ਈਸ਼ਾਨ ਖੱਟਰ ਦੀ ਫਿਲਮ ‘ਪੀਪਾ’ ਆਖਰਕਾਰ ਓਟੀਟੀ ’ਤੇ ਸਟ੍ਰੀਮ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਜਾ ਕ੍ਰਿਸ਼ਨ ਮੇਨਨ ਦੁਆਰਾ ਨਿਰਦੇਸ਼ਿਤ ਇਹ ਫਿਲਮ ਦੀਵਾਲੀ ਤੋਂ ਪਹਿਲਾਂ 10 ਨਵੰਬਰ ਨੂੰ ਪ੍ਰਾਈਮ ਵੀਡੀਓ ’ਤੇ ਭਾਰਤ ਸਮੇਤ ਦੁਨੀਆਂ ਭਰ ਵਿਚ ਸਟ੍ਰੀਮ ਹੋਵੇਗੀ। ਇਸ ਫਿਲਮ ਵਿਚ ਈਸ਼ਾਨ ਤੋਂ ਇਲਾਵਾ ਮ੍ਰਿਣਾਲ ਠਾਕੁਰ, ਪ੍ਰਿਯਾਂਸ਼ੂ ਪੇਨਯੁਲੀ ਅਤੇ ਸੋਨੀ ਰਾਜ਼ਦਾਨ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਪੀਪਾ’ ਬ੍ਰਿਗੇਡੀਅਰ ਬਲਰਾਮ ਸਿੰਘ ਮਹਿਤਾ ਦੀ ਕਿਤਾਬ ‘ਦਿ ਬਰਨਿੰਗ ਚੈਫੀਜ’ ’ਤੇ ਆਧਾਰਿਤ ਹੈ। ਫਿਲਮ ਮੁੱਖ ਰੂਪ ਤੋਂ ਪਾਕਿਸਤਾਨ ਦੁਆਰਾ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਭਾਰਤ ਦੀ ਅਹਿਮ ਭੂਮਿਕਾ ਨੂੰ ਦਰਸਾਉਂਦੀ ਹੈ। ਇਸ ਸੰਬੰਧ ਵਿਚ ਫਿਲਮ ਦੀ ਸਟਾਰ ਕਾਸਟ, ਨਿਰਦੇਸ਼ਕ ਅਤੇ ਬ੍ਰਿਗੇਡੀਅਰ ਬਲਰਾਮ ਸਿੰਘ ਮਹਿਤਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਈਸ਼ਾਨ ਖੱਟਰ
1971 ਦੀ ਜੰਗ ’ਚ ‘ਪੀਪਾ’ ਦਾ ਕੀ ਰੋਲ ਸੀ?
ਇਸ ਫਿਲਮ ਦਾ ਟਾਈਟਲ ਹੀ ਆਪਣੇ ਆਪ ’ਚ ਖਾਸ ਹੈ, ਜੋ ਸਿਰਫ ਅਤੇ ਸਿਰਫ ਤੁਹਾਨੂੰ ਪੀਪਾ ਬਾਰੇ ਹੀ ਦੱਸਦਾ ਹੈ। ਇਹ ਦਰਸ਼ਕਾਂ ਦੇ ਮਨ ਵਿਚ ਇਕ ਸਵਾਲ ਛੱਡਦਾ ਹੈ। ਸਰਲ ਭਾਸ਼ਾ ਵਿਚ ਕਹੀਏ ਤਾਂ ਇਕ ਘਿਓ ਦਾ ਇਕ ਖਾਲੀ ਡੱਬਾ ਜੋ ਪਾਣੀ ਵਿਚ ਤੈਰ ਸਕਦਾ ਹੈ, ਨੂੰ ਪੀਪਾ ਕਹਿੰਦੇ ਹਨ। ਇਹ ਫਿਲਮ ਵੀ ਇਸੇ ਤੋਂ ਪ੍ਰੇਰਿਤ ਹੈ। ਪੀਪਾ ਆਮ ਟੈਂਕ ਨਾਲੋਂ ਕਾਫੀ ਹਲਕਾ ਹੁੰਦਾ ਹੈ। ਇਸ ਦਾ ਆਰਮਰ ਬਹੁਤ ਹਲਕਾ ਹੁੰਦਾ ਹੈ, ਜਿਸ ਨੂੰ ਆਸਾਨੀ ਨਾਲ ਵਰਤਿਅਾ ਜਾ ਸਕਦਾ ਹੈ। ਇਸ ਟੈਂਕ ਨੂੰ 1971 ਦੀ ਜੰਗ ਵਿਚ ਬੜੀ ਸਮਝਦਾਰੀ ਨਾਲ ਵਰਤਿਆ ਗਿਆ, ਕਿਉਂਕਿ ਬੰਗਲਾਦੇਸ਼ ਦੇ ਬਾਰਡਰ ਨੇੜੇ ਬਹੁਤ ਸਾਰੀਆਂ ਝੀਲਾਂ ਆਦਿ ਸਨ, ਇਸ ਲਈ ਅਸੀਂ ਪੀਪਾ ਵਿਚ ਤੈਰ ਕੇ ਉੱਥੇ ਪਹੁੰਚੇ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸੋਚਦੇ, ਅਸੀਂ ਉੱਥੇ ਪਹੁੰਚ ਜਾਂਦੇ ਹਾਂ। ਇਸ ਨੂੰ ਸਕ੍ਰੀਨ ’ਤੇ ਦੇਖਣਾ ਕਾਫੀ ਨਵਾਂ ਹੋਵੇਗਾ ਪਰ ਅਸੀਂ 50 ਸਾਲ ਪਹਿਲਾਂ ਇਹ ਕਰ ਚੁੱਕੇ ਹਾਂ। ਪਹਿਲੀ ਵਾਰ ਦਰਸ਼ਕ ਕਿਸੇ ਫਿਲਮ ਵਿਚ ਟੈਂਕ ਦੀ ਮਹੱਤਤਾ ਦੇਖਣਗੇ।
ਸੈੱਟ ’ਤੇ ਸਭ ਤੋਂ ਵੱਧ ਹੈਰਾਨੀਜਨਕ ਭੂਮਿਕਾ ਕਿਸ ਦੀ ਸੀ?
ਮੇਰੇ ਹਿਸਾਬ ਨਾਲ ਸੋਨੀ ਰਾਜ਼ਦਾਨ ਮੈਮ ਸਾਡੇ ਲਈ ਸਭ ਤੋਂ ਵੱਧ ਹੈਰਾਨੀਜਨਕ ਰਹੇ ਹਨ। ਸ਼ੂਟਿੰਗ ਤੋਂ ਪਹਿਲਾਂ ਸਾਨੂੰ ਲੱਗਾ ਕਿ ਜਦੋਂ ਅਸੀਂ ਸੈੱਟ ’ਤੇ ਬਦਮਾਸ਼ੀ ਕਰਾਂਗੇ ਤਾਂ ਉਹ ਸਾਡੇ ਤੋਂ ਡਿਸਟਰਬ ਹੋਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਇਸਦੀਆਂ ਤਸਵੀਰਾਂ ਸਾਡੇ ਕੋਲ ਹਨ। ਜਦੋਂ ਵੀ ਅਸੀਂ ਕੋਈ ਅਜਿਹੀ ਹਰਕਤ ਕਰਦੇ ਤਾਂ ਉਹ ਆਰਾਮ ਨਾਲ ਬੈਠ ਜਾਂਦੇ ਸਨ। ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਅਸੀਂ ਕੀ ਕਰ ਰਹੇ ਹਾਂ।
ਸੋਨੀ ਰਾਜਦਾਨ
ਅੱਜ ਦੇ ਸਮੇਂ ਵਿਚ ਤੁਸੀਂ ਆਪਣੇ ਕਿਰਦਾਰ ਦੀ ਚੋਣ ਕਿਵੇਂ ਕਰਦੇ ਹੋ?
