ਜਲੰਧਰ (ਲਖਨ ਪਾਲ)- ਹਾਸਿਆਂ ਨਾਲ ਭਰਪੂਰ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 4' ਆਉਂਦੀ 26 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮਸ਼ਹੂਰ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਤੇ ਨਰੇਸ਼ ਕਥੂਰੀਆ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ। ਫ਼ਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸਰਗੁਣ ਮਹਿਤਾ, ਗੁਰਪ੍ਰੀਤ ਘੁੱਗੀ, ਸਵ. ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਪ੍ਰਿੰਸ ਕੰਵਲਜੀਤ ਸਿੰਘ, ਪੁੱਖਰਾਜ ਭੱਲਾ, ਬੀ.ਐੱਨ.ਸ਼ਰਮਾ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ, ਭਾਨਾ ਐਲ.ਏ, ਸੀਮਾ ਕੌਸ਼ਲ, ਸਵੀਤਾਜ ਬਰਾੜ ਤੇ ਪਵਨ ਜੌਹਲ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਫ਼ਿਲਮ ਦੀ ਮੁੱਖ ਸਟਾਰਕਾਸਟ 'ਜਗਬਾਣੀ' ਦੇ ਦਫ਼ਤਰ ਪਹੁੰਚੀ । ਜਿੱਥੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ । ਪੇਸ਼ ਹਨ ਟੀਮ ਨਾਲ ਹੋਈ ਸੰਖੇਪ ਗੱਲਬਾਤ ਦੇ ਮੁੱਖ ਅੰਸ਼ :
ਸਵਾਲ : ਫ਼ਿਲਮ ਬਣਾਉਣ ਵਾਲੇ ਨੂੰ ਆਪ ਕਿੰਨੀ ਚਿੰਤਾ ਹੁੰਦੀ ਹੈ ?
ਗਿੱਪੀ : ਸਾਡੇ ਲਈ ਹਰ ਫ਼ਿਲਮ ਬਣਾਉਣ 'ਚ ਚਿੰਤਾ ਇਕੋ ਜਿਹੀ ਹੁੰਦੀ ਹੈ ਪਰ ਇਸ ਫ਼ਿਲਮ 'ਚ ਸਾਨੂੰ ਆਖ਼ੀਰ ਤੱਕ ਇਹੀ ਚਿੰਤਾ ਰਹੀ ਕਿ ਅਸੀਂ ਸਿਰਫ਼ ਲੋਕਾਂ ਨੂੰ ਹਸਾਈਏ ਕਿਉਂਕਿ ਲੋਕ ਇਸ ਨੂੰ ਫ਼ਿਲਮ ਦੇ ਤੌਰ 'ਤੇ ਘੱਟ ਤੇ ਚਿੰਤਾ ਦੂਰ ਕਰਨ ਦੇ ਤੌਰ 'ਤੇ ਜ਼ਿਆਦਾ ਦੇਖਣ ਜਾਂਦੇ ਹਨ।
ਸਵਾਲ : ਸਰਗੁਣ ਤੁਸੀਂ ਪਹਿਲੀ ਵਾਰ ਫ਼ਿਲਮ ਦਾ ਹਿੱਸਾ ਬਣੇ ਹੋ ਕਿਹੋ ਜਿਹਾ ਰਿਹਾ ਤੁਹਾਡਾ ਤਜ਼ਰਬਾ ?
