ਚੰਡੀਗੜ੍ਹ (ਬਿਊਰੋ)– ਅਦਾਕਾਰ ਮਿਥੁਨ ਚੱਕਰਵਰਤੀ ਦੇ ਪੁੱਤਰ ਨਮਾਸ਼ੀ ਚੱਕਰਵਰਤੀ ਛੇਤੀ ਹੀ ਰੋਮਾਂਟਿਕ ਡਰਾਮਾ ਫ਼ਿਲਮ ‘ਬੈਡ ਬੁਆਏ’ ਦੇ ਜ਼ਰੀਏ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੇ ਹਨ। ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ਦੇ ਟਰੇਲਰ ਨੂੰ ਕਾਫ਼ੀ ਪਾਜ਼ੇਟਿਵ ਪ੍ਰਤੀਕਿਰਿਆ ਮਿਲ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਫ਼ਿਲਮ ’ਚ ਨਮਾਸ਼ੀ ਚੱਕਰਵਰਤੀ ਤੋਂ ਇਲਾਵਾ ਅਮਰੀਨ ਕੁਰੈਸ਼ੀ, ਜੌਨੀ ਲੀਵਰ, ਰਾਜਪਾਲ ਯਾਦਵ, ਰਾਜੇਸ਼ ਸ਼ਰਮਾ, ਸਾਸਵਤਾ ਚੈਟਰਜੀ ਤੇ ਦਰਸ਼ਨ ਜ਼ਰੀਵਾਲਾ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ‘ਬੈਡ ਬੁਆਏ’ 28 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ। ਇਸ ਬਾਰੇ ਨਮਾਸ਼ੀ ਤੇ ਅਮਰੀਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।
ਨਮਾਸ਼ੀ ਚੱਕਰਵਰਤੀ
ਫ਼ਿਲਮ ਦਾ ਟਾਈਟਲ ‘ਬੈਡ ਬੁਆਏ’ ਹੀ ਕਿਉਂ ਰੱਖਿਆ ਗਿਆ ਹੈ?
ਜਿਸ ਸਮੇਂ ਮੈਨੂੰ ਇਹ ਫ਼ਿਲਮ ਮਿਲੀ, ਉਸ ਸਮੇਂ ਕੰਮ ਮਿਲ ਜਾਣਾ ਹੀ ਵੱਡੀ ਗੱਲ ਸੀ। ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਫ਼ਿਲਮ ’ਚ ਮੈਨੂੰ ਸਾਜਿਦ ਕੁਰੈਸ਼ੀ ਤੇ ਰਾਜਕੁਮਾਰ ਸੰਤੋਸ਼ੀ ਸਰ ਨੇ ਲਾਂਚ ਕੀਤਾ ਹੈ ਤਾਂ ਇਸ ਦਾ ਟਾਈਟਲ ਜੇਕਰ ਟਾਇਲੇਟ ਬੁਆਏ ਵੀ ਹੁੰਦਾ ਤਾਂ ਵੀ ਕਰ ਲੈਂਦਾ। ਨਾਮ ਭਾਵੇਂ ਕੁਝ ਵੀ ਹੋਵੇ, ਫਰਕ ਨਹੀਂ ਪੈਂਦਾ, ਮੈਨੂੰ ਕੰਮ ਨਾਲ ਮਤਲਬ ਹੈ। ਮੇਰੇ ਪਿਤਾ ਦੀ ਪਹਿਲੀ ਫ਼ਿਲਮ ਦਾ ਨਾਮ ਸੀ ‘ਮ੍ਰਗਿਆ’, ਇਸ ਬਾਰੇ ਵੀ ਕੁਝ ਨਹੀਂ ਪਤਾ ਸੀ। ਇਸ ਦੇ ਮੁਕਾਬਲੇ ‘ਬੈਡ ਬੁਆਏ’ ਤਾਂ ਫਿਰ ਵੀ ਕਾਫ਼ੀ ਮਾਰਡਨ ਤੇ ਟਰੈਂਡੀ ਲੱਗਦਾ ਹੈ। ਜਦੋਂ ਤੁਸੀਂ ਫ਼ਿਲਮ ਵੇਖੋਗੇ ਤਾਂ ਤੁਹਾਨੂੰ ਖ਼ੁਦ ਪਤਾ ਲੱਗ ਜਾਵੇਗਾ ਕਿ ਇਸ ਦਾ ਨਾਮ ‘ਬੈਡ ਬੁਆਏ’ ਕਿਉਂ ਰੱਖਿਆ ਗਿਆ। ਇਸ ਤੋਂ ਇਲਾਵਾ ਇਹ ਨਾਮ ਕਾਫ਼ੀ ਨਵਾਂ ਹੈ। ਲੋਕਾਂ ਦੇ ਦਿਮਾਗ ’ਚ ਬੈਠ ਰਿਹਾ ਹੈ, ਉਨ੍ਹਾਂ ਨਾਲ ਕਨੈਕਟ ਹੋ ਰਿਹਾ ਹੈ।
ਤੁਹਾਨੂੰ ਆਪਣੀ ਜ਼ਿੰਦਗੀ ਦੀ ਕਿਸ ਸਟੇਜ ’ਤੇ ਪਤਾ ਲੱਗਾ ਕਿ ਤੁਸੀਂ ਐਕਟਰ ਬਣਨਾ ਚਾਹੁੰਦੇ ਹੋ?
4 ਸਤੰਬਰ, 1992 ਨੂੰ ਇਹ ਕੀੜਾ ਮੇਰੇ ਅੰਦਰ ਆ ਗਿਆ ਸੀ। ਇਹ ਮੇਰਾ ਡੇਟ ਆਫ ਬਰਥ ਹੈ, ਜਿਸ ਦਿਨ ਪੈਦਾ ਹੋਇਆ ਸੀ, ਉਦੋਂ ਤੋਂ ਇਹ ਜੱਦੋ-ਜਹਿਦ ਚੱਲ ਰਹੀ ਹੈ। ਫਾਇਨਲੀ ਮੇਰਾ ਸੁਪਨਾ ਸੱਚ ਹੋਣ ਵਾਲਾ ਹੈ। ਮੈਂ ਬਚਪਨ ਤੋਂ ਹੀ ਫ਼ੈਸਲਾ ਕਰ ਲਿਆ ਸੀ ਕਿ ਐਕਟਰ ਬਣਾਂਗਾ। ਮੇਰੇ ਪਰਿਵਾਰ ਨੇ ਮੈਨੂੰ ਸਿਰਫ ਇੰਨਾ ਕਿਹਾ ਸੀ ਕਿ ਅਜੋਕੇ ਸਮੇਂ ’ਚ ਜੋ ਇੰਡਸਟਰੀ ਹੈ, ਉਸ ’ਚ ਖ਼ੁਦ ਨੂੰ ਸਾਬਿਤ ਕਰਨਾ ਬਹੁਤ ਮੁਸ਼ਕਿਲ ਹੈ, ਇਸ ਲਈ ਆਪਣੇ ਕੰਮ ਨੂੰ 100 ਫ਼ੀਸਦੀ ਦਿਓ ਤੇ ਜੋ ਵੀ ਕੰਮ ਆਵੇ, ਲੈ ਲਓ। ਮੇਰੇ ਪਰਿਵਾਰ ’ਚ ਸਿਫਾਰਿਸ਼ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਤੁਸੀਂ ਜੋ ਕਰਨਾ ਹੈ, ਖ਼ੁਦ ਹੀ ਕਰਨਾ ਹੈ।
ਪਹਿਲੀ ਫ਼ਿਲਮ ’ਚ ਕੰਮ ਕਰਨ ਦਾ ਤੁਹਾਡਾ ਤਜਰਬਾ ਕਿਵੇਂ ਦਾ ਰਿਹਾ?
ਮੈਂ ਖ਼ਾਸ ਗੱਲ ਤੁਹਾਨੂੰ ਦੱਸਦਾ ਹਾਂ। ਜੇਕਰ ਤੁਹਾਡੀ ਡੈਬਿਊ ਫ਼ਿਲਮ ਹੈ ਤੇ ਤੁਹਾਡਾ ਕਰੈਕਟਰ ਹਾਈ ਸਟੈਂਡਰਡ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਮੇਰਾ ਕਿਰਦਾਰ ਟਪੋਰੀ ਲੜਕੇ ਦਾ ਹੈ। ਤੁਸੀਂ ਉਸ ਦੇ ਦਾਇਰੇ ’ਚ ਰਹਿ ਕੇ ਹੀ ਐਕਟਿੰਗ ਕਰ ਸਕਦੇ ਹੋ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਥੇ ਇਕ ਇਮੋਸ਼ਨਲ ਸੀਨ ਪਾ ਦਿਓ ਜਾਂ ਪੰਚ ਪਾ ਦਿਓ। ਤੁਸੀਂ ਸਿਰਫ ਫ਼ਿਲਮ ਦੀ ਸਕ੍ਰਿਪਟ ’ਤੇ ਕੰਮ ਕਰਦੇ ਹੋ। ਉਥੇ ਹੀ ਇਸ ਫ਼ਿਲਮ ’ਚ ਜੋ ਵੀ ਅਸੀਂ ਚੰਗਾ ਕੰਮ ਕੀਤਾ, ਉਹ ਰਾਜ ਜੀ ਦਾ ਕ੍ਰੈਡਿਟ ਹੈ। ਜੋ ਖ਼ਰਾਬ ਚੀਜ਼ਾਂ ਅਸੀਂ ਕੀਤੀਆਂ, ਉਸ ਨੂੰ ਨਜ਼ਰਅੰਦਾਜ਼ ਕਰ ਦਿਓ ਕਿਉਂਕਿ ਸਾਡੀ ਪਹਿਲੀ ਫ਼ਿਲਮ ਹੈ।
ਐਕਟਰ ਦੇ ਪੁੱਤ ਹੋਣ ਦਾ ਕਿੰਨਾ ਫ਼ਾਇਦਾ ਮਿਲਿਆ?
