ਜ਼ਰਾ ਕਲਪਨਾ ਕਰੋ ਕਿ ਸਵੇਰੇ ਤੁਸੀਂ ਚਾਹ ’ਚ ਦੁੱਧ ਪਾਉਂਦੇ ਹੋ ਪਰ ਉਸ ਦੁੱਧ ’ਚ ਪਾਣੀ ਅਤੇ ਕੁਝ ਕੈਮੀਕਲ ਮਿਲੇ ਹੋਏ ਹਨ। ਜਾਂ ਫਿਰ ਮਿਰਚ ਪਾਊਡਰ ’ਚ ਸਿੰਥੈਟਿਕ ਕਲਰ ਮਿਲਿਆ ਹੈ। ਅਫ਼ਸੋਸ ਕਿ ਇਹ ਭਾਰਤ ’ਚ ਰੋਜ਼ਮੱਰਾ ਦੀ ਹਕੀਕਤ ਹੈ। ਖਾਣੇ ਦੇ ਸਾਮਾਨ ’ਚ ਮਿਲਾਵਟ ਅੱਜ ਦੇਸ਼ ਦੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਇਹ ਸਿਰਫ਼ ਪੈਸੇ ਬਚਾਉਣ ਦਾ ਲਾਲਚ ਨਹੀਂ, ਸਗੋਂ ਲੱਖਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ।
ਭਾਰਤ ’ਚ ਖਾਣੇ ਦੀ ਮਿਲਾਵਟ ਦੀਆਂ ਜੜ੍ਹਾਂ ਕਾਫ਼ੀ ਡੂੰਘੀਆਂ ਹਨ। ਐੱਫ. ਐੱਸ. ਐੱਸ. ਏ. ਆਈ. (ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ) ਦੇ ਅੰਕੜਿਆਂ ਮੁਤਾਬਕ ਵਿੱਤੀ ਵਰ੍ਹੇ 2026 ’ਚ ਟੈਸਟ ਕੀਤੇ ਗਏ ਹਰ 6 ਖੁਰਾਕੀ ਨਮੂਨਿਆਂ ’ਚੋਂ 1 ਫੇਲ ਹੋ ਗਿਆ। ਮਤਲਬ ਕਰੀਬ 16-17 ਫ਼ੀਸਦੀ ਸੈਂਪਲ ਸਟੈਂਡਰਡ ’ਤੇ ਖ਼ਰੇ ਨਹੀਂ ਉਤਰੇ। ਦੁੱਧ, ਘਿਓ, ਮਸਾਲੇ, ਪਨੀਰ, ਤੇਲ, ਚਾਹ ਪਾਊਡਰ, ਇਹ ਸਭ ਆਮ ਟਾਰਗੈੱਟ ਹਨ।
ਮਹਾਰਾਸ਼ਟਰ ’ਚ ਹਾਲ ਹੀ ’ਚ ਐੱਫ. ਡੀ. ਏ. ਦੀ ਰੇਡ ਦੌਰਾਨ ਟਰੱਕ ਵਾਲੇ ਦੁੱਧ ਸੁੱਟਣ ਲੱਗੇ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਮਿਲਾਵਟ ਫੜੀ ਜਾਵੇਗੀ। ਸ਼ੋਲਾਪੁਰ ’ਚ 37,000 ਲੀਟਰ ਤੋਂ ਵੱਧ ਮਿਲਾਵਟੀ ਦੁੱਧ ਜ਼ਬਤ ਅਤੇ ਨਸ਼ਟ ਕੀਤਾ ਗਿਆ। ਹੁਣ ਤੱਕ 359 ਗ੍ਰਿਫ਼ਤਾਰੀਆਂ, 235 ਐੱਫ. ਆਈ. ਆਰ. ਅਤੇ ਕਰੋੜਾਂ ਦਾ ਸਾਮਾਨ ਜ਼ਬਤ ਕੀਤਾ ਗਿਆ। ਦੁੱਧ ਕੁਲੈਕਸ਼ਨ 20-25 ਫੀਸਦੀ ਤੱਕ ਡਿੱਗ ਗਿਆ, ਜੋ ਦਿਖਾਉਂਦਾ ਹੈ ਕਿ ਪਹਿਲਾਂ ਕਿੰਨਾ ਘਪਲਾ ਚੱਲ ਰਿਹਾ ਸੀ।