ਸਰਗੁਣ : ਕੈਰੀ ਆਨ ਜੱਟਾ ਇਕ ਲੈਗਸੀ ਬਣ ਗਈ ਹੈ, ਮੇਰੇ ਪਰਿਵਾਰਿਕ ਮੈਂਬਰ ਖ਼ੁਦ ਇਸ ਫ਼ਿਲਮ ਦੇ ਮੁਰੀਦ ਹਨ। ਮੇਰਾ ਤਜਰਬਾ ਬਹੁਤ ਵਧੀਆ ਰਿਹਾ ਤੇ ਸਾਡਾ ਮਕਸਦ ਸਿਰਫ਼ ਤੇ ਸਿਰਫ਼ ਹਸਾਉਣਾ ਹੀ ਹੈ । ਬਾਕੀ ਮੈਂ ਇਸ ਫ਼ਿਲਮ ਦੀ ਪ੍ਰੀ ਪ੍ਰੋਡਕਸ਼ਨ, ਡਬਿੰਗ, ਸ਼ੂਟ ਤੇ ਪਰਮੋਸ਼ਨ ਸਭ ਨੂੰ ਖੂਬ ਇੰਜੁਆਏ ਕੀਤਾ ।
ਸਵਾਲ : ਬੀਨੂੰ ਢਿੱਲੋਂ ਤੁਹਾਡਾ ਡਾਇਲਾਗ ਤੇ ਸਟਾਈਲ ਪਹਿਲੀ ਫ਼ਿਲਮ ਤੋਂ ਹੁਣ ਤੱਕ ਚਰਚਾ 'ਚ ਹੈ ?
ਬੀਨੂੰ : ਪਹਿਲੀ ਫ਼ਿਲਮ 'ਚ ਮੇਰੇ ਕੋਲ ਸਭ ਤੋਂ ਘੱਟ ਡਾਇਲਾਗ ਸੀ ਤੇ ਇਸ ਲਈ ਬਾਡੀ ਲੈਂਗੂਏਜ਼ 'ਤੇ ਹੀ ਕੰਮ ਕੀਤਾ ਅਤੇ ਉਹੀ ਚੀਜ਼ ਲੋਕਾਂ ਨੂੰ ਪਸੰਦ ਆ ਗਈ।
ਸਵਾਲ : ਜਸਵਿੰਦਰ ਭੱਲਾ ਤੁਹਾਡੇ ਲਈ ਗਾਇਡੈਂਸ ਸੋਰਸ ਸਨ ?
ਗਿੱਪੀ : ਜ਼ਿੰਦਗੀ 'ਚ ਕਈ ਲੋਕ ਅਜਿਹੇ ਹਨ ਜਿਨ੍ਹਾਂ ਨਾਲ ਮੈਂ ਕਈ ਗੱਲਾਂ ਸਾਂਝੀਆਂ ਕਰਦਾ ਹਾਂ, ਭੱਲਾ ਸਾਬ੍ਹ ਉਨ੍ਹਾਂ 'ਚੋਂ ਇਕ ਸਨ, ਉਨ੍ਹਾਂ ਨੇ ਸਾਡੇ ਨਾਲ ਸਭ ਤੋਂ ਵੱਧ ਫ਼ਿਲਮਾਂ ਕੀਤੀਆਂ ਅਤੇ ਮੈਂ ਉਨ੍ਹਾਂ ਤੋਂ ਇਕ ਗੱਲ ਜ਼ਰੂਰ ਸਿੱਖੀ ਕਿ ਭੱਲਾ ਸਾਬ੍ਹ ਕਦੇ ਵੀ ਕਿਸੇ ਦੀ ਨਿੰਦਿਆ ਜਾਂ ਚੁੱਗਲੀ ਨਹੀਂ ਕਰਦੇ ਸੀ। ਮੈਂ ਕਦੇ ਵੀ ਉਨ੍ਹਾਂ ਦੇ ਮੂੰਹੋਂ ਕਦੇ ਵੀ ਕਿਸੇ ਬਾਰੇ ਨੈਗੇਟਿਵ ਗੱਲਾਂ ਨਹੀਂ ਸੁਣੀਆਂ।
ਸਵਾਲ : ਜਸਵਿੰਦਰ ਭੱਲਾ ਨੂੰ ਫ਼ਿਲਮ 'ਚ ਸ਼ਾਮਲ ਕਰਨ ਦਾ ਸਬੱਬ ਕਿਵੇਂ ਬਣਿਆ ?
