ਮੁੰਬਈ- ‘ਕੋਟਾ ਫੈਕਟਰੀ’ ਦੇ ਜੀਤੂ ਭਈਆ ਤੇ ‘ਪੰਚਾਇਤ’ ਦੇ ਸਕੱਤਰ ਜੀ ਦੇ ਕਿਰਦਾਰਾਂ ਨਾਲ ਆਪਣੀ ਮਾਸੂਮੀਅਤ ਅਤੇ ਸਾਦਗੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਜਤਿੰਦਰ ਕੁਮਾਰ ਹੁਣ ਇਕ ਬਿਲਕੁਲ ਵੱਖਰੇ ਅਵਤਾਰ ’ਚ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਨਵੀਂ ਫਿਲਮ ‘ਭਾਗਵਤ: ਚੈਪਟਰ ਵਨ- ਰਾਕਸ਼’ ਇਕ ਸਸਪੈਂਸ ਥ੍ਰਿਲਰ ਹੈ, ਜੋ ਨਿਆਂ, ਜਨੂੰਨ ਅਤੇ ਪਾਗ਼ਲਪਣ ਦੇ ਵਿਚਕਾਰ ਦੀ ਪਤਲੀ ਰੇਖਾ ’ਤੇ ਸਵਾਲ ਉਠਾਉਂਦੀ ਹੈ। ਫਿਲਮ ਵਿਚ ਅਰਸ਼ਦ ਵਾਰਸੀ ਅਤੇ ਜਤਿੰਦਰ ਕੁਮਾਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਅਕਸ਼ੈ ਸ਼ੇਰੇ ਨੇ ਨਿਰਦੇਸ਼ਤ ਕੀਤਾ ਹੈ ਅਤੇ ਇਹ ਓ.ਟੀ.ਟੀ. ਪਲੇਟਫਾਰਮ ਜੀ5 ’ਤੇ 17 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਬਾਰੇ ਅਦਾਕਾਰ ਜਤਿੰਦਰ ਕੁਮਾਰ ਅਤੇ ਡਾਇਰੈਕਟਰ ਅਕਸ਼ੈ ਸ਼ੇਰੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਜਦੋਂ ਕੈਮਰਾ ਐਕਸ਼ਨ ਬੋਲਦਾ ਹੈ ਤਾਂ ਫ਼ਰਕ ਮਿਟ ਜਾਂਦਾ ਹੈ, ਚਾਹੇ ਫਿਲਮ ਹੋਵੇ ਜਾਂ ਵੈੱਬ ਸੀਰੀਜ਼
ਪ੍ਰ. ਤੁਸੀਂ ਹੁਣ ਤੱਕ ਸਿੰਪਲ ਅਤੇ ਮਾਸੂਮ ਕਿਰਦਾਰ ਨਿਭਾਏ ਹਨ ਤਾਂ ਹੁਣ ਉਹ ਇਸ ਫਿਲਮ ਤੋਂ ਕਿਵੇਂ ਵੱਖਰਾ ਹੈ?
-ਬਿਲਕੁਲ, ਕਿਰਦਾਰ ਤੇ ਕਹਾਣੀ ਦੋਵੇਂ ਹੀ ਇਸ ਫਿਲਮ ਦੇ ਖ਼ਾਸ ਪਹਿਲੂ ਹਨ। ਜਦੋਂ ਮੈਨੂੰ ਇਸ ਦਾ ਨੈਰੇਸ਼ਨ (ਵੇਰਵਾ) ਮਿਲਿਆ ਤਾਂ ਲੱਗਾ ਕਿ ਇਹ ਸਿਰਫ਼ ਇਕ ਕ੍ਰਾਈਮ ਥ੍ਰਿਲਰ ਨਹੀਂ ਹੈ ਸਗੋਂ ਇਨਸਾਫ਼ ਅਤੇ ਤਾਕਤ ਵਰਗੇ ਡੂੰਘੇ ਮੁੱਦਿਆਂ ਨੂੰ ਛੂਹਣ ਵਾਲੀ ਹੈ। ਫਿਲਮ ’ਚ ਉਹ ‘ਥਿਨ ਲਾਈਨ’, ਜਨੂੰਨ ਅਤੇ ਪਾਗ਼ਲਪਣ ਵਿਚਕਾਰ ਧਾਗੇ ਭਰ ਦਾ ਫ਼ਰਕ, ਜਿਸ ਨੂੰ ਅਸੀਂ ਡਾਇਲਾਗ ਅਤੇ ਪਰਫਾਰਮੈਂਸ ’ਚ ਵੀ ਮਹਿਸੂਸ ਕੀਤਾ।
ਪ੍ਰ. ਤੁਸੀਂ ਯੂ-ਟਿਊਬ, ਓ.ਟੀ.ਟੀ. ਤੇ ਫਿਲਮਾਂ ’ਚ ਹਰ ਥਾਂ ਸ਼ਾਨਦਾਰ ਕੰਮ ਕੀਤਾ ਹੈ। ਬਤੌਰ ਅਦਾਕਾਰ ਇਨ੍ਹਾਂ ਮਾਧਿਅਮਾਂ ’ਚ ਕੋਈ ਫ਼ਰਕ ਮਹਿਸੂਸ ਕਰਦੇ ਹੋ?