ਦਿੱਲੀ-ਯੂ. ਪੀ. ’ਚ ਪਨੀਰ ਦੀ ਹਾਲਤ ਹੋਰ ਖ਼ਰਾਬ ਹੈ। 83 ਫ਼ੀਸਦੀ ਸੈਂਪਲ ਫੇਲ, 40 ਫ਼ੀਸਦੀ ਹਾਨੀਕਾਰਕ। ਪਾਮ ਆਇਲ, ਯੂਰੀਆ ਅਤੇ ਕੈਮੀਕਲ ਮਿਲਾ ਕੇ ਬਣਾਇਆ ਜਾਂਦਾ ਹੈ ਫੇਕ ਪਨੀਰ। ਮਸਾਲਿਆਂ ’ਚ ਸਿੰਥੈਟਿਕ ਡਾਈ, ਮੱਛੀ ’ਚ ਫਾਰਮੇਲਿਨ, ਘਿਓ ’ਚ ਵਨਸਪਤੀ ਤੇਲ ਆਦਿ। ਲਿਸਟ ਲੰਬੀ ਹੈ। ਦਿਹਾਤੀ ਇਲਾਕਿਆਂ ਤੋਂ ਲੈ ਕੇ ਸ਼ਹਿਰਾਂ ਤੱਕ, ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੀ ਸਪਲਾਈ ਚੇਨ ਤੱਕ ਇਹ ਫੈਲਿਆ ਹੋਇਆ ਹੈ। ਗਰੀਬ ਅਤੇ ਮੱਧ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਉਹ ਸਸਤਾ ਸਾਮਾਨ ਖਰੀਦਦੇ ਹਨ।
ਦਿੱਲੀ ’ਚ ਨਰਾਤਿਆਂ ਦੇ ਸਮੇਂ ਮਿਲਾਵਟੀ ਆਟਾ ਖਾਣ ਨਾਲ ਸੈਂਕੜੇ ਲੋਕ ਹਸਪਤਾਲ ਪਹੁੰਚ ਗਏ। ਪੰਜਾਬ ’ਚ ਘਿਓ ਅਤੇ ਮਠਿਆਈਆਂ ਦੀ ਰੇਡ ’ਚ ਹਜ਼ਾਰਾਂ ਕਿੱਲੋ ਸਾਮਾਨ ਜ਼ਬਤ ਕੀਤਾ ਗਿਆ।
ਭੈੜੇ ਨਤੀਜੇ ਕੀ ਹਨ : ਖਾਣੇ ਦੀ ਮਿਲਾਵਟ ਦੇ ਨੁਕਸਾਨ 2 ਤਰ੍ਹਾਂ ਦੇ ਹਨ। ਪਹਿਲਾ—ਪੇਟ ਦਰਦ, ਉਲਟੀਆਂ, ਡਾਇਰੀਆ, ਫੂਡ ਪੁਆਇਜ਼ਨਿੰਗ। ਲੰਮੇ ਸਮੇਂ ’ਚ ਲਿਵਰ-ਕਿਡਨੀ ਡੈਮੇਜ, ਕੈਂਸਰ, ਹਾਰਮੋਨਲ ਪ੍ਰੋਬਲਮ, ਨਿਊਰੋਲੌਜੀਕਲ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਦੁਨੀਆ ਭਰ ’ਚ ਮਿਲਾਵਟੀ ਖਾਣੇ ਦੀਆਂ ਚੀਜ਼ਾਂ ਨਾਲ 60 ਕਰੋੜ ਲੋਕ ਬੀਮਾਰ ਹੋ ਰਹੇ ਹਨ ਜਾਂ ਜਾਨ ਗੁਆ ਰਹੇ ਹਨ। ਭਾਰਤ ’ਚ ਇਹ ਅੰਕੜੇ ਹੋਰ ਭਿਆਨਕ ਹਨ। ਸਿੰਥੈਟਿਕ ਕਲਰ ਵਾਲੀ ਮਿਰਚ ਨਾਲ ਪੇਟ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਡਿਟਰਜੈਂਟ ਮਿਲੇ ਦੁੱਧ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੱਡੀਆਂ ਨੂੰ ਕਮਜ਼ੋਰ ਕਰ ਰਿਹਾ ਹੈ। ਦੂਜਾ, ਲੰਮੇ ਸਮੇਂ ਤੱਕ ਇਸ ਤਰ੍ਹਾਂ ਦੇ ਖੁਰਾਕੀ ਪਦਾਰਥਾਂ ਦੇ ਸੇਵਨ ਨਾਲ ਡਾਇਬਟੀਜ਼ ਅਤੇ ਦਿਲ ਦੀਆਂ ਬੀਮਾਰੀਆਂ ਵਧ ਰਹੀਆਂ ਹਨ।