ਮੇਰੇ ਲਈ, ਸਭ ਤੋਂ ਪਹਿਲਾਂ ਨਿਰਦੇਸ਼ਕ ਦਾ ਵਿਜ਼ਨ ਹੈ ਕਿ ਫਿਲਮ ਰਾਹੀਂ ਕੀ ਦਿਖਾਉਣਾ ਚਾਹੁੰਦੇ ਹਨ। ਰਾਜਾ ਸਰ ਨੇ ਇਸ ਨੂੰ ਬੇਹੱਦ ਖੂਬਸੂਰਤੀ ਨਾਲ ਕੀਤਾ ਹੈ। ਇਸ ਦੇ ਬਾਅਦ ਮੇਰੇ ਲਈ ਸਕ੍ਰਿਪਟ ਆਉਂਦੀ ਹੈ। ਇੱਕ ਵਾਰ ਜਦੋਂ ਸਕ੍ਰਿਪਟ ਅਤੇ ਕਿਰਦਾਰ ਦੀਆਂ ਲਿਖੀਆਂ ਲਾਈਨਾਂ ਆ ਜਾਂਦੀਆਂ ਹਨ, ਤਾਂ ਬਾਕੀ ਸਭ ਕੁਝ ਸੈੱਟ ’ਤੇ ਆਪਣੇ ਆਪ ਹੀ ਹੋ ਜਾਂਦਾ ਹੈ। ਜਦੋਂ ਸੈੱਟ ’ਤੇ ਹੋਰ ਕਲਾਕਾਰ ਹੁੰਦੇ ਹਨ ਅਤੇ ਤੁਸੀਂ ਕਾਸਟੳੂਮ ’ਚ ਹੁੰਦੇ ਹੋ। ਉਸ ਸਮੇਂ ਜੋ ਮੋਮੈਂਟ ਕ੍ਰਿਏਟ ਹੁੰਦਾ ਹੈ, ਉਸ ਨਾਲ ਸਭ ਕੁਝ ਆਪਣੇ ਆਪ ਹੀ ਹੋ ਜਾਂਦਾ ਹੈ।
ਸੈੱਟ ’ਤੇ ਈਸ਼ਾਨ ਨਾਲ ਤੁਹਾਡੀ ਬਾਂਡਿੰਗ ਕਿਵੇਂ ਦੀ ਰਹੀ?
ਈਸ਼ਾਨ ਇਕ ਚੰਗਾ ਅਭਿਨੇਤਾ ਹੋਣ ਦੇ ਨਾਲ-ਨਾਲ ਸੁਭਾਅ ਤੋਂ ਵੀ ਬੜਾ ਚੰਚਲ ਹੈ। ਉਹ ਹਮੇਸ਼ਾ ਨਵੀਆਂ ਚੀਜ਼ਾਂ ਸਿੱਖਣ ਲਈ ਉਤਸ਼ਾਹਿਤ ਰਹਿੰਦਾ ਹੈ। ਜੇਕਰ ਮੇਰਾ ਵੀ ਬੇਟਾ ਹੁੰਦਾ ਤਾਂ ਮੈਂ ਚਾਹੁੰਦੀ ਕਿ ਉਹ ਈਸ਼ਾਨ ਵਰਗਾ ਹੀ ਹੁੰਦਾ।
ਬ੍ਰਿਗੇਡੀਅਰ ਬੀ.ਐੱਸ. ਮਹਿਤਾ
‘ਪੀਪਾ’ ਦਾ ਮਤਲਬ ਕੀ ਹੈ?
ਪੀ. ਟੀ.-76 (ਪਲਾਵੁਸ਼ੀ ਟੈਂਕ) ਇਕ ਰਸ਼ੀਅਨ ਟੈਂਕ ਹੈ, ਜੋ ਭਾਰਤ ਦੀ 45 ਕੈਵਲਰੀ ਰੈਜੀਮੈਂਟ ਨੇ ਲਿਆ। ਇਹ ਟੈਂਕ ਹਿੰਦੋਸਤਾਨ ਵਿਚ 1965-66 ਵਿਚ ਆਇਆ ਤਾਂ ਇਸ ਤੋਂ ਪਹਿਲਾਂ ਕਿਸੇ ਨੇ ਅਜਿਹਾ ਟੈਂਕ ਨਹੀਂ ਦੇਖਿਆ ਸੀ, ਜੋ ਪਾਣੀ ਵਿਚ ਤੈਰਦਾ ਹੋਵੇ। ਜਦੋਂ ਅਸੀਂ ਇਸ ਦਾ ਡੈਮੇਂਸਟ੍ਰੇਸ਼ਨ ਦੇ ਰਹੇ ਸੀ ਤਾਂ ਕਰੀਬ ਹਜ਼ਾਰ ਤੋਂ ਡੇਢ ਹਜ਼ਾਰ ਲੋਕ ਇਸ ਨੂੰ ਦੇਖ ਰਹੇ ਸੀ। ਅਜਿਹੇ ਵਿਚ ਜਿਵੇਂ ਹੀ ਇਹ ਟੈਂਕ ਪਾਣੀ ’ਚ ਵੜਿਆ ਤਾਂ ਸਾਡਾ ਇਕ ਅਧਿਕਾਰੀ, ਜਿਸ ਦਾ ਮਾਈਕ ਖੁੱਲ੍ਹਾ ਰਹਿ ਜਾਂਦਾ ਹੈ। ਉਸਦੇ ਮੂੰਹ ਤੋਂ ਇਕ ਦਮ ਨਿਕਲਦਾ ਹੈ ਕਿ ‘ਪੀਪਾ ਤੈਰ ਰਿਹਾ ਹੈ’। ਇਨ੍ਹਾਂ ਲਾਈਨਾਂ ਨੂੰ ਜਿਵੇਂ ਹੀ ਲੋਕਾਂ ਨੇ ਸੁਣਿਆ ਤਾਂ ਉਹ ਸਾਰੇ ਉੱਚੀ-ਉੱਚੀ ਹੱਸਣ ਲੱਗੇ। ਇਸ ਦੇ ਸਾਡੀ ਰੈਜੀਮੈਂਟ ਦੇ ਅੰਦਰ ਪੀਪਾ ਇਕ ਕੋਡਵਰਡ ਬਣ ਗਿਆ। ਸਾਲੋਂ-ਸਾਲ ਜਦੋਂ ਤੱਕ ਉਹ ਟੈਂਕ ਰਿਹਾ ਉਦੋਂ ਤੱਕ ਇਹੋ ਕੋਡਵਰਡ ਵਰਤੋਂ ਹੁੰਦਾ ਰਿਹਾ। ਹੁਣ ਵੀ ਜੇਕਰ ਸਾਨੂੰ ਕੋਈ ਵੀ ਕੰਮ ਕਰਨਾ ਹੋਵੇ, ਕੋਈ ਮੀਟਿੰਗ ਹੋਵੇ ਜਾਂ ਇਹ ਦੱਸਣਾ ਹੋਵੇ ਕਿ ਹੁਣ ਇੱਥੇ ਪਹੁੰਚਣਾ ਹੈ ਤਾਂ ਵੀ ਅਸੀਂ ਪੀਪਾ ਨੂੰ ਕੋਡਵਰਡ ਵਜੋਂ ਵਰਤਦੇ ਹਾਂ।
ਇਸ ਰੋਲ ਲਈ ਤੁਹਾਨੂੰ ਈਸ਼ਾਨ ਹੀ ਕਿਉਂ ਪ੍ਰਫੈਕਟ ਲੱਗੇ?
ਜਦੋਂ ਮੈਂ 26 ਸਾਲਾਂ ਦਾ ਸੀ ਤਾਂ ਮੈਂ ਯੰਗ ਕੈਵਲਰੀ ਕੈਪਟਨ ਸੀ। ਉੱਥੇ ਹੀ ਜਦੋਂ ਮੈਂ ਈਸ਼ਾਨ ਨੂੰ ਮਿਲਿਆ ਤਾਂ ਮੈਨੂੰ ਲੱਗਾ ਕਿ ਉਹ ਇਕ ਚੰਗੇ ਐਕਟਰ ਹੀ ਨਹੀਂ ਸਗੋਂ ਇਕ ਕੈਵਲਰੀ ਵਾਂਗ ਹੀ ਹਨ। ਉਨ੍ਹਾਂ ਨੇ ਪੀਪਾ ਵਿਚ ਵੀ ਆਪਣੇ ਕਿਰਦਾਰ ਨੂੰ ਬਹੁਤ ਖੂਬਸੂਰਤੀ ਨਾਲ ਨਿਭਾਇਆ ਵੀ ਹੈ। ਸਕ੍ਰੀਨ ’ਤੇ ਜਦੋਂ ਦਰਸ਼ਕ ਈਸ਼ਾਨ ਨੂੰ ਦੇਖਣਗੇ ਤਾਂ ਉਨ੍ਹਾਂ ਨੂੰ ਉਹ ਬਹੁਤ ਪਸੰਦ ਕਰਨਗੇ।
ਨਿਰਦੇਸ਼ਕ-ਰਾਜਾ ਕ੍ਰਿਸ਼ਨ ਮੇਨਨ
ਕੀ ਤੁਹਾਨੂੰ ਪੀਪਾ ਸ਼ਬਦ ਬਾਰੇ ਪਹਿਲਾਂ ਤੋਂ ਪਤਾ ਸੀ ?
