ਮੁੰਬਈ- ਆਪਣੀ ਸੰਜੀਦਾ ਅਦਾਕਾਰੀ ਤੇ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਸ਼੍ਰੇਅਸ ਤਲਪੜੇ ਇਕ ਵਾਰ ਫਿਰ ਨਵੇਂ ਅਵਤਾਰ ’ਚ ਦਰਸ਼ਕਾਂ ਸਾਹਮਣੇ ਫਿਲਮ ‘ਕਪਕਪੀ’ ਜ਼ਰੀਏ ਆਏ ਹਨ, ਜਿਸ ’ਚ ਡਰ ਅਤੇ ਹਾਸੇ ਦਾ ਦਿਲਚਸਪ ਸੰਗਮ ਵੇਖਣ ਨੂੰ ਮਿਲੇਗਾ। ਫਿਲਮ ਜ਼ਰੀਏ ਸ਼੍ਰੇਅਸ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਜਾਨਰ ’ਚ ਫਿੱਟ ਬੈਠਦੇ ਹਨ। ਫਿਲਮ 23 ਮਈ ਨੂੰ ਰਿਲੀਜ਼ ਹੋ ਚੁੱਕੀ ਹੈ, ਜਿਸ ’ਚ ਉਨ੍ਹਾਂ ਨਾਲ ਤੁਸ਼ਾਰ ਕਪੂਰ ਵੀ ਨਜ਼ਰ ਆ ਰਹੇ ਹਨ ਤੇ ਇਸ ਨੂੰ ਸੰਗੀਤ ਸੀਵਨ ਨੇ ਡਾਇਰੈਕਟ ਕੀਤਾ ਹੈ। ਫਿਲਮ ਬਾਰੇ ਸ਼੍ਰੇਅਸ ਤਲਪੜੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ . . .
ਪ੍ਰ. ਫਿਲਮ ਨੂੰ ਕਿਵੇਂ ਦਾ ਹੁੰਗਾਰਾ ਮਿਲ ਰਿਹਾ ਹੈ?
-ਰਿਸਪਾਂਸ ਤਾਂ ਡਿਸੈਂਟ ਹੈ। ਥੋੜ੍ਹਾ ਹੌਲੀ ਜ਼ਰੂਰ ਹੈ ਪਰ ਹੌਸਲਾ ਵਧਾਉਣ ਵਾਲਾ ਹੈ। ਰਿਐਕਸ਼ਨ ਮਿਲੇ-ਜੁਲੇ ਮਿਲ ਰਹੇ ਹਨ ਪਰ ਚੰਗਾ ਲੱਗ ਰਿਹਾ ਹੈ ਆਪਣੇ ਕੰਮ ਦੀ ਪ੍ਰਸ਼ੰਸਾ ਸੁਣ ਕੇ।
ਪ੍ਰ. ਤੁਹਾਨੂੰ ਅਜਿਹਾ ਕੀ ਖ਼ਾਸ ਲੱਗਾ ਸੀ, ਜੋ ਤੁਸੀਂ ਫਿਲਮ ਲਈ ਹਾਂ ਕਹੀ?