ਗਿੱਪੀ : ਜਸਵਿੰਦਰ ਭੱਲਾ ਸਾਬ੍ਹ ਤੋਂ ਬਿਨਾਂ ਤਾਂ 'ਕੈਰੀ ਆਨ ਜੱਟਾ' ਬਣ ਹੀ ਨਹੀਂ ਸਕਦੀ, ਮੁੱਖ ਕਿਰਦਾਰ ਸੀ ਉਹ ਫ਼ਿਲਮ ਦੇ, ਫ਼ਿਲਮ ਨਾਲੋਂ ਉਨ੍ਹਾਂ ਦੇ ਡਾਇਲਾਗ ਵੱਧ ਮਕਬੂਲ ਸਨ। ਕਈਆਂ ਨੇ ਕਿਹਾ ਰਿਪਲੇਸ ਕਰ ਲਓ ਕਿਰਦਾਰ ਫੇਰ ਅਸੀਂ ਸੋਚਿਆ ਕਿਸ ਨੂੰ ਲੈ ਕੇ ਆਈਏ ਕਿਉਂਕਿ ਭੱਲਾ ਸਾਬ੍ਹ ਦੀ ਤਾਂ ਕੋਈ ਰਿਪਲੇਸਟਮੈਂਟ ਹੀ ਨਹੀਂ ਹੋ ਸਕਦੀ। ਫਿਰ ਪਰਿਵਾਰ ਦੀ ਸਹਿਮਤੀ ਨਾਲ ਅਸੀ ਏ.ਆਈ. ਦੀ ਵਰਤੋਂ ਨਾਲ ਭੱਲਾ ਸਾਬ੍ਹ ਨੂੰ ਫ਼ਿਲਮ 'ਚ ਸ਼ਾਮਲ ਕੀਤਾ ਜਿਸ 'ਚ ਸਾਡੀ ਬਹੁਤ ਮਿਹਨਤ ਲੱਗੀ ਹੈ ।
ਸਵਾਲ : ਇਸ ਵਾਰ ਤੁਹਾਡੇ ਕਿਰਦਾਰ ਦੀ ਕੀ ਖਾਸੀਅਤ ਹੈ ?
ਗਿੱਪੀ : ਮੇਰਾ ਕਿਰਦਾਰ ਪਹਿਲੀਆਂ ਫ਼ਿਲਮਾਂ ਵਾਂਗ ਜੱਸ ਦਾ ਹੀ ਹੈ ਤੇ ਉਹੀ ਕੰਨਫਿਊਜ਼ਨ, ਝੂਠ ਦੇਖਣ ਨੂੰ ਮਿਲੇਗਾ।
ਬੀਨੂੰ : ਮੈਂ ਵੀ ਫਿਰ ਗੋਲਡੀ ਦੇ ਕਿਰਦਾਰ 'ਚ ਨਜ਼ਰ ਆਵਾਂਗਾ ਤੇ ਫ਼ਿਲਮ 'ਚ ਕੋਈ ਵੀ ਪੰਪ ਦਿੰਦਾ ਤਾਂ ਉਹ ਉਹਦੀਆਂ ਗੱਲਾਂ 'ਚ ਆ ਜਾਂਦਾ
ਸਰਗੁਣ : ਮੇਰਾ ਕਿਰਦਾਰ ਥੋੜਾ ਵੱਖਰਾ ਹੈ ਤੇ ਮੇਰੇ ਕਿਰਦਾਰ ਦਾ ਨਾਂ ਰੀਤ ਹੈ ਤੇ ਗਿੱਪੀ ਹੋਣੀ ਮਿਲ ਕੇ ਮੈਨੂੰ ਬੇਵਕੂਫ ਬਣਾਉਂਦੇ ਹਨ। ਬਾਕੀ ਫਿਲਮ ਦੇਖ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਹੋਣ ਵਾਲਾ ਹੈ।
ਸਿਰਫ਼ 18 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਨੇ ਖਰੀਦ ਲਈ 80 ਲੱਖ ਦੀ ਕਾਰ ! ਵੇਖੋ ਵੀਡੀਓ
NEXT STORY