ਦੇਸ਼ ਵਿਚ ਕਈ ਅਜਿਹੇ ਨਾਇਕ ਰਹੇ ਹਨ, ਜਿਨ੍ਹਾਂ ਬਾਰੇ ਕੋਈ ਨਹੀਂ ਜਾਣਦਾ ਜਾਂ ਕਹਿ ਸਕਦੇ ਹਾਂ ਕਿ ਉਹ ਇਤਿਹਾਸ ਦੇ ਪੰਨਿਆਂ ਵਿਚ ਕਿਤੇ ਗੁਆਚ ਗਏ ਹਨ। ਅਜਿਹੀ ਹੀ ਇੱਕ ਫਿਲਮ ‘ਛਾਵਾ’ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਛਤਰਪਤੀ ਸੰਭਾਜੀ ਮਹਾਰਾਜ ਦੀ ਗਾਥਾ ’ਤੇ ਆਧਾਰਿਤ ਹੈ। ਛਤਰਪਤੀ ਸੰਭਾਜੀ ਮਹਾਰਾਜ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਸਨ, ਜਿਨ੍ਹਾਂ ਨੇ ਆਪਣੇ ਸਾਮਰਾਜ ਨੂੰ ਅੱਗੇ ਵਧਾਇਆ। ਇਸ ਫਿਲਮ ’ਚ ਵਿੱਕੀ ਕੌਸ਼ਲ ਛਤਰਪਤੀ ਸੰਭਾਜੀ ਮਹਾਰਾਜ ਦੀ ਭੂਮਿਕਾ ’ਚ ਨਜ਼ਰ ਆਉਣਗੇ, ਜਦਕਿ ਫ਼ਿਲਮ ’ਚ ਮੁੱਖ ਅਭਿਨੇਤਰੀ ਰਸ਼ਮਿਕਾ ਮੰਦਾਨਾ ਮਹਾਰਾਣੀ ਯੇਸੂਬਾਈ ਦਾ ਕਿਰਦਾਰ ਨਿਭਾਅ ਰਹੀ ਹਨ। ਫਿਲਮ ਦਾ ਨਿਰਦੇਸ਼ਨ ਲਕਸ਼ਮਣ ਉਤੇਕਰ ਨੇ ਕੀਤਾ ਹੈ ਅਤੇ ਮੈਡੋਕ ਫਿਲਮਜ਼ ਦੁਆਰਾ ਪ੍ਰੋਡਿਊਜ਼ ਕੀਤਾ ਗਿਆ ਹੈ। ਕਰੀਬ 344 ਸਾਲ ਪੁਰਾਣੀ ਇਸ ਗਾਥਾ ਨੂੰ ਅੱਜ ਦੇ ਸਮੇਂ ਵਿਚ ਦਿਖਾਉਣਾ ਸ਼ਲਾਘਾਯੋਗ ਹੈ। ਇਹ ਫਿਲਮ 14 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਵਿੱਕੀ ਕੌਸ਼ਲ ਅਤੇ ਰਸ਼ਮਿਕਾ ਮੰਦਾਨਾ ਨੇ ਫਿਲਮ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਵਿੱਕੀ ਕੌਸ਼ਲ
ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਫ਼ਿਲਮਾਂ ਬਹੁਤ ਘੱਟ ਆ ਰਹੀਆਂ ਸਨ, ਜਿਨ੍ਹਾਂ ਦਾ ਟਰੇਲਰ ਦੇਖ ਕੇ ਸਿਨੇਮਾਘਰਾਂ ’ਚ ਉਸ ਨੂੰ ਦੇਖਣ ਜਾਣ ਦਾ ਦਿਲ ਕਰੇ, ਇਸ ’ਤੇ ਤੁਸੀਂ ਕੀ ਕਹਿਣਾ ਚਾਹੋਗੇ?