-ਦੋ ਚੀਜ਼ਾਂ ਸਨ, ਪਹਿਲਾ ਰੀਜ਼ਨ ਤਾਂ ਸੰਗੀਤ ਸੀਵਨ ਸਰ ਸਨ, ਉਹ ਲੰਬੇ ਸਮੇਂ ਬਾਅਦ ਕੋਈ ਫਿਲਮ ਬਣਾ ਰਹੇ ਸਨ। ਮੈਂ ਪਹਿਲਾਂ ਵੀ 2 ਫਿਲਮਾਂ ਵਿਚ ਉਨ੍ਹਾਂ ਨਾਲ ਕੰਮ ਕਰ ਚੁੱਕਾ ਹਾਂ, ਇਸ ਲਈ ਮੈਨੂੰ ਉਨ੍ਹਾਂ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਉਹ ਮੇਰੇ ਲਈ ਮੇਰੇ ਪਿਤਾ ਬਰਾਬਰ ਹਨ। ਮੈਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਉਨ੍ਹਾਂ ਨਾਲ ਇਕ ਵੱਖਰੇ ਹੀ ਪੱਧਰ ਦਾ ਕੰਫਰਟ ਮਿਲਦਾ ਹੈ। ਉਹ ਵੀ ਇਕ ਅਦਾਕਾਰ ਦੇ ਤੌਰ ’ਤੇ ਸੈੱਟ ’ਤੇ ਮੈਨੂੰ ਬਹੁਤ ਕੰਫਰਟੇਬਲ ਰੱਖਦੇ ਸਨ। ਜਦੋਂ ਵੀ ਮੈਂ ਕੁਝ ਸੁਝਾਅ ਦਿੰਦਾ ਸੀ ਤਾਂ ਉਨ੍ਹਾਂ ਨੇ ਕਦੇ ਵੀ ਨਾਂਹ ਨਹੀਂ ਕਹੀ, ਉਹ ਹਮੇਸ਼ਾ ਮੇਰਾ ਹੌਂਸਲਾ ਵਧਾਉਂਦੇ ਸਨ। ਦੂਜਾ ਉਨ੍ਹਾਂ ਨੇ ਮਲਿਆਲਮ ਫਿਲਮ ‘ਰੋਮਾਂਚਮ’ ਦੇ ਰਾਈਟਸ ਲਏ ਹੋਏ ਸਨ। ਉਨ੍ਹਾਂ ਨੇ ਉਸ ਫਿਲਮ ਨੂੰ ਹਿੰਦੀ ’ਚ ਅਡਾਪਟ ਕੀਤਾ ਸੀ, ਇਸ ਲਈ ਉਨ੍ਹਾਂ ਨੇ ਮੈਨੂੰ ਓਰਿਜੀਨਲ ਫਿਲਮ ਵੀ ਦਿਖਾਈ। ਉਸ ਫਿਲਮ ਨੇ ਕੇਰਲ ਵਿਚ ਕਾਫ਼ੀ ਚੰਗਾ ਬਿਜ਼ਨੈੱਸ ਕੀਤਾ ਸੀ, ਇਸ ਲਈ ਹਰ ਅਦਾਕਾਰ ਨੂੰ ਲੱਗਦਾ ਹੀ ਹੈ ਕਿ ਚੰਗੀ ਫਿਲਮ ਹੈ ਅਤੇ ਚੰਗਾ ਬਿਜ਼ਨੈੱਸ ਕੀਤਾ ਹੈ ਅਤੇ ਕਹਾਣੀ ਮਜ਼ੇਦਾਰ ਹੈ ਤਾਂ ਕਿਉਂ ਨਾ ਕਰੀਏ ਤੇ ਉਹ ਵੀ ਉਦੋਂ ਜਦੋਂ ਰੋਲ ਵੀ ਵਧੀਆ ਹੈ ਅਤੇ ਡਾਇਰੈਕਟਰ ਵੀ ਵਧੀਆ ਹੋਣ।
ਪ੍ਰ. ਕੀ ਤੁਹਾਨੂੰ ਰੀਅਲ ਲਾਈਫ ’ਚ ਹਾਰਰ ਫਿਲਮਾਂ ਚੰਗੀਆਂ ਲੱਗਦੀਆਂ ਹਨ?
-ਨਹੀਂ, ਮੈਂ ਬਹੁਤ ਡਰਦਾ ਹਾਂ। ਰਾਤ ਨੂੰ ਜੇ ਮਨ ਹੋਵੇ ਤਾਂ ਆਵਾਜ਼ ਘੱਟ ਕਰ ਕੇ ਮੈਂ ਦੇਖ ਲੈਂਦਾ ਹਾਂ ਪਰ ਮੈਨੂੰ ਡਰ ਜ਼ਰੂਰ ਲੱਗਦਾ ਹੈ।
ਪ੍ਰ. ਰੀਅਲ ਲਾਈਫ ’ਚ ਤੁਹਾਡੇ ਨਾਲ ਕਦੇ ‘ਕਪਕਪੀ’ ਵਰਗਾ ਹੋਇਆ?