ਸਰਕਾਰ ਦੀਆਂ ਕੋਸ਼ਿਸ਼ਾਂ : ਪਰ ਹੁਣ ਸਰਕਾਰ ਲੜਨ ਦੇ ਮੂਡ ’ਚ ਹੈ। ਐੱਫ. ਐੱਸ. ਐੱਸ. ਏ. ਆਈ. ਵੱਲੋਂ ਭਾਰਤ ’ਚ ਨਿਯਮਿਤ ਸੈਂਪਲਿੰਗ, ਰੇਡ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਹ ਭਾਰਤ ਸਰਕਾਰ ਦਾ ਉਹ ਮੁੱਖ ਸੰਗਠਨ ਹੈ, ਜੋ ਪੂਰੇ ਦੇਸ਼ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ, ਗੁਣਵੱਤਾ ਅਤੇ ਮਾਪਦੰਡਾਂ ਦੀ ਦੇਖਭਾਲ ਕਰਦਾ ਹੈ। ਸੂਬਿਆਂ ’ਚ ਐੱਫ. ਡੀ. ਏ., ਹੈਲਥ ਡਿਪਾਰਟਮੈਂਟ ਛਾਪੇ ਮਾਰ ਰਹੇ ਹਨ। ਪੈਨਲਟੀ, ਜੇਲ ਅਤੇ ਖ਼ਰਾਬ ਸਾਮਾਨ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਸਕੂਲਾਂ ’ਚ ਫੂਡ ਸੇਫ਼ਟੀ ਐਜੂਕੇਸ਼ਨ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਪਰ ਚੁਣੌਤੀਆਂ ਹਨ। ਸਰੋਤ ਘੱਟ ਹਨ, ਦਿਹਾਤੀ ਇਲਾਕਿਆਂ ’ਚ ਪਹੁੰਚ ਮੁਸ਼ਕਿਲ ਹੈ ਪਰ ਯਤਨ ਹੋ ਰਹੇ ਹਨ।
ਉਦਾਹਰਣ ਵਜੋਂ ਦਿੱਲੀ-ਹਰਿਆਣਾ ਹੱਦ ’ਤੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦਾ ਸੰਸਥਾਨ ਹੈ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਐਂਟਰਪ੍ਰੇਨਿਓਰਸ਼ਿਪ ਐਂਡ ਮੈਨੇਜਮੈਂਟ (ਨਿਫ਼ਟੇਮ)। ਇਥੇ ਖੁਰਾਕ ਖੋਜ ਅਤੇ ਵਿਸ਼ਲੇਸ਼ਣ ਕੇਂਦਰਾਂ ’ਚ ਖਾਣੇ ਦੀ ਮਿਲਾਵਟ ਡਿਟੈਕਸ਼ਨ, ਖੁਰਾਕ ਸੁਰੱਖਿਆ ਅਤੇ ਗੁਣਵੱਤਾ ’ਤੇ ਕੰਮ ਕੀਤਾ ਜਾ ਰਿਹਾ ਹੈ। ਇਧਰ ਰੈਪਿਡ ਟੈਸਟਿੰਗ ਕਿੱਟਸ, ਐਡਵਾਂਸਡ ਐਨਾਲਿਸਿਸ ਟੈਕਨੀਕਸ, ਖੁਰਾਕ ਸੁਰੱਖਿਆ ਮਾਪਦੰਡਾਂ ’ਤੇ ਖੋਜ ਕੀਤੀ ਜਾਂਦੀ ਹੈ। ਪ੍ਰਸਿੱਧ ਵਿਗਿਆਨੀ ਅਤੇ ਨਿਫ਼ਟੇਮ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਓਬਰਾਏ ਕਹਿੰਦੇ ਹਨ ਕਿ ਅਸੀਂ ‘ਥੋੜ੍ਹਾ ਘੱਟ, ਈਟ ਰਾਈਟ’ ਦੇ ਵਿਚਾਰ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਸਾਡੇ ਵਿਗਿਆਨੀਆਂ ਦੀ ਟੀਮ ਉਦਯੋਗਾਂ ਨਾਲ ਮਿਲ ਕੇ ਨਵੀਆਂ ਤਕਨੀਕਾਂ ਵਿਕਸਿਤ ਅਤੇ ਸਾਂਝੀਆਂ ਕਰਦੀ ਹੈ। ਮਤਲਬ, ਨਵੀਆਂ ਮਸ਼ੀਨਾਂ ਅਤੇ ਤਰੀਕੇ ਫੈਕਟਰੀਆਂ ਤੱਕ ਪਹੁੰਚਾ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਵਿਗਿਆਨੀ ਕਈ ਰਿਸਰਚ ਕਰ ਕੇ ਉਨ੍ਹਾਂ ਨੂੰ ਕਿਤਾਬਾਂ ਅਤੇ ਜਰਨਲ ’ਚ ਛਾਪਦੇ ਹਨ। ਇਸ ਨਾਲ ਦੂਜੇ ਲੋਕ ਵੀ ਸਿੱਖ ਪਾਉਂਦੇ ਹਨ।
ਵਿਸ਼ਵ ਖੁਰਾਕ ਸੁਰੱਖਿਆ ਦਿਵਸ ’ਤੇ ਨਿਫ਼ਟੇਮ ਖ਼ਾਸ ਪ੍ਰੋਗਰਾਮ ਆਯੋਜਿਤ ਕਰਦਾ ਹੈ। ਇਨ੍ਹਾਂ ’ਚ ਸੜਕ ਦੇ ਠੇਲੇ ਵਾਲੇ ਵਿਕ੍ਰੇਤਾਵਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਸਾਫ਼-ਸਫ਼ਾਈ, ਸਹੀ ਤਰੀਕੇ ਨਾਲ ਖਾਣਾ ਰੱਖਣ ਅਤੇ ਮਿਲਾਵਟ ਨਾ ਕਰਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਡਾ. ਓਬਰਾਏ ਕਹਿੰਦੇ ਹਨ ਕਿ ਅਸੀਂ ਭਾਰਤ ਨੂੰ ਇਕ ਇਸ ਤਰ੍ਹਾਂ ਦੇ ਦੇਸ਼ ਦੇ ਰੂਪ ’ਚ ਵਿਕਸਿਤ ਕਰਨਾ ਹੈ, ਜਿੱਥੇ ਖਾਣ-ਪੀਣ ਦੀਆਂ ਵਸਤੂਆਂ ’ਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਹੋਵੇ। ਦਰਅਸਲ ਖਾਣੇ ਦੀ ਮਿਲਾਵਟ ਨਾਲ ਨਜਿੱਠਣ ਲਈ ਸਸਤੀਆਂ ਅਤੇ ਤੇਜ਼ ਟੈਸਟ ਕਿੱਟਾਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਨਾਲ ਪਿੰਡ-ਸ਼ਹਿਰ ’ਚ ਕਿਤੇ ਵੀ ਆਸਾਨੀ ਨਾਲ ਚੈੱਕ ਕੀਤਾ ਜਾ ਸਕਦਾ ਹੈ। ਦੂਜੇ, ਇਹ ਰਿਸਰਚ ਐੱਫ. ਐੱਸ. ਐੱਸ. ਏ. ਆਈ. ਨੂੰ ਬਿਹਤਰ ਨਿਯਮ ਬਣਾਉਣ ਵਿਚ ਮਦਦ ਕਰਦੀਆਂ ਹਨ। ਤੀਜੇ, ਫੈਕਟਰੀਆਂ ਨੂੰ ਸਾਫ਼-ਸੁਥਰੀ ਪ੍ਰੋਸੈਸਿੰਗ ਤਕਨੀਕ ਦਿੱਤੀ ਜਾਂਦੀ ਹੈ, ਜਿਸ ਨਾਲ ਮਿਲਾਵਟ ਕਰਨ ਦੀ ਲੋੜ ਹੀ ਘੱਟ ਪੈਂਦੀ ਹੈ।