-ਜਦੋਂ ਕੈਮਰਾ ‘ਐਕਸ਼ਨ’ ਬੋਲਦਾ ਹੈ ਤਾਂ ਫ਼ਰਕ ਮਿਟ ਜਾਂਦਾ ਹੈ। ਭਾਵੇਂ ਇਹ ਫਿਲਮ ਹੋਵੇ ਜਾਂ ਵੈੱਬ ਸੀਰੀਜ਼, ਕਿਰਦਾਰ ਦੀ ਸੱਚਾਈ ਤੱਕ ਪਹੁੰਚਣਾ ਜ਼ਰੂਰੀ ਹੁੰਦਾ ਹੈ। ਹਾਂ, ਸ਼ੁਰੂ ’ਚ ਸੋਚਦੇ ਹਾਂ ਕਿ ਇਹ ਫਿਲਮ ਥੀਏਟਰ ਲਈ ਹੈ ਜਾਂ ਓ.ਟੀ.ਟੀ. ਲਈ ਪਰ ਅਦਾਕਾਰੀ ਦੀ ਪ੍ਰਕਿਰਿਆ ਉਹੀ ਰਹਿੰਦੀ ਹੈ ਈਮਾਨਦਾਰੀ ਨਾਲ ਕਿਰਦਾਰ ਨੂੰ ਜਿਉਣਾ।
ਪ੍ਰ. ਤੁਸੀਂ ਹੁਣ ਤੱਕ ਜ਼ਿਆਦਾਤਰ ਪਾਜ਼ੇਟਿਵ ਰੋਲ ਕੀਤੇ ਹਨ ਪਰ ਜਦੋਂ ਗ੍ਰੇ ਜਾਂ ਨੈਗੇਟਿਵ ਸ਼ੇਡ ਵਾਲਾ ਕਿਰਦਾਰ ਆਉਂਦਾ ਹੈ, ਤਾਂ ਕੀ ਉਸ ਨੂੰ ਜਸਟੀਫਾਈ ਕਰਨਾ ਜ਼ਰੂਰੀ ਹੁੰਦਾ ਹੈ?
-ਹਾਂ, ਬਹੁਤ ਜ਼ਰੂਰੀ ਹੁੰਦਾ ਹੈ। ਭਾਵੇਂ ਉਹ ਹੀਰੋ ਹੋਵੇ ਜਾਂ ਵਿਲੇਨ, ਜੇ ਤੁਸੀਂ ਖ਼ੁਦ ਉਸ ਕਿਰਦਾਰ ਨੂੰ ਸਮਝ ਨਹੀਂ ਸਕੇ ਤਾਂ ਦਰਸ਼ਕ ਵੀ ਨਹੀਂ ਸਮਝ ਸਕਣਗੇ। ਸਕ੍ਰਿਪਟ ’ਚ ਹੀ ਉਹ ਸਭ ਲਿਖਿਆ ਹੁੰਦਾ ਹੈ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ। ਜਦੋਂ ਤੁਸੀਂ ਡਾਇਰੈਕਟਰ ਨਾਲ ਵਾਰ-ਵਾਰ ਗੱਲ ਕਰਦੇ ਹੋ ਤਾਂ ਕਿਰਦਾਰ ਦੇ ਇਰਾਦੇ ਸਪੱਸ਼ਟ ਹੋ ਜਾਂਦੇ ਹਨ।
ਪ੍ਰ. ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਟਾਈਪਕਾਸਟ ਹੋ ਗਏ ਹੋ, ਮਾਸੂਮ, ਸਿੰਪਲ ਕਿਰਦਾਰਾਂ ਤੱਕ ਸੀਮਤ?
-ਲੋਕ ਸੋਚਦੇ ਹਨ ਅਜਿਹਾ ਪਰ ਅਸਲ ’ਚ ਨਿਰਦੇਸ਼ਕ ਇਸ ਦੇ ਉਲਟ ਸੋਚਦੇ ਹਨ। ਉਨ੍ਹਾਂ ਨੂੰ ਵੀ ਕੁਝ ਨਵਾਂ ਕਰਵਾਉਣਾ ਹੁੰਦਾ ਹੈ। ਟਾਈਪ ਕਾਸਟਿੰਗ ਤਾਂ ਹਰ ਅਦਾਕਾਰ ਨਾਲ ਹੁੰਦੀ ਹੈ ਪਰ ਇਕ ਹੀ ਕਿਰਦਾਰ ਤੁਹਾਡੀ ਇਮੇਜ ਬਦਲ ਸਕਦਾ ਹੈ। ਬੌਬੀ ਦਿਓਲ ਨੂੰ ਦੇਖੋ, ‘ਐਨੀਮਲ’ ਨੇ ਉਨ੍ਹਾਂ ਦੀ ਪਰਸੈਪਸ਼ਨ ਪੂਰੀ ਬਦਲ ਦਿੱਤੀ।
ਪ੍ਰ. ਤੁਹਾਡੇ ਕਰੀਅਰ ਦਾ ਗੇਮ-ਚੇਂਜਰ ਪ੍ਰਾਜੈਕਟ ਕਿਹੜਾ ਸੀ?
- ਸਾਲ 2020 ਮੇਰੇ ਲਈ ਟਰਨਿੰਗ ਪੁਆਇੰਟ ਸੀ। ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਤੋਂ ਬਾਅਦ ‘ਪੰਚਾਇਤ’ ਆਈ ਅਤੇ ਫਿਰ ‘ਚਮਨ ਬਹਾਰ’। ਥੀਏਟਰ ਤੋਂ ਓ.ਟੀ.ਟੀ. ਤੱਕ ਦਾ ਉਹ ਕੰਬੀਨੇਸ਼ਨ ਮੇਰੇ ਕਰੀਅਰ ਦਾ ਬੂਸਟ ਪੁਆਇੰਟ ਬਣਿਆ। ਇਸ ਨਾਲ ਮੇਰੀ ਪਹੁੰਚ ਵਧੀ ਤੇ ਲੋਕਾਂ ਨੇ ਪਿਆਰ ਦਿੱਤਾ।
ਪ੍ਰ. ਆਈ.ਆਈ.ਟੀ. ਤੋਂ ਅਦਾਕਾਰੀ ਦੀ ਦੁਨੀਆ ਤੱਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?
ਆਈ.ਆਈ.ਟੀ. ’ਚ ਡਰਾਮਾ ਸੁਸਾਇਟੀ ਨਾਲ ਸ਼ੁਰੂਆਤ ਕੀਤੀ। ਉੱਥੋਂ ਹੀ ਅਦਾਕਾਰੀ ਦਾ ਕੀੜਾ ਲੱਗਾ। ਅਦਾਕਾਰੀ ਕਿਸੇ ਕਲਾਸ ਤੋਂ ਨਹੀਂ ਸਿੱਖੀ ਜਾਂਦੀ, ਇਹ ਅਨੁਭਵ ਤੋਂ ਆਉਂਦੀ ਹੈ। ਜਿੰਨਾ ਜ਼ਿਆਦਾ ਤੁਸੀਂ ਜਿਉਂਦੇ ਹੋ, ਓਨਾ ਹੀ ਜ਼ਿਆਦਾ ਅਸਲੀ ਅਦਾਕਾਰੀ ਕਰਦੇ ਹੋ।
ਘਟਨਾ ਸੱਚੀ ਹੈ ਪਰ ਅਸੀਂ ਉਸ ਦੀ ਡਿਟੇਲ ਨਹੀਂ ਦੱਸ ਸਕਦੇ
ਪ੍ਰ. ਟਰੇਲਰ ’ਚ ਲਿਖਿਆ ਹੈ ‘ਇੰਸਪਾਇਰਡ ਵਾਏ ਟਰਿਊ ਈਵੈਂਟਸ’ ਇਸ ’ਚ ਕਿੰਨੀ ਸੱਚਾਈ ਹੈ ਅਤੇ ਦਰਸ਼ਕ ਕੀ ਉਮੀਦ ਰੱਖ ਸਕਦੇ ਹਨ?
