁਅਲ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਅਜੈ ਦੇਵਗਨ, ਆਰ. ਮਾਧਵਨ ਅਤੇ ਰਕੁਲਪ੍ਰੀਤ ਸਿੰਘ ਦੀ ਇਹ ਫਿਲਮ ਰਿਸ਼ਤਿਆਂ, ਹਾਸੇ ਅਤੇ ਇਮੋਸ਼ਨਜ਼ ਦਾ ਨਵਾਂ ਮਿਸ਼ਰਣ ਪੇਸ਼ ਕਰਦੀ ਹੈ। ਫਿਲਮ ਵਿਚ ਰਕੁਲਪ੍ਰੀਤ ਨੇ ਪਹਿਲੀ ਵਾਰ ਮੀਜ਼ਾਨ ਜਾਫਰੀ ਨਾਲ ਸਕ੍ਰੀਨ ਸਾਂਝੀ ਕੀਤੀ ਹੈ। ਫਿਲਮ ਨੂੰ ਅੰਸ਼ੁਲ ਸ਼ਰਮਾ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਬਾਰੇ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ਫਿਲਮ ਨੂੰ ਜੋ ਹੁੰਗਾਰਾ ਮਿਲ ਰਿਹਾ ਹੈ, ਉਹ ਦੇਖ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ?
ਬਹੁਤ ਟਾਈਮ ਬਾਅਦ ਕੋਈ ਅਜਿਹੀ ਫਿਲਮ ਆਈ ਹੈ, ਜਿਸ ਨੂੰ ਤੁਸੀਂ ਪਰਿਵਾਰ ਨਾਲ ਜਾ ਕੇ ਦੇਖ ਸਕਦੇ ਹੋ ਤੇ ਹੱਸ ਕੇ ਆ ਸਕਦੇ ਹੋ ਅਤੇ ਤੁਸੀਂ ਖ਼ੁਦ ਨੂੰ ਇਸ ਨਾਲ ਕੁਨੈਕਟ ਵੀ ਕਰ ਸਕਦੇ ਹੋ ਕਿ ਅਜਿਹੇ ਹਾਲਾਤ ’ਚ ਮਾਪੇ ਤੇ ਲੋਕ ਕਿਵੇਂ ਪ੍ਰਤੀਕਿਰਿਆ ਕਰਦੇ ਹਨ। ਫਿਰ ਜਦੋਂ ਫਿਲਮ ਨੂੰ ਸਲਾਹਿਆ ਜਾਂਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਤੁਹਾਡੀ ਇੰਨੇ ਮਹੀਨਿਆਂ ਦੀ ਮਿਹਨਤ ਸਫ਼ਲ ਹੋ ਗਈ ਹੈ। ਆਇਸ਼ਾ ਦੇ ਕਿਰਦਾਰ ਅਤੇ ਮੈਨੂੰ ਜਿੰਨਾ ਪਿਆਰ ਮਿਲ ਰਿਹਾ ਹੈ, ਉਹ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ।
ਪ੍ਰ. ਕੋਈ ਅਜਿਹੀ ਪ੍ਰਤੀਕਿਰਿਆ ਜਾਂ ਕੁਮੈਂਟ ਮਿਲਿਆ ਜੋ ਤੁਸੀਂ ਸੋਚਿਆ ਵੀ ਨਾ ਹੋਵੇ?
ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਹਨ। ਸਭ ਤੋਂ ਚੰਗਾ ਤਾਂ ਇਹ ਲੱਗਿਆ ਕਿ ਮੇਰਾ ਗ੍ਰਾਫ ਕਿਤੇ ਡਿੱਗਿਆ ਨਹੀਂ ਕਿਉਂਕਿ ਇਹ ਕੋਈ ਆਸਾਨ ਰੋਲ ਨਹੀਂ ਹੈ। ਲੋਕ ਕਹਿ ਰਹੇ ਹਨ ਕਿ ਮੈਂ ਪੂਰੀ ਫਿਲਮ ਕਿਰਦਾਰ ਨੂੰ ਬਹੁਤ ਚੰਗੀ ਤਰ੍ਹਾਂ ਫੜ ਕੇ ਰੱਖਿਆ ਹੈ। ਜਦੋਂ ਅਜਿਹੀਆਂ ਚੀਜਾਂ ਲੋਕ ਬੋਲਦੇ ਹਨ ਤਾਂ ਬਹੁਤ ਸੰਤੁਸ਼ਟੀ ਮਿਲਦੀ ਹੈ, ਬਹੁਤ ਚੰਗਾ ਮਹਿਸੂਸ ਹੁੰਦਾ ਹੈ, ਖ਼ੁਸ਼ੀ ਮਿਲਦੀ ਹੈ ਕਿਉਂਕਿ ਅਜਿਹਾ ਮਹਿਸੂਸ ਹੋਣ ਲੱਗਦਾ ਹੈ ਕਿ ਮਿਹਨਤ ਸਫ਼ਲ ਹੋ ਗਈ। ਮੈਂ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ, ਪਹਿਲਾਂ ਤਾਂ ਕਿ ਮੈਨੂੰ ਅਜਿਹਾ ਰੋਲ ਮਿਲਿਆ ਤੇ ਦੂਜਾ ਜੋ ਅਜਿਹਾ ਪਿਆਰ ਮਿਲ ਰਿਹਾ ਹੈ।
ਪ੍ਰ. ਜਦੋਂ ਵੀ ਕਿਸੇ ਫਿਲਮ ਦਾ ਸੀਕੁਅਲ ਆਉਂਦਾ ਹੈ ਤਾਂ ਦਰਸ਼ਕਾਂ ਦੀਆਂ ਉਮੀਦਾਂ ਵੀ ਵਧ ਜਾਂਦੀਆਂ ਹਨ ਤਾਂ ਸ਼ੂਟਿੰਗ ਦੌਰਾਨ ਦਿਮਾਗ਼ ’ਚ ਅਜਿਹਾ ਕੁਝ ਸੀ?
ਅਸੀਂ ਤਾਂ ਫਿਰ ਵੀ ਐਕਟਰ ਹਾਂ, ਪ੍ਰੈਸ਼ਰ ਤਾਂ ਜ਼ਿਆਦਾ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਫੀਲ ਹੁੰਦਾ ਹੈ। ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇੰਨਾ ਸੋਚਣ ਲੱਗ ਜਾਓਗੇ ਤਾਂ ਤੁਸੀਂ ਕਦੇ ਆਪਣੇ ਸੀਨ ਜਾ ਆਪਣੇ ਇਮੋਸ਼ਨ ’ਤੇ ਫੋਕਸ ਨਹੀਂ ਕਰ ਸਕੋਗੇ। ਮੈਂ ਐਕਟਰ ਹਾਂ ਤਾਂ ਮੇਰਾ ਇਹ ਫ਼ਰਜ਼ ਹੈ ਕਿ ਮੈਂ ਉਹ ਸੀਨ ਚੰਗੀ ਤਰ੍ਹਾਂ ਕਰਨਾ ਹੈ ਅਤੇ ਉਸ ’ਤੇ ਹੀ ਧਿਆਨ ਕੇਂਦਰਿਤ ਰੱਖਣਾ ਹੈ। ਉਸ ਨੂੰ ਪੂਰਾ ਕਰਨਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਭੁੱਲ ਜਾਣਾ ਹੈ।
ਪ੍ਰ. ਆਫ ਸਕ੍ਰੀਨ ਕਿਹੋ ਜਿਹਾ ਮਾਹੌਲ ਹੁੰਦਾ ਸੀ?
ਆਨ ਸਕ੍ਰੀਨ ਕੈਮਿਸਟਰੀ ਸ਼ਾਇਦ ਇਸ ਲਈ ਹੈ ਕਿਉਂਕਿ ਅਜੈ ਦੇਵਗਨ ਅਤੇ ਆਰ. ਮਾਧਵਨ ਬਹੁਤ ਹੀ ਗਿਵਿੰਗ ਐਕਟਰ ਤੇ ਸ਼ਾਨਦਾਰ ਕੋ-ਐਕਟਰ ਹਨ ਕਿਉਂਕਿ ਜੇ ਉਹ ਤੁਹਾਨੂੰ ਕਮਫਰਟੇਬਲ ਫੀਲ ਨਹੀਂ ਕਰਵਾਉਣਗੇ ਤਾਂ ਤੁਹਾਡੀ ਪਰਫਾਰਮੈਂਸ ਵੀ ਚੰਗੀ ਨਹੀਂ ਆ ਸਕਦੀ। ਰਹੀ ਗੱਲ ਆਫ ਸਕ੍ਰੀਨ ਦੀ ਤਾਂ ਮੈਂ ਦੋਵਾਂ ਦੀ ਬਹੁਤ ਇੱਜ਼ਤ ਕਰਦੀ ਹਾਂ। ਸਿਰਫ਼ ਇਸ ਲਈ ਨਹੀਂ ਕਿ ਉਹ ਸੈੱਟ ’ਤੇ ਚੰਗੀ ਤਰ੍ਹਾਂ ਰਹਿੰਦੇ ਹਨ ਬਲਕਿ ਇਸ ਲਈ ਕਿਉਂਕਿ ਉਹ ਸ਼ੂਟਿੰਗ ਦਾ ਮਾਹੌਲ ਬਹੁਤ ਹੀ ਚੰਗਾ ਤੇ ਵੈੱਲਕਮਿੰਗ ਬਣਾ ਕੇ ਰੱਖਦੇ ਹਨ। ਉਹ ਦੋਵੇਂ ਹੀ ਇੰਨੇ ਵੱਡੇ ਐਕਟਰ ਹਨ ਪਰ ਉਨ੍ਹਾਂ ਵਿਚ ਹੰਕਾਰ ਬਿਲਕੁਲ ਵੀ ਨਹੀਂ ਹੈ। ਇਹ ਹਮੇਸ਼ਾ ਦੂਜੇ ਐਕਟਰ ਨੂੰ ਹਰ ਚੀਜ਼ ਵਿਚ ਸਮਝਦੇ ਹਨ। ਸ਼ੂਟਿੰਗ ਤੋਂ ਬਾਅਦ ਵੈਸੇ ਵੀ ਅਸੀਂ ਤਿੰਨੋਂ ਫਿਟਨੈੱਸ, ਹੈਲਥੀ ਖਾਣ-ਪੀਣ ਅਤੇ ਵਰਕਆਊਟ ਦੀਆਂ ਹੀ ਗੱਲਾਂ ਕਰਦੇ ਸੀ।
ਪ੍ਰ. ‘3 ਸ਼ੌਕ’ ਗਾਣਾ ਬਹੁਤ ਟ੍ਰੈਂਡ ਕਰ ਰਿਹਾ ਹੈ, ਇਸ ’ਚ ਬਹੁਤ ਐਨਰਜੀ ਵੀ ਦਿਸ ਰਹੀ ਹੈ ਤਾਂ ਸ਼ੂਟਿੰਗ ਵਿਚ ਕਿੰਨਾ ਟਾਈਮ ਲੱਗਿਆ?
4-5 ਦਿਨ ਤਾਂ ਲੱਗ ਹੀ ਗਏ ਸੀ ਇਸ ਗਾਣੇ ਨੂੰ ਸ਼ੂਟ ਕਰਨ ’ਚ ਪਰ ਇਕ ਗੱਲ ਹੈ ਇਸ ਗਾਣੇ ਵਿਚ ਸ਼ੂਟ ਕਰਦੇ ਸਮੇਂ ਸਾਡੀ ਐਨਰਜੀ ਬਹੁਤ ਹਾਈ ਸੀ ਅਤੇ ਤਾਪਮਾਨ ਵੀ 45 ਡਿਗਰੀ ਸੀ। ਇੰਨੀ ਗਰਮੀ ਸੀ ਕਿ ਜਿਵੇਂ ਹੀ ਅਸੀਂ ਟੱਚਅਪ ਕਰਦੇ ਸੀ, ਐਕਸ਼ਨ ਤੱਕ ਪਸੀਨਾ ਆ ਜਾਂਦਾ ਸੀ। ਅਸੀਂ ਕਿਵੇਂ ਉਹ ਗਾਣਾ ਸ਼ੂਟ ਕੀਤਾ ਇਸ ਗਰਮੀ ’ਚ ਉਹ ਸਾਨੂੰ ਹੀ ਪਤਾ ਹੈ। ਕਲਾਈਮੇਟ ਕੰਡੀਸ਼ਨ ਕਾਰਨ ਤਾਂ ਅਸੀਂ ਬਹੁਤ ਪ੍ਰੇਸ਼ਾਨ ਹੋਏ ਪਰ ਗਾਣਾ ਇੰਨਾ ਮਜ਼ੇਦਾਰ ਹੈ ਅਤੇ ਉੱਪਰੋਂ ਪੂਰਾ ਪਰਿਵਾਰ ਇਕੱਠਾ ਹੈ, ਸਭ ਮਜ਼ੇ ਕਰ ਰਹੇ ਹਨ ਤਾਂ ਇਸ ਵਿਚ ਮਜ਼ਾ ਬਹੁਤ ਆਇਆ ਸੀ।
ਪ੍ਰ. ਜੇ ਤੁਹਾਨੂੰ ਮੌਕਾ ਮਿਲੇ ਤੁਹਾਡੇ ਕਿਰਦਾਰ ਆਇਸ਼ਾ ਦਾ ਕੋਈ ਫ਼ੈਸਲਾ ਬਦਲਣ ਦਾ ਤਾਂ ਤੁਸੀਂ ਉਨ੍ਹਾਂ ਦਾ ਕਿਹੜਾ ਫ਼ੈਸਲਾ ਬਦਲੋਗੇ?