ਇਸ ਸਵਾਲ ਦਾ ਜਵਾਬ ਮੇਰੇ ਕੋਲ ਅੱਜ ਤੱਕ ਨਹੀਂ ਹੈ। ਸੋਚੋ ਜੇਕਰ ਮੈਂ ਮਿਥੁਨ ਚੱਕਰਵਰਤੀ ਦਾ ਪੁੱਤਰ ਨਾ ਹੁੰਦਾ ਤਾਂ ਕੀ ਸਾਜਿਦ ਕੁਰੈਸ਼ੀ ਮੈਨੂੰ ਆਪਣਾ ਇਕ ਘੰਟਾ ਦਿੰਦੇ? ਕੀ ਰਾਜਕੁਮਾਰ ਸੰਤੋਸ਼ੀ ਮੈਨੂੰ ਮਿਲਦੇ? ਨਹੀਂ... ਇਸ ਲਈ ਮੈਂ ਕਹਿ ਸਕਦਾ ਹਾਂ ਕਿ ਇਸ ਸਭ ਦਾ ਫ਼ਾਇਦਾ ਤਾਂ ਮੈਨੂੰ ਮਿਲਿਆ ਹੈ। ਅਮਰੀਨ ਨੂੰ ਵੀ ਕੁਝ ਹੱਦ ਤੱਕ ਐਡਵਾਂਟੇਜ ਮਿਲਿਆ। ਜਦੋਂ ਕਿਸੇ ਹੋਰ ਨੂੰ ਵੀ ਪਤਾ ਲੱਗਦਾ ਹੈ ਕਿ ਤੁਸੀਂ ਮਿਥੁਨ ਚੱਕਰਵਰਤੀ ਦੇ ਪੁੱਤਰ ਨਾਲ ਮਿਲ ਰਹੇ ਹੋ ਤਾਂ ਉਹ ਖ਼ੁਦ ਆਪਣਾ ਵਿਵਹਾਰ ਬਦਲ ਲੈਂਦੇ ਹਨ ਤੇ ਇਹ ਚੰਗੀ ਗੱਲ ਹੈ। ਅਜਿਹਾ ਕਹਿ ਕੇ ਮੈਂ ਕਿਸੇ ਦੀ ਬੁਰਾਈ ਨਹੀਂ ਕਰ ਰਿਹਾ ਹਾਂ। ਉਹ ਜੋ ਇਕ ਘੰਟਾ ਮੈਨੂੰ ਮਿਲਿਆ, ਉਹ ਮੇਰੇ ਪਿਤਾ ਕਾਰਨ ਮਿਲਿਆ ਪਰ ਉਸ ਇਕ ਘੰਟੇ ਤੋਂ ਬਾਅਦ ਮੇਰਾ ਹੁਨਰ ਕੰਮ ਆਵੇਗਾ। ਜਦੋਂ ਅਸੀਂ ਕੰਮ ਕਰਾਂਗੇ ਤਾਂ ਉਸ ਸਮੇਂ ਸਿਰਫ ਮੈਂ ਨਮਾਸ਼ੀ ਹੀ ਹਾਂ, ਮਿਥੁਨ ਚੱਕਰਵਰਤੀ ਦਾ ਪੁੱਤਰ ਨਹੀਂ।
ਅਮਰੀਨ ਕੁਰੈਸ਼ੀ
ਜਦੋਂ ਪਤਾ ਲੱਗਾ ਕਿ ਤੁਸੀਂ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੇ ਹੋ ਤਾਂ ਕਿਵੇਂ ਮਹਿਸੂਸ ਹੋਇਆ?
