ਚੰਡੀਗੜ੍ਹ (ਬਿਊਰੋ) - ਖ਼ੁਸ਼ਕਿਸਮਤ ਹੁੰਦੇ ਹਨ ਉਹ ਚਿਹਰੇ, ਜੋ ਤਜਰਬੇਕਾਰ ਨਿਰਦੇਸ਼ਕਾਂ ਨਾਲ ਕੰਮ ਕਰ ਕੇ ਘੱਟ ਉਮਰ 'ਚ ਬੁਲੰਦੀਆਂ ਨੂੰ ਛੂਹਦੇ ਹਨ। ਫ਼ਿਲਮੀ ਦੁਨੀਆ 'ਚ ਆਪਣਾ ਨਾਂ ਮਕਬੂਲ ਕਰਨ ਵਾਲੀ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਅਜਿਹੀ ਅਦਾਕਾਰਾ ਹੈ, ਜਿਸ ਨੇ ਘੱਟ ਉਮਰ 'ਚ ਵੱਡੀਆਂ ਬੁਲੰਦੀਆਂ ਨੂੰ ਛੂਹਿਆ ਹੈ। 26 ਅਗਸਤ 1980 ਨੂੰ ਬ੍ਰਿਟਿਸ਼ ਕੋਲੰਬੀਆ (ਕੈਨੇਡਾ) 'ਚ ਜਨਮੀ ਨੀਰੂ ਬਾਜਵਾ ਨੂੰ ਬਚਪਨ ਤੋਂ ਅਦਾਕਾਰਾ ਬਣਨ ਦਾ ਸ਼ੌਕ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੀ ਕੈਨੇਡਾ ਤੋਂ ਪ੍ਰਾਪਤ ਕੀਤੀ ਹੈ। ਉਸ ਦੀਆਂ ਦੋ ਭੈਣਾਂ ਰੂਬੀਨਾ ਬਾਜਵਾ, ਸਬਰੀਨਾ ਬਾਜਵਾ ਤੇ ਭਰਾ ਦਾ ਨਾਂ ਸੋਹਿਲ ਬਾਜਵਾ ਹੈ। ਉਸ ਦੀਆਂ ਦੋਵੇਂ ਭੈਣਾਂ ਰੁਬੀਨਾ ਬਾਜਵਾ ਤੇ ਸਬਰੀਨਾ ਬਾਜਵਾ ਵੀ ਫ਼ਿਲਮ ਖੇਤਰ 'ਚ ਸਰਗਰਮ ਹਨ। ਉਸ ਨੇ ਸਕੂਲ ਪੜ੍ਹਦੇ ਸਮੇਂ 'ਮਿਸ ਇੰਡੀਆ ਕੈਨੇਡਾ ਪੈਜੀਏਂਟ' ਪ੍ਰੋਗਰਾਮ ਦਾ ਹਿੱਸਾ ਬਣ ਕੇ ਦੂਜਾ ਸਥਾਨ ਪ੍ਰਾਪਤ ਕੀਤਾ।

ਫ਼ਿਲਮਾਂ ਦੇਖਣ ਦਾ ਸ਼ੌਕ ਲਿਆ ਫ਼ਿਲਮ ਨਗਰੀ 'ਚ
ਬਚਪਨ 'ਚ ਟੈਲੀਵਿਜ਼ਨ 'ਤੇ ਫ਼ਿਲਮਾਂ ਦੇਖਣ ਦੇ ਸ਼ੌਕ ਨਾਲ ਅਦਾਕਾਰਾ ਬਣਨ ਦਾ ਜਨੂੰਨ ਉਸ ਨੂੰ ਫ਼ਿਲਮ ਨਗਰੀ 'ਚ ਲੈ ਆਇਆ। ਉਸ ਨੇ ਆਪਣਾ ਫ਼ਿਲਮੀ ਸਫ਼ਰ ਹਿੰਦੀ ਸਿਨੇਮੇ ਤੋਂ ਸ਼ੁਰੂ ਕਰਕੇ ਛੋਟੇ ਪਰਦੇ ਤੋਂ ਹੁੰਦਿਆਂ ਪਾਲੀਵੁੱਡ 'ਚ ਬਤੌਰ ਹੀਰੋਇਨ ਆਪਣੀ ਵਿਲੱਖਣ ਅਦਾਕਾਰੀ ਨਾਲ-ਨਾਲ ਫ਼ਿਲਮ ਨਿਰਮਾਣ ਦੇ ਖੇਤਰ 'ਚ ਕਦਮ ਰੱਖ ਕੇ ਲੋਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਈ ਹੈ। ਉਸ ਨੇ ਹਰ ਤਰ੍ਹਾਂ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ। ਉਸ ਦਾ ਵਿਆਹ ਹੈਰੀ ਜਵੰਧਾ ਨਾਲ ਹੋਇਆ ਹੈ।

