ਮੁੰਬਈ (ਬਿਊਰੋ) : ਮੌਜੂਦਾ ਸਮੇਂ 'ਚ ਸੁਪਰ ਹਿੱਟ ਫ਼ਿਲਮਾਂ ਦੇ ਸੀਕਵਲ ਅਤੇ ਰੀਮੇਕ ਬਣਾਉਣ ਦਾ ਰੁਝਾਨ ਕਾਫ਼ੀ ਜ਼ੋਰਾਂ 'ਤੇ ਹੈ। ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਦੀ ਸਾਲ 2003 'ਚ ਰਿਲੀਜ਼ ਹੋਈ ਫ਼ਿਲਮ 'ਤੇਰੇ ਨਾਮ' 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ 'ਰਾਧੇ' ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਹੁਣ ਹਾਲ 'ਚ ਸਲਮਾਨ ਖ਼ਾਨ ਦੀ ਰਿਲੀਜ਼ ਫ਼ਿਲਮ 'ਰਾਧੇ' 'ਚ ਵੀ ਸਲਮਾਨ ਖ਼ਾਨ ਦੇ ਕਿਰਦਾਰ ਦਾ ਨਾਂ 'ਰਾਧੇ' ਹੈ। ਉਥੇ ਹੀ ਫ਼ਿਲਮ 'ਤੇਰੇ ਨਾਮ' ਦੇ ਸੀਕਵਲ ਦੀਆਂ ਅਟਕਲਾਂ ਨੇ ਜ਼ੋਰ ਫੜ੍ਹ ਲਿਆ ਹੈ।
ਦੱਸ ਦਈਏ ਕਿ ਇਸ ਸਬੰਧੀ 'ਤੇਰੇ ਨਾਮ' ਫ਼ਿਲਮ ਦੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਕਿਹਾ ਕਿ 'ਤੇਰੇ ਨਾਮ ਦੇ ਸੀਕਵਲ ਦਾ ਸਵਾਲ ਮੈਨੂੰ ਕਾਫ਼ੀ ਸਮੇਂ ਤੋਂ ਪੁੱਛਿਆ ਜਾ ਰਿਹਾ ਹੈ ਪਰ ਫਿਲਹਾਲ ਮੈਨੂੰ ਇਸ 'ਤੇ ਕੁਝ ਅੱਗੇ ਵਧਦਾ ਦਿਖਾਈ ਨਹੀਂ ਦੇ ਰਿਹਾ ਹੈ। ਜੇਕਰ ਫ਼ਿਲਮ ਦੇ ਹੀ ਕਿਰਦਾਰ ਅਤੇ ਕਹਾਣੀ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ 'ਮੇਰੇ ਨਾਮ' ਦਾ ਸੀਕਵਲ ਸਲਮਾਨ ਖ਼ਾਨ ਦੇ ਬਿਨਾਂ ਨਹੀਂ ਬਣ ਸਕਦਾ। ਇਸ ਲਈ ਜਦੋਂ ਉਹ ਇਸ ਫ਼ਿਲਮ 'ਤੇ ਫ਼ੈਸਲਾ ਲੈਣਗੇ ਤਾਂ ਹੀ ਇਸ ਨੂੰ ਅੱਗੇ ਵਧਾਉਣਾ ਮੁਮਕਿਨ ਹੋਵੇਗਾ। ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਲੋਕਾਂ 'ਚ ਫ਼ਿਲਮ 'ਤੇਰੇ ਨਾਮ' ਦੇ ਸੀਕਵਲ ਬਾਰੇ ਕਾਫ਼ੀ ਉਤਸ਼ਾਹ ਹੈ। ਮੈਂ ਚਾਹੁੰਦਾ ਹਾਂ ਕਿ 'ਤੇਰੇ ਨਾਮ' ਦਾ ਸੀਕਵਲ ਬਣੇ। ਜੇ ਮੇਰੇ ਦਿਮਾਗ਼ 'ਚ ਸੀਕਵਲ ਲਈ ਕੋਈ ਚੰਗੀ ਕਹਾਣੀ ਆਉਂਦੀ ਹੈ ਜਾਂ ਕੋਈ ਮੈਨੂੰ ਕਿਸੇ ਚੰਗੀ ਕਹਾਣੀ ਦੀ ਪੇਸ਼ਕਸ਼ ਕਰਦਾ ਹੈ ਤਾਂ ਮੈਂ ਸਲਮਾਨ ਨਾਲ ਗੱਲ ਕਰ ਕੇ ਇਸ ਨੂੰ ਅੱਗੇ ਵਧਾਉਣ ਬਾਰੇ ਜ਼ਰੂਰ ਸੋਚਾਂਗਾ।'
ਦੱਸ ਦਈਏ ਕਿ ਤਮਿਲ ਫ਼ਿਲਮ 'ਸੇਤੂ' ਦੇ ਹਿੰਦੀ ਰੀਮੇਕ ਫ਼ਿਲਮ 'ਤੇਰੇ ਨਾਮ' 'ਚ ਸਲਮਾਨ ਨਾਲ ਭੂਮਿਕਾ ਚਾਵਲਾ ਤੇ ਰਵੀ ਕਿਸ਼ਨ ਅਹਿਮ ਭੂਮਿਕਾਵਾਂ 'ਚ ਸਨ। ਇਸ ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਚੰਗਾ ਹੁੰਗਾਰਾ ਮਿਲਿਆ ਸੀ।
ਪਿਤਾ ਨੂੰ ਬਚਾਉਣ ਲਈ ਸੰਭਾਵਨਾ ਸੇਠ ਹਸਪਤਾਲ 'ਚ ਚੀਕ-ਚੀਕ ਮੰਗਦੀ ਰਹੀ ਮਦਦ, ਕੋਈ ਨਾ ਆਇਆ ਨੇੜੇ (ਵੀਡੀਓ)
NEXT STORY