ਜਲੰਧਰ (ਬਿਊਰੋ)– ਗਿੱਪੀ ਗਰੇਵਾਲ ਨੇ ਸਾਲ 2016 ’ਚ ‘ਅਰਦਾਸ’ ਫਿਲਮ ਰਾਹੀਂ ਆਪਣੇ ਪ੍ਰੋਡਕਸ਼ਨ ਹਾਊਸ ‘ਹੰਬਲ ਮੋਸ਼ਨ ਪਿਕਚਰਜ਼’ ਦੀ ਸ਼ੁਰੂਆਤ ਕੀਤੀ। ਗਿੱਪੀ ਗਰੇਵਾਲ ਗਾਇਕੀ ਤੇ ਅਦਾਕਾਰੀ ਦੇ ਜੌਹਰ ਤਾਂ ਦਿਖਾ ਹੀ ਰਹੇ ਸਨ ਪਰ ‘ਅਰਦਾਸ’ ਫ਼ਿਲਮ ਰਾਹੀਂ ਗਿੱਪੀ ਗਰੇਵਾਲ ਨੇ ਖ਼ੁਦ ਦੀ ਰਾਈਟਰ, ਡਾਇਰੈਕਟਰ ਤੇ ਪ੍ਰੋਡਿਊਸਰ ਵਜੋਂ ਪੰਜਾਬੀ ਸਿਨੇਮਾ ’ਚ ਵੱਖਰੀ ਪਛਾਣ ਬਣਾਈ। ਹਾਲਾਂਕਿ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਗਿੱਪੀ ਗਰੇਵਾਲ ਆਪਣੇ ਨਿਰਦੇਸ਼ਨ ਵਾਲੀ ਪਹਿਲੀ ਫ਼ਿਲਮ ‘ਅਰਦਾਸ’ ਨਹੀਂ, ਸਗੋਂ ‘ਅਕਾਲ’ ਬਣਾਉਣਾ ਚਾਹੁੰਦੇ ਸਨ। ਇਸ ਗੱਲ ਦਾ ਖ਼ੁਲਾਸਾ ਹਾਲ ਹੀ ’ਚ ਗਿੱਪੀ ਗਰੇਵਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਰਾਈਟਰ, ਡਾਇਰੈਕਟਰ ਤੇ ਪ੍ਰੋਡਿਊਸਰ ਵਜੋਂ ਆਪਣੀ ਸ਼ੁਰੂਆਤ ‘ਅਕਾਲ’ ਫ਼ਿਲਮ ਰਾਹੀਂ ਕਰਨਾ ਚਾਹੁੰਦੇ ਸਨ ਪਰ ਉਸ ਵੇਲੇ ਉਨ੍ਹਾਂ ਕੋਲ ਇੰਨਾ ਬਜਟ ਨਹੀਂ ਸੀ।
ਗਿੱਪੀ ਨੇ ਕਿਹਾ ਕਿ ‘ਅਰਦਾਸ’ ਫ਼ਿਲਮ ਦਾ ਤਜਰਬਾ ਸਫ਼ਲ ਰਿਹਾ, ਉਨ੍ਹਾਂ ਲਈ ‘ਅਰਦਾਸ’ ਫ਼ਿਲਮ ਇੰਨੀ ਵਧੀਆ ਰਹੀ ਕਿ ਉਹ ਅੱਜ ‘ਅਕਾਲ’ ਫ਼ਿਲਮ ਬਣਾਉਣ ਦੇ ਕਾਬਲ ਹੋਏ ਹਨ। ਨਾਲ ਹੀ ਗਿੱਪੀ ਨੇ ਇਹ ਵੀ ਕਿਹਾ ਕਿ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨਜ਼ ਨਾਲ ਹੱਥ ਮਿਲਾ ਕੇ ‘ਅਕਾਲ’ ਫ਼ਿਲਮ ਹੋਰ ਵੱਡੀ ਹੋ ਗਈ ਹੈ। ਦੱਸ ਦੇਈਏ ਕਿ ‘ਅਕਾਲ’ ਫ਼ਿਲਮ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਪ੍ਰਿੰਸਕੰਵਲਜੀਤ ਸਿੰਘ, ਨਿਕੀਤੀਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ, ਏਕਮ ਗਰੇਵਾਲ, ਅਸ਼ੀਸ਼ ਦੁੱਗਲ, ਭਾਨਾ ਐੱਲ. ਏ. ਤੇ ਜਰਨੈਲ ਸਿੰਘ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।
ਫ਼ਿਲਮ ਕਰਨ ਜੌਹਰ, ਅਦਾਰ ਪੂਨਾਵਾਲਾ, ਅਪੂਰਵਾ ਮਹਿਤਾ, ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ਨੂੰ ਸ਼ੰਕਰ ਅਹਿਸਾਨ ਲੋਏ ਨੇ ਸੰਗੀਤ ਦਿੱਤਾ ਹੈ, ਜੋ ਫ਼ਿਲਮ ਦੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 10 ਅਪ੍ਰੈਲ, 2025 ਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ ’ਚ ਰਿਲੀਜ਼ ਹੋਣ ਜਾ ਰਹੀ ਹੈ।
ਮੈਲਬੌਰਨ ਕੰਸਰਟ 'ਚ ਸਟੇਜ 'ਤੇ ਹੀ ਰੋਣ ਲੱਗੀ ਨੇਹਾ ਕੱਕੜ, ਲੱਗੇ 'ਵਾਪਸ ਜਾਓ' ਦੇ ਨਾਅਰੇ (ਵੇਖੋ ਵੀਡੀਓ)
NEXT STORY