-ਮੈਨੂੰ ਇਸ ਐਨਰਜ਼ੀ ’ਚ ਵਿਸ਼ਵਾਸ ਤਾਂ ਹੈ। ਕਈ ਵਾਰ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਵੇਂ ਕਦੇ ਤੁਸੀਂ ਕਿਸੇ ਨਵੀਂ ਜਗ੍ਹਾ ’ਤੇ ਜਾਂਦੇ ਹੋ ਤਾਂ ਤੁਹਾਨੂੰ ਪਹਿਲੀ ਰਾਤ ਠੀਕ-ਠਾਕ ਹੀ ਨੀਂਦ ਆਉਂਦੀ ਹੈ ਅਤੇ ਕਈ ਵਾਰ ਤਾਂ ਜਦੋਂ ਤੁਸੀਂ ਕਿਸੇ ਹੋਟਲ ਦੇ ਕਮਰੇ ਵਿਚ ਜਾਂਦੇ ਹੋ ਤਾਂ ਫੀਲਿੰਗ ਸਹੀ ਨਹੀਂ ਆਉਂਦੀ। ਲੱਗਦਾ ਹੈ ਕਿ ਕੁਝ ਤਾਂ ਗੜਬੜ ਹੈ। ਮੇਰੇ ਨਾਲ ਇਕ ਵਾਰ ਅਜਿਹਾ ਹੋਇਆ ਸੀ, ਮੇਰੇ ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਬਹੁਤ ਸਮਾਂ ਪਹਿਲਾਂ ਮੈਂ ਇਕ ਮਰਾਠੀ ਡੇਲੀ ਸੋਪ ਦੀ ਸ਼ੂਟਿੰਗ ਕਰ ਰਿਹਾ ਸੀ। ਉਹ ਸੀਨ ਇਕ ਸੱਚੀ ਘਟਨਾ ’ਤੇ ਆਧਾਰਤ ਸੀ, ਜੋ ਕਿਸੇ ਨਾਲ ਵਾਪਰੀ ਸੀ ਅਤੇ ਉਹ ਇਕ ਲੜਕੀ ਸੀ। ਉਸ ਲੜਕੀ ਨਾਲ ਜੋ ਕੁਝ ਹੋਇਆ ਸੀ, ਅਸੀਂ ਲੋਕ ਸੀਨ ਵਿਚ ਉਹ ਸ਼ੂਟ ਕਰ ਰਹੇ ਸੀ।
ਰਿਹਰਸਲ ਆਦਿ ਸਭ ਹੋ ਗਈ ਸੀ ਪਰ ਜਿਉਂ ਹੀ ਡਾਇਰੈਕਟਰ ਐਕਸ਼ਨ ਬੋਲਦਾ ਸੀ, ਮੇਰੇ ਸਰੀਰ ’ਚ ਇਕਦਮ ਕਰੰਟ ਲੱਗਦਾ ਸੀ। ਪਹਿਲੀ ਵਾਰ ਜਦੋਂ ਹੋਇਆ ਤਾਂ ਮੈਂ ਕਿਹਾ ਸੀ ਕਿ ਕੀ ਕੋਈ ਕੇਬਲ ਖੁੱਲ੍ਹੀ ਹੈ, ਜੋ ਕਰੰਟ ਮਹਿਸੂਸ ਹੋ ਰਿਹਾ ਹੈ। ਮੈਂ ਦੇਖਿਆ ਕਿ ਮੈਂ ਕਿੱਥੇ ਟੱਚ ਕਰ ਰਿਹਾ ਹਾਂ ਤਾਂ ਉਨ੍ਹਾਂ ਕਿਹਾ ਕਿ ਸਭ ਚੈੱਕ ਕਰ ਲਿਆ ਹੈ, ਸਭ ਓ. ਕੇ. ਹੈ। ਪਹਿਲਾਂ ਮੈਂ ਰੇਲਿੰਗ ਕੋਲ ਖੜ੍ਹਾ ਸੀ, ਇਸ ਲਈ ਮੈਂ ਉੱਥੋਂ ਦੂਰ ਹੋ ਗਿਆ। ਫਿਰ ਦੂਜਾ-ਤੀਜਾ ਟੇਕ ਹੋਇਆ। ਜਿੰਨੀ ਵਾਰ ਵੀ ਮੈਂ ਟੇਕ ਲਏ, ਓਨੀ ਵਾਰ ਸਰੀਰ ’ਚ ਮੈਨੂੰ ਝਟਕਾ ਮਹਿਸੂਸ ਹੋਇਆ। ਮੇਰਾ ਮਾਈਕ ਵੀ ਚੈੱਕ ਕੀਤਾ ਗਿਆ ਪਰ ਸਭ ਠੀਕ ਸੀ। ਇੰਨਾ ਕੁਝ ਹੋਇਆ ਕਿ ਆਖ਼ਰਕਾਰ ਡਾਇਰੈਕਟਰ ਨੇ ਕਿਹਾ ਕਿ ਇਸ ਨੂੰ ਕੱਲ ਕਰਦੇ ਹਾਂ। ਫਿਰ 2-3 ਦਿਨਾਂ ਬਾਅਦ ਅਸੀਂ ਉਹ ਸੀਨ ਦੁਬਾਰਾ ਸ਼ੂਟ ਕਰਨਾ ਸ਼ੁਰੂ ਕੀਤਾ ਪਰ ਫਿਰ ਉਹੀ ਤਜਰਬਾ ਹੋਇਆ। ਉਸੇ ਸੀਨ ’ਚ, ਬਾਕੀ ਕਿਸੇ ਸੀਨ ’ਚ ਕੁਝ ਨਹੀਂ ਹੋਇਆ।
ਫਿਰ ਕਿਸੇ ਨੇ ਸਾਨੂੰ ਦੱਸਿਆ ਕਿ ਤੁਸੀਂ ਉਹ ਸੀਨ ਸ਼ੂਟ ਕਰ ਰਹੇ ਹੋ, ਜੋ ਇਕ ਲੜਕੀ ਨਾਲ ਅਸਲ ’ਚ ਹੋ ਚੁੱਕਾ ਹੈ, ਇਸ ਲਈ ਉਸ ਨੇ ਸਾਨੂੰ ਇਕ ਕੰਮ ਕਰਨ ਲਈ ਕਿਹਾ। ਉਸ ਨੇ ਕਿਹਾ ਕਿ ਤੁਸੀਂ ਉਸ ਲੜਕੀ ਤੋਂ ਮੁਆਫ਼ੀ ਮੰਗ ਲਓ ਤੇ ਇਕ ਛੋਟੀ ਜਿਹੀ ਪੂਜਾ ਕਰ ਲਓ। ਫਿਰ ਅਸੀਂ ਸੋਚਿਆ ਕਿ ਜੇ ਇਸ ਨਾਲ ਫ਼ਰਕ ਪੈਂਦਾ ਹੈ ਤਾਂ ਕਰ ਲੈਂਦੇ ਹਾਂ ਤੇ ਜਦੋਂ ਅਸੀਂ ਕੀਤਾ ਤਾਂ ਸਭ ਕੁਝ ਸੱਚਮੁੱਚ ਠੀਕ ਹੋ ਗਿਆ। ਇਹ ਬਹੁਤ ਅਜੀਬ ਹੈ ਪਰ ਇਹ ਮੇਰੇ ਨਾਲ ਹੋਇਆ। ਇਸ ਤੋਂ ਪਹਿਲਾਂ ਤੇ ਬਾਅਦ ’ਚ ਮੇਰੇ ਨਾਲ ਅਜਿਹਾ ਕਦੇ ਨਹੀਂ ਹੋਇਆ। ਇਹ ਸੱਚਮੁੱਚ ਮੇਰੇ ਨਾਲ ‘ਕਪਕਪੀ’ ਵਾਲਾ ਤਜਰਬਾ ਹੋਇਆ ਸੀ।
ਹਰ ਫਿਲਮ ਮੇਰੇ ਲਈ ਖ਼ਾਸ
ਪ੍ਰ. ਤੁਸੀਂ ਹਰ ਜਾਨਰ ’ਚ ਕੰਮ ਕੀਤਾ ਹੈ ਤਾਂ ‘ਕਪਕਪੀ’ ਨੂੰ ਤੁਸੀਂ ਆਪਣੇ ਕਰੀਅਰ ’ਚ ਕਿਵੇਂ ਦੇਖਦੇ ਹੋ?