-ਘਟਨਾ ਅਸਲੀ ਹੈ ਪਰ ਅਸੀਂ ਉਸ ਦੀ ਡਿਟੇਲ ਨਹੀਂ ਦੱਸ ਸਕਦੇ। ਸਾਡੀ ਕੋਸ਼ਿਸ਼ ਸੀ ਕਿ ਕਹਾਣੀ ਨੂੰ ਸੱਚਾਈ ਦੇ ਨੇੜੇ ਰੱਖਿਆ ਜਾਏ ਬਿਨਾਂ ਕਿਸੇ ਸੈਂਸੇਸ਼ਨ ਤੋਂ। ਅਸੀਂ ਉਨ੍ਹਾਂ ਲੋਕਾਂ ਦੀ ਇੱਜ਼ਤ ਬਰਕਰਾਰ ਰੱਖੀ ਹੈ, ਜਿਨ੍ਹਾਂ ਨਾਲ ਇਹ ਘਟਨਾ ਜੁੜੀ ਹੈ। ਇਹ ਸਿਰਫ਼ ਥ੍ਰਿਲਰ ਨਹੀਂ ਹੈ, ਇਹ ਤੁਹਾਨੂੰ ਅੰਦਰ ਤੱਕ ਹਿਲਾ ਦੇਣ ਵਾਲੀ ਕਹਾਣੀ ਹੈ।
ਪ੍ਰ. ਬਤੌਰ ਨਿਰਦੇਸ਼ਕ ਕੀ ਤੁਹਾਨੂੰ ਲੱਗਦਾ ਹੈ ਕਿ ਥੀਏਟਰ ਅਤੇ ਓ.ਟੀ.ਟੀ. ਦੇ ਦਰਸ਼ਕ ਵੱਖਰੇ ਹੁੰਦੇ ਹਨ?
ਹਾਂ, ਫ਼ਰਕ ਜ਼ਰੂਰ ਹੈ। ਓ.ਟੀ.ਟੀ. ’ਤੇ ਦਰਸ਼ਕ ਜ਼ਿਆਦਾ ਖੁੱਲ੍ਹੇ ਦਿਮਾਗ ਨਾਲ ਕੰਟੈਂਟ ਸਵੀਕਾਰ ਕਰਦੇ ਹਨ ਜਦਕਿ ਥੀਏਟਰ ’ਚ ਐਂਟਰਟੇਨਮੈਂਟ ਦੀ ਐਕਸਪੈਕਟੇਸ਼ਨ ਥੋੜ੍ਹੀ ਅਲੱਗ ਹੁੰਦੀ ਹੈ ਪਰ ਜੇ ਕਹਾਣੀ ਸੱਚੀ ਤੇ ਇਮੋਸ਼ਨਲ ਹੋਵੇ ਤਾਂ ਉਹ ਹਰ ਪਲੇਟਫਾਰਮ ’ਤੇ ਦਿਲ ਨੂੰ ਛੂਹ ਲੈਂਦੀ ਹੈ।
ਪ੍ਰ. ਓ.ਟੀ.ਟੀ. ’ਤੇ ਨਿੱਤ ਦਿਨ ਕੰਟੈਂਟ ਨੂੰ ਲੈ ਕੇ ਵਿਵਾਦ ਹੁੰਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਓ.ਟੀ.ਟੀ. ’ਤੇ ਸੈਂਸਰਸ਼ਿਪ ਹੋਣੀ ਚਾਹੀਦੀ ਹੈ?