ਜਿਵੇਂ ਕਹਿੰਦੇ ਹਨ ਕਿ ਬੱਚੇ ਦਾ ਹੱਥ ਫੜ੍ਹ ਕੇ ਉਸ ਨੂੰ ਰਸਤਾ ਦਿਖਾਉਣਾ, ਇਸ ਮਾਮਲੇ ’ਚ ਮੈਂ ਖ਼ੁਸ਼ਕਿਸਮਤ ਰਹੀ ਹਾਂ ਕਿ ਰਾਜ ਜੀ ਨੇ ਮੈਨੂੰ ਰਸਤਾ ਵਿਖਾਉਣ ਦਾ ਕੰਮ ਕੀਤਾ। ਉਨ੍ਹਾਂ ਮੈਨੂੰ ਪੂਰੀ ਜਰਨੀ ਵਿਖਾਈ, ਮੈਨੂੰ ਉਨ੍ਹਾਂ ਤੋਂ ਕਾਫ਼ੀ ਸਿੱਖਣ ਨੂੰ ਵੀ ਮਿਲਿਆ। ਮੈਨੂੰ ਪਤਾ ਸੀ ਕਿ ਮੈਂ ਇਕ ਸੇਫ਼ ਹੈਂਡ ’ਚ ਹਾਂ। ਕਦੇ-ਕਦੇ ਸਾਡੀ ਕੁਆਲਿਟੀ ਸਾਨੂੰ ਖ਼ੁਦ ਨੂੰ ਵੀ ਨਹੀਂ ਪਤਾ ਹੁੰਦੀ। ਉਹ ਚੀਜ਼ਾਂ ਜਦੋਂ ਤੁਸੀਂ ਕਿਸੇ ਦੇ ਕੋਲ ਕੰਮ ਕਰਦੇ ਹੋ ਤਾਂ ਪਤਾ ਚੱਲਦੀਆਂ ਹਨ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ।
ਤੁਹਾਡੀ ਪਹਿਲੀ ਫ਼ਿਲਮ ਹੈ ਤਾਂ ਇਸ ਨੂੰ ਲੈ ਕੇ ਤੁਹਾਡੇ ’ਤੇ ਕਿੰਨਾ ਪ੍ਰੈਸ਼ਰ ਹੈ?
ਮੇਰੇ ਹਿਸਾਬ ਨਾਲ ਜਦੋਂ ਪੂਰੀ ਫ਼ਿਲਮ ਬਣ ਜਾਂਦੀ ਹੈ ਤਾਂ ਲੋਕ ਫਾਈਨਲ ਰਿਜ਼ਲਟ ਵੇਖਦੇ ਹਨ। ਜੇਕਰ ਉਹ ਤੁਹਾਡਾ ਚੰਗਾ ਹੁੰਦਾ ਹੈ ਤਾਂ ਪਿੱਛੇ ਕੀ ਹੋਇਆ, ਉਹ ਕੋਈ ਨਹੀਂ ਵੇਖਦਾ ਹੈ। ਸਾਡੇ ਡਾਇਰੈਕਟਰ ਨੇ ਇਸ ’ਚ ਪੂਰਾ ਸਾਥ ਦਿੱਤਾ। ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਕੀ ਗਲਤੀ ਕਰ ਰਹੇ ਹਾਂ, ਕਿਸ ਚੀਜ਼ ’ਚ ਸੁਧਾਰ ਦੀ ਜ਼ਰੂਰਤ ਹੈ। ਉਹ ਸਾਨੂੰ ਸਮਝਾਉਂਦੇ ਸਨ। ਇਸ ’ਚ ਅਸੀਂ ਕਾਫ਼ੀ ਗਲਤੀਆਂ ਵੀ ਕੀਤੀਆਂ, ਜਿਸ ਲਈ ਅਸੀਂ ਬਹੁਤ ਗੱਲਾਂ ਵੀ ਸੁਣੀਆਂ। ਪਹਿਲੇ ਹਫ਼ਤੇ ’ਚ ਤਾਂ ਮੈਂ ਰੋ ਪਈ ਸੀ। ਫਿਰ ਸਾਰਿਆਂ ਨੇ ਸਮਝਾਇਆ ਕਿ ਤੂੰ ਕਿਉਂ ਨਹੀਂ ਕਰ ਪਾ ਰਹੀ। ਇਸ ਤੋਂ ਬਾਅਦ ਮੇਰੀ ਐਕਟਿੰਗ ’ਚੋਂ ਬੈਸਟ ਚੀਜ਼ ਨਿਕਲ ਕੇ ਸਾਹਮਣੇ ਆਈ।
