ਜਲੰਧਰ (ਬਿਊਰੋ) : ਖ਼ੇਤੀ ਬਿੱਲਾਂ ਦੇ ਵਿਰੋਧ 'ਚ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ ਦਾ ਰੁਝਾਨ ਹੁਣ ਖੱਬੇ ਪਾਸੇ ਝੁਕਣਾ ਸ਼ੁਰੂ ਹੋ ਗਿਆ ਹੈ। ਕਿਸਾਨ ਮਾਰੂ ਖ਼ੇਤੀ ਬਿੱਲਾਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਪੰਜਾਬੀ ਕਲਾਕਾਰ ਵੀ ਇਸ ਮੋਰਚੇ 'ਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਉਥੇ ਹੀ ਰੈਪ ਸਟਾਰ ਯੋ ਯੋ ਹਨੀ ਸਿੰਘ ਨੇ ਵੀ ਕਿਸਾਨਾਂ ਦੇ ਸਮਰਥਨ 'ਚ ਆਪਣੇ ਅਗਲੇ ਗੀਤ 'Saiyaan ji' ਦੀ ਰਿਲੀਜ਼ਿੰਗ ਰੋਕ ਦਿੱਤੀ ਹੈ। ਦਰਅਸਲ ਦਿੱਲੀ ਵਿਖੇ ਹੋ ਰਹੇ ਕਿਸਾਨ ਅੰਦੋਲਨ 'ਚ ਪੰਜਾਬੀ ਕਲਾਕਾਰ ਵੀ ਆਪਣਾ ਸਮਰਥਨ ਦੇ ਰਹੇ ਹਨ, ਜਿਸ ਕਾਰਨ ਇਹ ਗਾਇਕ ਆਪਣੇ ਸਿੰਗਲ ਟ੍ਰੈਕਸ ਦੀ ਬਜਾਏ ਕਿਸਾਨਾਂ ਨਾਲ ਜੁੜੇ ਗੀਤ ਰਿਲੀਜ਼ ਕਰ ਰਹੇ ਹਨ।
ਕੁਝ ਗਾਇਕਾਂ ਨੇ ਕਿਸਾਨ ਅੰਦੋਲਨ ਕਾਰਨ ਆਪਣੇ ਅਗਲੇ ਪ੍ਰੋਜੈਕਟਸ ਨੂੰ ਵੀ ਮੁਲਤਵੀ ਕਰ ਦਿੱਤੇ ਹਨ। ਹਨੀ ਸਿੰਘ ਨੇ ਵੀ ਆਪਣੇ ਅਗਲੇ ਗੀਤ 'Saiyaan ji' ਨੂੰ ਕਿਸਾਨਾਂ ਦੇ ਸਮਰਥਨ 'ਚ ਮੁਲਤਵੀ ਕਰ ਦਿੱਤਾ ਹੈ। ਇਸ ਬਾਰੇ ਹਨੀ ਸਿੰਘ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਪੋਸਟ ਕਰ ਲਿਖਿਆ, "ਕਿਸਾਨਾਂ ਦੇ ਪ੍ਰਦਰਸ਼ਨ ਦੀ ਇੱਜ਼ਤ ਕਰਦਿਆਂ ਇਸ ਦਸੰਬਰ 'Saiyaan ji' ਗੀਤ ਨਹੀਂ ਆਵੇਗਾ ਪਰ ਇਹ ਜਲਦ ਰਿਲੀਜ਼ ਹੋਵੇਗਾ, ਇਸ ਤੋਂ ਪਹਿਲਾ ਹਨੀ ਸਿੰਘ ਨੇ ਕਿਸਾਨਾਂ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨਣ ਦੀ ਅਪੀਲ ਕੀਤੀ ਸੀ।'
ਅਮਰਿੰਦਰ ਗਿੱਲ ਨੇ ਕਿਸਾਨੀ ਸੰਘਰਸ਼ ਲਈ ਚੁੱਕਿਆ ਵੱਡਾ ਕਦਮ
ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਕਿਸਾਨੀ ਸੰਘਰਸ਼ ਨਾਲ ਡਟੇ ਹੋਏ ਹਨ। ਸੋਸ਼ਲ ਮੀਡੀਆ ਰਾਹੀਂ ਅਮਰਿੰਦਰ ਗਿੱਲ ਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਅਮਰਿੰਦਰ ਗਿੱਲ ਤੇ ਉਨ੍ਹਾਂ ਦੇ ਭਰਾ ਕਾਰਜ ਗਿੱਲ ਦੀ ਕੰਪਨੀ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ ਵੀ ਕਿਸਾਨੀ ਸੰਘਰਸ਼ 'ਚ ਆਪਣਾ ਸਮਰਥਨ ਦਿੰਦਿਆਂ ਵੱਡਾ ਕਦਮ ਚੁੱਕਿਆ। ਦਰਅਸਲ ਉਨ੍ਹਾਂ ਦੀ ਕੰਪਨੀ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ 'ਜੀਓ ਸਾਵਨ' ਤੋਂ ਆਪਣਾ ਸਾਰਾ ਕੰਟੈਂਟ ਹਟਾਉਣ ਦੀ ਗੱਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਹਾਲ ਹੀ 'ਚ ਅਮਰਿੰਦਰ ਗਿੱਲ ਨੇ ਖ਼ੁਦ ਵੀ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਨੇ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਦੇ ਇਸ ਕਦਮ ਦੀ ਪ੍ਰਸ਼ੰਸਾਂ ਕੀਤੀ ਅਤੇ ਹੁਣ ਉਹ ਖ਼ੁਦ ਵੀ ਸਾਰਿਆਂ ਨੂੰ ਅਪੀਲ ਕਰ ਰਹੇ ਹਨ, ਰਿਲਾਇੰਸ ਤੇ ਜੀਓ ਸਾਵਨ ਦਾ ਬਾਈਕਾਟ ਕਰਨ ਨੂੰ ਆਖ ਰਹੇ ਹਨ।
ਜੈਜ਼ੀ ਬੀ ਨੇ ਟਵਿੱਟਰ 'ਤੇ ਲਿਖੀ ਇਹ ਗੱਲ
ਜੈਜ਼ੀ ਬੀ ਨੇ ਆਪਣੇ ਇਕ ਟਵੀਟ 'ਚ ਲਿਖਿਆ, 'ਆਓ ਸਾਰੇ ਰਲ ਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਰਿਲਾਇੰਸ ਦੇ ਜੀਓ ਸਾਵਨ ਦਾ ਬਾਈਕਾਟ ਕਰੀਏ। ਸਾਰੇ ਆਪਣੇ ਫੋਨਾਂ ਤੋਂ ਜੀਓ ਸਾਵਨ ਨਾਲ ਕੰਟਰੈਕਟ ਕੈਂਸਲ ਕਰਨ ਲਈ ਕਹੋ।'
'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ ਕੀਤਾ ਬਾਈਕਾਟ ਦਾ ਐਲਾਨ
ਬੀਤੇ ਦਿਨੀਂ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ ਫੇਸਬੁੱਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ''ਰਿਧਮ ਬੁਆਏਜ਼ ਐਂਟਰਟੇਨਮੈਂਟ' ਵਲੋਂ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਅਸੀਂ ਅੰਦੋਲਨ 'ਚ ਕਿਸਾਨਾਂ ਦੇ ਨਾਲ ਹਾਂ। ਇਸ ਤੋਂ ਇਲਾਵਾ ਅਸੀਂ 'ਜੀਓ ਸਾਵਨ' ਡਿਜੀਟਲ ਸਟੋਰ ਤੋਂ ਆਪਣਾ ਸਾਰਾ ਕੰਟੈਂਟ ਹਟਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਆਦਾਤਰ ਕੰਟੈਂਟ ਪਹਿਲਾਂ ਹੀ ਉਕਤ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਤੇ ਅਸੀਂ ਬਾਕੀ ਕੰਟੈਂਟ ਨੂੰ ਵੀ ਹਟਾਉਣ ਦਾ ਹੁਕਮ ਭੇਜ ਦਿੱਤਾ ਹੈ।'
ਨੋਟ- ਕਿਸਾਨਾਂ ਦੇ ਸਮਰਥਨ 'ਚ ਹਨੀ ਸਿੰਘ ਵਲੋਂ ਚੁੱਕੇ ਇਸ ਕਦਮ 'ਤੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਦਿਲਜੀਤ ਨਾਲ ਭਿੜਨ ਤੋਂ ਬਾਅਦ ਕੰਗਨਾ ਨੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੈ ਵਜ੍ਹਾ
NEXT STORY