-ਨਹੀਂ, ਮੇਰੇ ਹਿਸਾਬ ਨਾਲ ਸੈਂਸਰਸ਼ਿਪ ਕਿਤੇ ਨਹੀਂ ਹੋਣੀ ਚਾਹੀਦੀ। ਕਲਾ ’ਤੇ ਪਾਬੰਦੀਆਂ ਲਾਉਣਾ ਮੈਨੂੰ ਫੋਰਸਡ ਫੰਡਾ ਲਗਦਾ ਹੈ। ਦਰਸ਼ਕਾਂ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਤੈਅ ਕਰ ਸਕਦੇ ਹਨ ਕਿ ਕੀ ਦੇਖਣਾ ਹੈ ਅਤੇ ਕੀ ਨਹੀਂ ਦੇਖਣਾ।
ਪ੍ਰ. ਤੁਸੀਂ ਅਰਸ਼ਦ ਵਾਰਸੀ ਨਾਲ ਕੰਮ ਕੀਤਾ ਹੈ। ਸੈੱਟ ’ਤੇ ਉਨ੍ਹਾਂ ਦਾ ਅਨੁਭਵ ਕਿਵੇਂ ਦਾ ਸੀ?
-ਅਰਸ਼ਦ ਸਰ ਨੈਚੁਰਲ ਪਰਫਾਰਮਰ ਹਨ। ਉਹ ਕੈਮਰੇ ਦੀ ਹਰ ਮੂਵਮੈਂਟ ਨੂੰ ਸਮਝਦੇ ਹਨ। ਬਿਨਾਂ ਰਿਹਰਸਲ ਤੋਂ ਉਹ ਅਜਿਹਾ ਟੇਕ ਦਿੰਦੇ ਹਨ ਕਿ ਮੈਂ ਖ਼ੁਦ ਮਾਨੀਟਰ ਦੇਖ ਕੇ ਹੈਰਾਨ ਰਹਿ ਜਾਂਦਾ ਸੀ। ਉਨ੍ਹਾਂ ਦੀ ਕੈਮਰੇ ਦੀ ਸਮਝ ਤੇ ਟਾਈਮਿੰਗ ਗਜ਼ਬ ਦੀ ਹੈ।
ਪ੍ਰ. ਤੁਸੀਂ ਰਾਮ ਗੋਪਾਲ ਵਰਮਾ ਨਾਲ ਕੰਮ ਕੀਤਾ ਹੈ। ਉਨ੍ਹਾਂ ਤੋਂ ਕੀ ਸਿੱਖਿਆ?
-ਰਾਮੂ ਜੀ ਇਕ ਇੰਸਟੀਚਿਊਟ ਹਨ। ਉਨ੍ਹਾਂ ਤੋਂ ਨਿਰਦੇਸ਼ਨ ਨਹੀਂ, ਸੋਚਣ ਦਾ ਤਰੀਕਾ ਸਿੱਖਿਆ। ਉਨ੍ਹਾਂ ਨੇ ਸਿਖਾਇਆ ਕਿ ਸਿਨੇਮਾ ਕਿਵੇਂ ਦੇਖਣਾ ਹੈ। ਨਿਰਦੇਸ਼ਨ ਸਿੱਖਿਆ ਨਹੀਂ ਜਾਂਦਾ, ਸਮਝਿਆ ਜਾਂਦਾ ਹੈ ਅਤੇ ਇਹ ਸਮਝ ਮੈਨੂੰ ਉਨ੍ਹਾਂ ਤੋਂ ਹੀ ਮਿਲੀ। ਉਨ੍ਹਾਂ ਤੋਂ ਜ਼ਿਆਦਾ ਹਿੰਦੀ ਸਿਨੇਮਾ ਨੂੰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਬਦਲਿਆ ਅਤੇ ਅਪਗ੍ਰੇਡ ਕੀਤਾ ਹੈ।
ਜਲੰਧਰ ਦੇ ਮਾਡਲ ਟਾਊਨ 'ਚ ਅੱਜ ਹੋਵੇਗਾ ਵਰਿੰਦਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ
NEXT STORY