ਲੋਕਾਂ ਦੇ ਦਿਮਾਗ ’ਚ ਇਹ ਸੋਚ ਹੈ ਕਿ ਫ਼ਿਲਮ ਇੰਡਸਟਰੀ ਨਾਲ ਸਬੰਧ ਰੱਖਣ ਵਾਲਿਆਂ ਦੇ ਬੱਚਿਆਂ ਨੂੰ ਫ਼ਿਲਮ ਜਲਦੀ ਮਿਲ ਜਾਂਦੀ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਮੇਰੇ ਪਿਤਾ ਪ੍ਰੋਡਿਊਸਰ ਹਨ। ਉਨ੍ਹਾਂ ਨੇ ਵੀ ਆਪਣੇ ਟਾਈਮ ’ਤੇ ਕਾਫ਼ੀ ਸਟ੍ਰਗਲ ਕੀਤਾ ਸੀ। ਉਹ ਆਪਣੇ ਬੱਚਿਆਂ ਲਈ ਚੰਗਾ ਹੀ ਚਾਹੁੰਦੇ ਹਨ। ਉਨ੍ਹਾਂ ਨੇ ਇੰਨੀ ਮਿਹਨਤ ਕੀਤੀ ਤਾਂ ਕਿ ਸਾਨੂੰ ਇਕ ਚੰਗਾ ਪਲੇਟਫਾਰਮ ਮਿਲ ਸਕੇ। ਉਹ ਸਿਰਫ਼ ਕੁਝ ਹੱਦ ਤੱਕ ਸਾਨੂੰ ਸੁਪੋਰਟ ਕਰ ਸਕਦੇ ਹਨ, ਅੱਗੇ ਦੀ ਜਰਨੀ ਤਾਂ ਸਾਨੂੰ ਖ਼ੁਦ ਹੀ ਤੈਅ ਕਰਨੀ ਹੋਵੇਗੀ। ਤੁਸੀਂ ਆਪਣੇ ਟੈਲੈਂਟ ਦੇ ਦਮ ’ਤੇ ਹੀ ਇਸ ਇੰਡਸਟਰੀ ’ਚ ਟਿਕੇ ਰਹਿ ਸਕਦੇ ਹੋ।
ਮਿਥੁਨ ਸਰ ਨੇ ਜਦੋਂ ਤੁਹਾਡੇ ਦੋਵਾਂ ਦੀ ਇਹ ਫ਼ਿਲਮ ਵੇਖੀ ਤਾਂ ਉਨ੍ਹਾਂ ਦਾ ਕੀ ਰੀਐਕਸ਼ਨ ਸੀ?
ਮਿਥੁਨ ਸਰ ਤਾਂ ਸੈੱਟ ’ਤੇ ਹੀ ਮੌਜੂਦ ਸਨ, ਉਨ੍ਹਾਂ ਨੇ ਸਾਨੂੰ ਲਾਈਵ ਵੇਖਿਆ ਹੈ। ਉਹ ‘ਜਨਾਬੇਆਲੀ’ ਸਾਂਗ ’ਚ ਵੀ ਹਨ ਤਾਂ ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਸਭ ਕੁਝ ਕਿਵੇਂ ਕੀਤਾ ਹੈ। ਮੇਰੇ ਹਿਸਾਬ ਨਾਲ ਉਹ ਨਮਾਸ਼ੀ ਤੋਂ ਜ਼ਿਆਦਾ ਮੈਨੂੰ ਫੇਵਰੇਟਿਜ਼ਮ ਕਰਦੇ ਸਨ। ਇਸ ਦੇ ਨਾਲ ਜਦੋਂ ਮੈਂ ਗਲਤੀ ਕਰਦੀ ਸੀ ਤਾਂ ਉਹ ਮੈਨੂੰ ਸਮਝਾਉਂਦੇ ਸਨ ਤੇ ਜਦੋਂ ਵੀ ਮੈਂ ਕੋਈ ਚੰਗਾ ਕੰਮ ਕਰਦੀ ਸੀ ਤਾਂ ਉਹ ਮੈਨੂੰ ਐਪ੍ਰੇਸ਼ੀਏਟ ਕਰਦੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’ ਦਾ ਗੀਤ ‘ਚੰਨ ਵਰਗੀ’ ਰਿਲੀਜ਼ (ਵੀਡੀਓ)
NEXT STORY