ਮੈਂ ਪੰਜਾਬ ਤੋਂ ਬਹੁਤ ਦੂਰ ਹਾਂ, ਇਸ ਲਈ ਮੈਨੂੰ ਇਸ ਬਾਰੇ ਕੋਈ ਆਈਡੀਆ ਨਹੀਂ ਸੀ, ਪਰ ਜਦੋਂ ਬਲਰਾਮ ਸਰ ਨੇ ਇਸਦੀ ਕਹਾਣੀ ਬਾਰੇ ਦੱਸਿਆ ਤਾਂ ਮੈਨੂੰ ਉਹ ਕਾਫੀ ਦਿਲਚਸਪ ਲੱਗੀ। ਸਾਡੀ ਕਹਾਣੀ ਅਤੇ ਜੰਗ ਵਿਚ ਵੀ ਪੀਪਾ ਟੈਂਕ ਅਤੇ ਮਸ਼ੀਨ ਨਹੀਂ ਸਗੋਂ ਇਕ ਕਰੈਕਟਰ ਹੈ। ਸਾਡੇ ਲਈ ਇਹ ਇਕ ਇਮੋਸ਼ਨ ਵਾਂਗ ਹੈ। ਅਜਿਹੇ ਵਿਚ ਇਸ ਫਿਲਮ ਦਾ ਟਾਈਟਲ ਵੀ ਖਾਸ ਹੈ, ਜਿਸ ਨੰੂ ਦੇਖਣ ਦੇ ਬਾਅਦ ਲੋਕਾਂ ਵਿਚ ਇਸ ਨੂੰ ਜਾਣਨ ਦੀ ਦਿਲਚਸਪੀ ਵਧ ਜਾਂਦੀ ਹੈ।
ਫਿਲਮ ਵਿਚ ਤੱਥ ਅਤੇ ਭਾਵਨਾਤਮਕ ਪੱਖ ਵਿਚਕਾਰ ਕਿੰਨਾ ਕੁ ਤਾਲਮੇਲ ਰੱਖਿਆ ਗਿਆ ਹੈ?
ਸਬਜੈਕਟੀਵਿਟੀ ਬਨਾਮ ਆਬਜੈਕਟੀਵਿਟੀ ਵਿਚ ਹੁੰਦਾ ਕੀ ਹੈ ਕਿ ਸਾਡੇ ਆਪਣੇ ਵਿਚਾਰ ਕਿਸੇ ਵੀ ਚੀਜ਼ ਵਿਚ ਨਹੀਂ ਆਉਣੇ ਚਾਹੀਦੇ। ਭਾਵੇਂ ਉਹ ਕਿਤਾਬ ਹੋਵੇ ਜਾਂ ਫਿਲਮ। ਮੇਰੇ ਵਿਚਾਰ ਮੇਰੇ ਆਪਣੇ ਹਨ। ਜਦੋਂ ਅਸੀਂ ਕਿਸੇ ਸੱਚੀ ਘਟਨਾ ’ਤੇ ਫਿਲਮ ਬਣਾ ਰਹੇ ਹੁੰਦੇ ਹਾਂ ਤਾਂ ਇਸਨੂੰ ਪਿੱਛੇ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ। ਅਸਲੀਅਤ ਵਿਚ ਸਿਰਫ ਇਹੋ ਹੈ ਕਿ ਤੁਸੀਂ ਜਿੰਨਾ ਸੰਭਵ ਹੋ ਸਕੇ ਤੱਥਾਂ ਨੂੰ ਸੱਚਾਈ ਨਾਲ ਪੇਸ਼ ਕਰੋ।
ਐਲਵਿਸ਼ ਯਾਦਵ ਮਾਮਲਾ: ਗਾਇਕ ਫਾਜ਼ਿਲਪੁਰੀਆ ਦੇ ਪਿੰਡ ਸੱਪਾਂ ਨਾਲ ਪਹੁੰਚੇ ਸਨ ਮੁਲਜ਼ਮ, ਹੋਏ ਕਈ ਖ਼ੁਲਾਸੇ
NEXT STORY