ਬਾਲੀਵੁੱਡ 'ਚ ਸ਼ੁਰੂਆਤ
ਆਪਣੀ ਕਿਸਮਤ ਦੇ ਸਿਤਾਰੇ ਚਮਕਾਉਣ ਲਈ ਨੀਰੂ ਬਾਜਵਾ ਨੂੰ ਮੁੰਬਈ ਆ ਕੇ ਪਰਦੇ 'ਤੇ ਆਉਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਸਾਲ 1998 'ਚ ਹਿੰਦੀ ਫ਼ਿਲਮਾਂ ਦੇ ਮਕਬੂਲ ਅਦਾਕਾਰ ਤੇ ਨਿਰਦੇਸ਼ਕ ਦੇਵ ਆਨੰਦ ਦੀ ਨਿਰਦੇਸ਼ਨਾ ਹੇਠ ਬਣੀ ਹਿੰਦੀ ਫ਼ਿਲਮ 'ਮੈਂ ਸੋਲਾਂ ਵਰਸ ਕੀ' ਨਾਲ ਉਸ ਨੇ ਵੱਡੇ ਪਰਦੇ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਹਿੰਦੀ ਦੀਆਂ ਹੋਰ ਫ਼ਿਲਮਾਂ 'ਪ੍ਰਿੰਸ', 'ਫੂੰਕ', 'ਮਿਲੇ ਨਾ ਮਿਲੇ ਹਮ' ਲਈ ਵੀ ਕੰਮ ਕੀਤਾ। ਫ਼ਿਲਮ 'ਸਪੈਸ਼ਲ 26' ਦੇ 'ਗੋਰੇ ਮੁਖੜੇ ਪੇ ਜ਼ੁਲਫੇਂ' ਗਾਣੇ 'ਚ ਵੀ ਉਹ ਨਜ਼ਰ ਆਈ।

ਨੀਰੂ ਬਾਜਵਾ ਨੇ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਫ਼ਿਲਮਾਂ 'ਚ ਕੰਮ ਕਰਨ ਤੋਂ ਇਲਾਵਾ ਛੋਟੇ ਪਰਦੇ 'ਤੇ ਵੀ ਆਪਣੀ ਵਿਲੱਖਣ ਅਦਾਕਾਰੀ ਨਾਲ ਹਿੰਦੀ ਲੜੀਵਾਰ 'ਅਸਤਿਤਵ... ਏਕ ਪ੍ਰੇਮ ਕਹਾਣੀ', 'ਜੀਤ', 'ਹਰੀ ਮਿਰਚੀ ਲਾਲ ਮਿਰਚੀ' ਆਦਿ 'ਚ ਅਹਿਮ ਰੋਲ ਨਿਭਾਏ, ਜਿਸ ਨਾਲ ਉਹ ਟੀ. ਵੀ. ਦੇ ਦਰਸ਼ਕਾਂ ਦੀ ਵੀ ਹਰਮਨ ਪਿਆਰੀ ਅਦਾਕਾਰਾ ਬਣੀ ।

ਪੰਜਾਬੀ ਸਿਨੇਮੇ ਦਾ ਸੁਨਹਿਰੀ ਸਫ਼ਰ
ਛੋਟੇ ਪਰਦੇ 'ਤੇ ਕੰਮ ਕਰਦਿਆਂ-ਕਰਦਿਆਂ ਨੀਰੂ ਬਾਜਵਾ ਨੂੰ ਪੰਜਾਬੀ ਫ਼ਿਲਮਾਂ ਕਰਨ ਦਾ ਮੌਕਾ ਮਿਲਿਆ। ਉੱਘੇ ਨਿਰਦੇਸ਼ਕ ਮਨਮੋਹਨ ਸਿੰਘ (ਮਨ ਜੀ) ਦੀ ਪਾਰਖੂ ਨਜ਼ਰ ਉਸ 'ਤੇ ਪਈ ਤੇ ਪੰਜਾਬੀ ਫ਼ਿਲਮ 'ਅਸਾਂ ਨੂੰ ਮਾਣ ਵਤਨਾਂ ਦਾ' ਰਾਹੀਂ ਉਸ ਦੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਫ਼ਿਲਮ 'ਚ ਬਾਕੀ ਕਲਾਕਾਰਾਂ ਨਾਲ-ਨਾਲ ਨੀਰੂ ਦੇ ਕੰਮ ਨੂੰ ਵੀ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।

ਪਾਲੀਵੁੱਡ 'ਚ ਸ਼ਾਨਦਾਰ ਖਾਤਾ ਖੋਲ੍ਹਣ 'ਚ ਕਾਮਯਾਬ ਨੀਰੂ ਬਾਜਵਾ ਨੇ ਅੱਗੇ ਵਧ ਕੇ ਇਕ ਤੋਂ ਬਾਅਦ ਇਕ ਦੋ ਦਰਜਨ ਦੇ ਕਰੀਬ ਸੁਪਰ ਹਿੱਟ ਪੰਜਾਬੀ ਫ਼ਿਲਮਾਂ ਫ਼ਿਲਮ ਇੰਡਸਟਰੀ ਨੂੰ ਦਿੱਤੀਆਂ। ਉਸ ਨੇ ਪੰਜਾਬੀ ਫ਼ਿਲਮ 'ਦਿਲ ਆਪਣਾ ਪੰਜਾਬੀ', 'ਮੇਲ ਕਰਾਦੇ ਰੱਬਾ', 'ਹੀਰ ਰਾਂਝਾ', 'ਪਤਾ ਨ੍ਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ', 'ਜੀਹਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ-2', 'ਆ ਗਏ ਮੁੰਡੇ ਯੂਕੇ ਦੇ', 'ਸਾਡੀ ਲਵ ਸਟੋਰੀ', 'ਨੌਟੀ ਜੱਟ', 'ਸਰਦਾਰ ਜੀ', 'ਚੰਨੋ', 'ਜਿੰਦੂਆ', 'ਆਟੇ ਦੀ ਚਿੜੀ', 'ੳ ਅ', 'ਛੜਾ', 'ਲੌਂਗ ਲਾਚੀ' ਆਦਿ ਫ਼ਿਲਮਾਂ 'ਚ ਆਪਣੇ ਦਿਲਕਸ਼ ਅੰਦਾਜ਼ ਵਾਲੀਆਂ ਅਦਾਵਾਂ ਨਾਲ ਯਾਦਗਾਰੀ ਰੋਲ ਨਿਭਾ ਕੇ ਆਪਣੇ ਪ੍ਰਸ਼ੰਸ਼ਕਾਂ ਦਾ ਘੇਰਾ ਵਿਸ਼ਾਲ ਕੀਤਾ ਹੈ।

ਫ਼ਿਲਮ ਨਿਰਮਾਣ ਵੱਲ ਰੁਝਾਨ
ਅਦਾਕਾਰਾ ਨੀਰੂ ਬਾਜਵਾ ਨੇ ਛੋਟੇ ਪਰਦੇ, ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਫ਼ਿਲਮਾਂ ਦੇ ਨਾਲ-ਨਾਲ ਅੰਗਰੇਜ਼ੀ ਫ਼ਿਲਮ 'ਬਾਲੀਵੁੱਡ ਬੌਂਡ' 'ਚ ਵੀ ਕੰਮ ਕੀਤਾ। ਆਪਣੀ ਵਿਲੱਖਣ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਨੀਰੂ ਬਾਜਵਾ ਨੇ ਫ਼ਿਲਮ ਨਿਰਮਾਣ 'ਚ ਵੀ ਆਪਣਾ ਹੱਥ ਅਜ਼ਮਾਇਆ ਹੈ। ਉਸ ਨੇ ਬਤੌਰ ਨਿਰਦੇਸ਼ਕ ਪੰਜਾਬੀ ਫ਼ਿਲਮ 'ਸਰਗੀ' ਬਣਾਈ ਅਤੇ ਇਸ ਫ਼ਿਲਮ ਰਾਹੀਂ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਲਾਂਚ ਕੀਤਾ।