- ਜਿੰਨੇ ਵੀ ਪ੍ਰੋਜੈਕਟ ਮੈਂ ਆਪਣੇ ਕਰੀਅਰ ’ਚ ਕੀਤੇ ਹਨ, ਉਹ ਸਾਰੇ ਹੀ ਮੇਰੇ ਲਈ ਬਹੁਤ ਖ਼ਾਸ ਹਨ। ਇੰਨੇ ਸਾਲ ਹੋ ਗਏ ਮੈਨੂੰ ਕੰਮ ਕਰਦੇ ਹੋਏ ਤੇ ਅੱਜ ਵੀ ਲੋਕ ਮੈਨੂੰ ਪਿਆਰ ਕਰ ਰਹੇ ਹਨ ਤੇ ਮੈਨੂੰ ਦੇਖਣਾ ਚਾਹੁੰਦੇ ਹਨ ਤਾਂ ਇਹ ਸਭ ਰੱਬ ਦੀ ਕਿਰਪਾ ਹੈ ਅਤੇ ਲੋਕਾਂ ਦਾ ਪਿਆਰ ਹੈ, ਜਿਸ ਕਾਰਨ ਇੰਡਸਟਰੀ ’ਚ ਮੈਨੂੰ ਲਗਭਗ 20 ਸਾਲ ਹੋ ਗਏ ਹਨ। ਹਰ ਫਿਲਮ ਮੇਰੇ ਲਈ ਖ਼ਾਸ ਹੈ ਕਿਉਂਕਿ ਹਰ ਫਿਲਮ ਨੇ ਮੈਨੂੰ ਇਕ ਕਦਮ ਅੱਗੇ ਵਧਾਇਆ ਹੈ ਤੇ ਮੈਨੂੰ ਪਿਆਰ ਦਿੱਤਾ ਹੈ।
ਪ੍ਰ. ਬਦਲਦੇ ਸਮੇਂ ’ਚ ਤੁਸੀਂ ਇਕ ਅਦਾਕਾਰ ਵਜੋਂ ਆਪਣੇ-ਆਪ ’ਚ ਕਿਹੜੇ ਬਦਲਾਅ ਦੇਖੇ ਹਨ?
-ਬਦਲਦੇ ਸਮੇਂ ਤੇ ਬਦਲਦੇ ਦਰਸ਼ਕਾਂ ਦੇ ਟੇਸਟ ਨਾਲ ਖ਼ੁਦ ਨੂੰ ਬਦਲਣਾ ਵੀ ਓਨਾ ਹੀ ਜ਼ਰੂਰੀ ਹੈ। ਜ਼ਰੂਰੀ ਇਹ ਵੀ ਹੈ ਕਿ ਤੁਸੀਂ ਆਪਣੇ ਐਥਿਕਸ ਤੇ ਮੋਰਲ ਸਿਸਟਮ ਨਾਲ ਸਮਝੌਤਾ ਨਾ ਕਰੋ। ਤੁਸੀਂ ਇੰਨੇ ਸਾਲਾਂ ’ਚ ਜੋ ਕੁਝ ਸਿੱਖਿਆ ਹੈ, ਉਸ ਦਾ ਇਕ ਪੱਧਰ ਬਰਕਰਾਰ ਰਹੇ। ਦਰਸ਼ਕਾਂ ਦੀਆਂ ਉਮੀਦਾਂ ਬਹੁਤ ਵਧ ਜਾਂਦੀਆਂ ਹਨ। ਥੀਏਟਰ ’ਚ ਸਿਖਾਇਆ ਜਾਂਦਾ ਹੈ ਕਿ ਹਮੇਸ਼ਾ ਸਿੱਖਦੇ ਰਹੋ, ਜਿਸ ਦਿਨ ਸਿੱਖਣਾ ਬੰਦ ਹੋ ਗਿਆ, ਉਸੇ ਦਿਨ ਸਮਝੋ ਖ਼ਤਮ ਹੈ। ਹਮੇਸ਼ਾ ਸਿੱਖਦੇ ਰਹੋ, ਆਬਜ਼ਰਵ ਕਰਦੇ ਰਹੋ।
24 ਸਾਲਾ ਮਸ਼ਹੂਰ ਬਿਊਟੀ ਇੰਨਫਲਾਂਸਰ ਦੀ ਮੌਤ, ਖਾਂਦੀ ਸੀ Lipstick ਸਣੇ ਕਈ ਮੇਕਅੱਪ ਪ੍ਰੋਡਕਟ
NEXT STORY