ਚੌਥੇ, ਜਾਗਰੂਕਤਾ ਪ੍ਰੋਗਰਾਮਾਂ ਅਤੇ ਟ੍ਰੇਨਿੰਗ ਨਾਲ ਪੂਰੀ ਸਪਲਾਈ ਚੇਨ ਮਜ਼ਬੂਤ ਹੁੰਦੀ ਹੈ। ਇਸ ਨਾਲ ਕਿਸਾਨ ਤੋਂ ਲੈ ਕੇ ਦੁਕਾਨਦਾਰ ਤੱਕ ਸਭ ਸੁਚੇਤ ਰਹਿੰਦੇ ਹਨ। ਪੰਜਵੇਂ, ਲੰਮੇ ਸਮੇਂ ’ਚ ਲੋਕਾਂ ਦੀਆਂ ਬੀਮਾਰੀਆਂ ਘੱਟ ਹੋਣਗੀਆਂ, ਸਿਹਤ ’ਤੇ ਖ਼ਰਚ ਘਟੇਗਾ ਅਤੇ ਭਾਰਤ ਦਾ ਖਾਣਾ ਵਿਦੇਸ਼ਾਂ ’ਚ ਵੀ ਜ਼ਿਆਦਾ ਵਿਕੇਗਾ।
ਉਦਾਹਰਣ ਦੇ ਤੌਰ ’ਤੇ, ਜੇਕਰ ਨਿਫ਼ਟੇਮ ਦੀ ਤਕਨੀਕ ਨਾਲ ਮਸਾਲੇ ਜਾਂ ਦੁੱਧ ਦੀ ਜਾਂਚ ਸਿਰਫ਼ 10 ਮਿੰਟ ’ਚ ਹੋ ਜਾਵੇ, ਤਾਂ ਅਧਿਕਾਰੀ ਤੁਰੰਤ ਛਾਪਾ ਮਾਰ ਸਕਣਗੇ। ਰੇਹੜੀ ਵਾਲੇ ਵਿਕ੍ਰੇਤਾ ਟ੍ਰੇਨਿੰਗ ਲੈ ਕੇ ਸਾਫ਼-ਸੁਥਰਾ ਅਤੇ ਅਸਲੀ ਖਾਣਾ ਵੇਚਣਗੇ, ਜਿਸ ਨਾਲ ਗਾਹਕ ਵੀ ਖ਼ੁਸ਼ ਰਹਿਣਗੇ।
ਸਭ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਖਰੀਦਦੇ ਸਮੇਂ ਲੇਬਲ ਚੰਗੀ ਤਰ੍ਹਾਂ ਪੜ੍ਹੋ, ਐੱਫ. ਐੱਸ. ਐੱਸ. ਏ. ਆਈ. ਦਾ ਲੋਗੋ ਦੇਖੋ ਅਤੇ ਜੇਕਰ ਕੁਝ ਗੜਬੜ ਲੱਗੇ ਤਾਂ ਸ਼ਿਕਾਇਤ ਜ਼ਰੂਰ ਕਰੋ। ਜੇਕਰ ਹਰ ਪੱਧਰ ’ਤੇ ਇਮਾਨਦਾਰੀ ਆਵੇ, ਤਾਂ ਸਿਹਤਮੰਦ ਭਾਰਤ ਦਾ ਸੁਪਨਾ ਸੱਚ ਹੋ ਸਕਦਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ’ਚ ਨਿਫ਼ਟੇਮ ਵਰਗੇ ਸੰਸਥਾਨਾਂ ਦਾ ਅਹਿਮ ਰੋਲ ਹੋਣ ਵਾਲਾ ਹੈ। ਯਾਦ ਰੱਖੋ, ਖਾਣਾ ਸਿਰਫ਼ ਪੇਟ ਭਰਨ ਲਈ ਨਹੀਂ, ਸਗੋਂ ਸਿਹਤ ਬਣਾਉਣ ਲਈ ਹੁੰਦਾ ਹੈ। ਆਓ, ਮਿਲ ਕੇ ‘ਈਟ ਰਾਈਟ’ ਮੁਹਿੰਮ ਨੂੰ ਅੱਗੇ ਵਧਾਈਏ!
–ਵਿਵੇਕ ਸ਼ੁਕਲਾ
ਛੋਟੇ ਸਕੂਲੀ ਬੱਚਿਆਂ ਦੀ ਯੂਨੀਫਾਰਮ ’ਚ ਟਾਈ ਨਹੀਂ ਹੋਣੀ ਚਾਹੀਦੀ
NEXT STORY