ਮਾਣਮੱਤੀਆਂ ਪ੍ਰਾਪਤੀਆਂ
ਸਾਲ 2019 'ਚ ਰਿਲੀਜ਼ ਹੋਈ ਨਿਰਦੇਸ਼ਕ, ਲੇਖਕ ਤੇ ਅਦਾਕਾਰ ਅੰਬਰਦੀਪ ਸਿੰਘ ਦੀ ਪੰਜਾਬੀ ਫ਼ਿਲਮ 'ਲੌਂਗ-ਲਾਚੀ' ਨੂੰ ਜਿੱਥੇ ਦਰਸ਼ਕਾਂ ਨੇ ਸਲਾਹਿਆ, ਉੱਥੇ ਹੀ ਨੀਰੂ ਬਾਜਵਾ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਸ ਫ਼ਿਲਮ 'ਚ ਉਸ 'ਤੇ ਫਿਲਮਾਏ ਗਏ ਗਾਣੇ 'ਵੇ ਤੂੰ ਲੌਂਗ ਵੇ ਮੈਂ ਲਾਚੀ' ਨੂੰ ਲੋਕਾਂ ਨੇ ਅਥਾਹ ਪਿਆਰ ਦਿੱਤਾ ਹੈ। ਯੂ-ਟਿਊਬ 'ਤੇ ਇਸ ਗੀਤ ਦੇ 1.3 ਬਿਲੀਅਨ ਵਿਊਜ਼ ਹੋ ਚੁੱਕੇ ਹਨ ਭਾਵ 130 ਕਰੋੜ ਦੇ ਕਰੀਬ ਲੋਕਾਂ ਨੇ ਇਹ ਗਾਣਾ ਸੁਣਿਆ ਹੈ। ਇਸ ਦੀ ਸਫ਼ਲਤਾ ਨਾਲ ਨੀਰੂ ਬਾਜਵਾ ਦਾ ਫ਼ਿਲਮ ਜਗਤ 'ਚ ਕੱਦ ਹੋਰ ਉੱਚਾ ਹੋਇਆ ਹੈ।

ਇਨ੍ਹਾਂ ਪ੍ਰਾਜੈਕਟ 'ਚ ਆਵੇਗੀ ਨਜ਼ਰ
ਪਰਮਾਤਮਾ ਦੀ ਰਜ਼ਾ 'ਚ ਰਾਜ਼ੀ ਰਹਿਣ ਵਾਲੀ ਅਦਾਕਾਰਾ ਨੀਰੂ ਬਾਜਵਾ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹੈ ਕਿ ਉਸ ਨੂੰ ਤਜ਼ਰਬੇਕਾਰ ਨਿਰਦੇਸ਼ਕਾਂ ਦੀ ਨਿਰਦੇਸ਼ਨਾ ਤਹਿਤ ਕੰਮ ਕਰਨ ਦੇ ਨਾਲ-ਨਾਲ ਹਿੰਦੀ ਤੇ ਪੰਜਾਬੀ ਸਿਨੇਮੇ ਦੇ ਕਈ ਸਟਾਰ ਅਦਾਕਾਰਾਂ ਨਾਲ ਫ਼ਿਲਮਾਂ ਕਰਨ ਦਾ ਮੌਕਾ ਮਿਲਿਆ ਹੈ। ਉਸ ਦੀਆਂ ਆਉਣ ਵਾਲੀਆਂ ਹੋਰ ਪੰਜਾਬੀ ਫ਼ਿਲਮਾਂ 'ਚ 'ਪਾਣੀ ਵਿਚ ਮਧਾਣੀ', 'ਫੱਟੇ ਦਿੰਦੇ ਚੱਕ ਪੰਜਾਬੀ' ਅਤੇ 'ਛਾਵਾ ਨੀ ਗਰਧਾਰੀ ਲਾਲ' ਆਦਿ ਸ਼ਾਮਲ ਹਨ।

‘ਉੱਚਾ ਪਿੰਡ’ ਦੀ ਕਮਾਈ ਦਾ 5 ਫੀਸਦੀ ਹਿੱਸਾ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੀਤਾ ਜਾਵੇਗਾ ਦਾਨ
NEXT STORY