ਮੈਨੂੰ ਲੱਗਦਾ ਹੈ ਕਿ ਆਇਸ਼ਾ ਅਤੇ ਰਕੁਲ ਇਕ-ਦੂਜੇ ਨਹੀਂ ਜਾਣਦੇ ਤਾਂ ਇਕ-ਦੂਜੇ ਨੂੰ ਕੁਝ ਨਾ ਹੀ ਬੋਲਣ ਤਾਂ ਬਿਹਤਰ ਹੈ। ਆਇਸ਼ਾ ਅਤੇ ਰਕੁਲ ਦੋਵੇਂ ਬਹੁਤ ਅਲੱਗ ਹਨ। ਆਇਸ਼ਾ ਬਹੁਤ ਸਟ੍ਰਾਂਗ ਮਾਈਂਡਡ ਹੈ ਆਪਣੇ ਹਿਸਾਬ ਨਾਲ ਬਿਲਕੁਲ ਠੀਕ ਹੈ ਅਤੇ ਮੈਨੂੰ ਲੱਗਦਾ ਹੈ ਕਿ ਆਇਸ਼ਾ ਅਤੇ ਮੇਰੇ ਅੰਦਰ ਇਕ ਹੀ ਸਮਾਨਤਾ ਹੈ ਕਿ ਅਸੀਂ ਦੋਵੇਂ ਹੈੱਡ ਸਟ੍ਰਾਂਗ ਹਾਂ ਪਰ ਮੈਂ ਆਇਸ਼ਾ ਜਿੰਨੀ ਸਟ੍ਰਾਂਗ ਲੜਕੀ ਨਹੀਂ ਹਾਂ।
ਪ੍ਰ. ‘ਦੇ ਦੇ ਪਿਆਰ ਦੇ-1’ ਅਤੇ 2 ਦੋਵਾਂ ਨੂੰ ਹੀ ਇੰਨਾ ਪਿਆਰ ਮਿਲ ਰਿਹਾ ਹੈ ਤਾਂ ਕੀ ਹੁਣ ਦਰਸ਼ਕ ਤੀਜੇ ਸੀਕੁਅਲ ਦਾ ਵੀ ਇੰਤਜ਼ਾਰ ਸ਼ੁਰੂ ਕਰ ਦੇਣ?
ਇਹ ਤਾਂ ਅਸੀਂ ਓਪਨ ਐਂਡ ਛੱਡ ਦਿੱਤਾ ਹੈ। ਮੈਂ ਤਾਂ ਦਰਸ਼ਕਾਂ ਨੂੰ ਇਹੀ ਕਹਾਂਗੀ ਕਿ ਤੁਸੀਂ ‘ਦੇ ਦੇ ਪਿਆਰ ਦੇ-2’ ਨੂੰ ਹੀ ਇੰਨਾ ਪਿਆਰ ਦੇਵੋ ਕਿ ਤੀਜੀ ਬਣਾਉਣੀ ਪੈ ਹੀ ਜਾਵੇ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਦਿਖਾਈ ਆਪਣੇ ਨੰਨ੍ਹੇ ਪੁੱਤ ਦੀ ਝਲਕ, ਜਾਣੋ ਕੀ ਰੱਖਿਆ ਨਾਂ
NEXT STORY