-ਪਹਿਲੀ ਗੱਲ ਤਾਂ ਇਹ ਬਹੁਤ ਮੰਦਭਾਗੀ ਹੈ ਕਿ ਛਤਰਪਤੀ ਸੰਭਾਜੀ ਮਹਾਰਾਜ ਸਾਡੇ ਲਈ ਇੱਕ ਗੁਮਨਾਮ ਹੀਰੋ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਉਨ੍ਹਾਂ ਦੇ ਬੇਟੇ ਛਤਰਪਤੀ ਸੰਭਾਜੀ ਮਹਾਰਾਜ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਇਆ। ਉਨ੍ਹਾਂ ਆਪਣੀ ਬਹਾਦਰੀ ਨਾਲ ਅਜਿਹੀ ਅੱਗ ਲਗਾਈ ਕਿ ਮੁਗਲ ਸਾਮਰਾਜ ਦਾ ਅੰਤ ਹੋ ਗਿਆ। ਉਨ੍ਹਾਂ ਦੀ ਇਹ ਗਾਥਾ ਮਹਾਰਾਸ਼ਟਰ ਤੋਂ ਬਾਹਰ ਨਹੀਂ ਪਹੁੰਚ ਸਕੀ ਤਾਂ ਇਸ ਲਈ ਸਾਡੀ ਕੋਸ਼ਿਸ਼ ਇਹੋ ਰਹੀ ਹੈ ਕਿ ਇਸ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਇਸ ਦੇ ਲਈ ਮੈਂ ਸਾਡੇ ਨਿਰਮਾਤਾ ਦਿਨੇਸ਼ ਵਿਜਾਨ ਅਤੇ ਨਿਰਦੇਸ਼ਕ ਲਕਸ਼ਮਣ ਉਤੇਕਰ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਨਿਭਾਈ। ਸਾਡੀ ਪੂਰੀ ਟੀਮ ਨੇ ਇਸ ’ਤੇ ਬਹੁਤ ਮਿਹਨਤ ਕੀਤੀ ਹੈ। ਇਹ ਬਹੁਤ ਜਰੂਰੀ ਹੈ ਕਿ ਅਜਿਹੇ ਕਈ ਹੋਰ ਯੋਧਿਆਂ ਦੀ ਬਹਾਦਰੀ ਦੀਆਂ ਗਾਥਾਵਾਂ ਨੂੰ ਉਜਾਗਰ ਕੀਤਾ ਜਾਏ, ਜਿਨ੍ਹਾਂ ਬਾਰੇ ਅੱਜ ਦੀ ਪੀੜ੍ਹੀ ਨਹੀਂ ਜਾਣਦੀ। ‘ਛਾਵਾ’ ਨਾਲ ਸਾਡੀ ਕੋਸ਼ਿਸ਼ ਇਹੋ ਹੈ ਕਿ ਛਤਰਪਤੀ ਸੰਭਾਜੀ ਮਹਾਰਾਜ ਦੀ ਗਾਥਾ ਲੋਕਾਂ ਤੱਕ ਪਹੁੰਚੇ।
2015 ’ਚ ‘ਮਸਾਨ’ ਨਾਲ ਸ਼ੁਰੂਆਤ ਕਰਨ ਵਾਲੇ ਵਿੱਕੀ ਕੌਸ਼ਲ ਦੇ ਕਿਹੜੇ ਸੁਪਨੇ ਪੂਰੇ ਹੋਏ ਤੇ ਕਿਹੜੇ ਬਾਕੀ ਹਨ?
-ਮੇਰੇ ਬਹੁਤ ਸਾਰੇ ਸੁਪਨੇ ਸਨ ਪਰ ਉਸ ਸਮੇਂ ਕਹਿਣ ਦੀ ਹਿੰਮਤ ਨਹੀਂ ਸੀ, ਕਿਉਂਕਿ ਛੋਟੀਆਂ-ਛੋਟੀਆਂ ਭੂਮਿਕਾਵਾਂ ਹੀ ਮਿਲਦੀਆਂ ਸਨ ਅਤੇ ਮੈਂ ਸਿਰਫ਼ ਮੌਕੇ ਦੀ ਤਲਾਸ਼ ਵਿਚ ਸੀ। ਸ਼ੁਰੂਆਤੀ ਕਈ ਭੂਮਿਕਾਵਾਂ ਆਡੀਸ਼ਨਾਂ ਰਾਹੀਂ ਹੀ ਮਿਲੀਆਂ, ਪਰ ਆਖਿਰਕਾਰ ਉਹ ਸਮਾਂ ਆਇਆ ਜਦੋਂ ਨਿਰਦੇਸ਼ਕ ਮੇਰੇ ’ਤੇ ਭਰੋਸਾ ਕਰਨ ਲੱਗੇ ਅਤੇ ਮੈਨੂੰ ਸਿੱਧੇ ਆਫਰ ਮਿਲਣ ਲੱਗੇ। ‘ਮਨਮਰਜ਼ੀਆਂ’ ਪਹਿਲੀ ਫ਼ਿਲਮ ਸੀ, ਜੋ ਮੈਨੂੰ ਬਿਨਾਂ ਆਡੀਸ਼ਨ ਦੇ ਮਿਲੀ। ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਇੰਨੀ ਹਿੰਮਤ ਦਿੱਤੀ ਕਿਉਂਕਿ ਮੈਂ ਇੰਨਾ ਸੋਚਿਆ ਨਹੀਂ ਸੀ। ਦਰਸ਼ਕਾਂ ਦਾ ਪਿਆਰ ਮੇਰੇ ਲਈ ਸਭ ਤੋਂ ਵੱਡਾ ਆਤਮਵਿਸ਼ਵਾਸ ਸੀ, ਕਿਉਂਕਿ ਲੋਕਾਂ ਵੱਲੋਂ ਕੀਤੀ ਗਈ ਸ਼ਲਾਘਾ ਹੀ ਮੈਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਮੇਰੇ ਕਰੀਅਰ ਦੇ ਸ਼ਾਨਦਾਰ 10 ਸਾਲ ਬੇਹੱਦ ਖੂਬਸੂਰਤ ਰਹੇ ਹਨ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲੇ ਸਾਲ ਵੀ ਇੰਨੇ ਹੀ ਖੂਬਸੂਰਤ ਹੋਣ।
ਤੁਹਾਡੇ ਪਿਤਾ ਇੱਕ ਐਕਸ਼ਨ ਡਾਇਰੈਕਟਰ ਰਹੇ ਹਨ, ਤਾਂ ਬਚਪਨ ਤੋਂ ਹੀ ਤੁਸੀਂ ਇਹ ਦੇਖਿਆ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
-ਮੇਰਾ ਛੋਟਾ ਭਰਾ ਹੈ ਅਤੇ ਹਰ ਘਰ ਵਿਚ ਛੋਟੇ ਭਰਾ ਅਤੇ ਵੱਡੇ ਭਰਾ ਵਿਚਕਾਰ ਐਕਸ਼ਨ ਦੇਖ਼ਣ ਨੂੰ ਮਿਲਦਾ ਹੈ। ਸੱਚ ਦੱਸਾਂ ਤਾਂ ਮੈਨੂੰ ਐਕਸ਼ਨ ਫਿਲਮਾਂ ਬਹੁਤ ਪਸੰਦ ਹਨ। ਹੁਣ ਜਦੋਂ ਮੈਂ ਐਕਸ਼ਨ ਫਿਲਮ ਕਰ ਰਿਹਾ ਹਾਂ ਤਾਂ ਮੈਂ ਲਕਸ਼ਮਣ ਸਰ ਨੂੰ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ। ਮੈਨੂੰ ਐਕਸ਼ਨ ਜਾੱਨਰ ਮਿਲਿਆ ਹੈ ਅਤੇ ਕਿਤੇ ਨਾ ਕਿਤੇ ਮੇਰੇ ਅੰਦਰ ਉਹ ਜੀਨ ਐਕਟਿਵ ਹੋ ਗਿਆ ਹੈ ਕਿ ਹੁਣ ਮੈਂਨੂੰ ਹੋਰ ਐਕਸ਼ਨ ਕਰਨਾ ਹੈ।
‘ਛਾਵਾ’ ਦਾ ਟਰੇਲਰ ਦੇਖਣ ਤੋਂ ਬਾਅਦ ਤੁਹਾਡੇ ਪਿਤਾ ਦਾ ਕੀ ਰਿਐਕਸ਼ਨ ਸੀ?
-ਜਦੋਂ ਮੇਰੇ ਪਿਤਾ ਨੇ ਟਰੇਲਰ ਦੇਖਿਆ ਤਾਂ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਮੈਨੂੰ ਹਮੇਸ਼ਾ ਕਿਹਾ ਹੈ ਕਿ ਜਦੋਂ ਵੀ ਐਕਸ਼ਨ ਸੀਨ ਸ਼ੂਟ ਕਰਦੇ ਹੋ ਤਾਂ ਹਮੇਸ਼ਾ ਸੁਰੱਖਿਅਤ ਰਹਿਣਾ। ਇਹ ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਦੂਜਿਆਂ ਲਈ ਵੀ ਜਰੂਰੀ ਹੈ ਤਾਂ ਜੋ ਸ਼ੂਟਿੰਗ ਦਾ ਤਜਰਬਾ ਸੁਰੱਖਿਅਤ ਰਹੇ। ਉਹ ਹਮੇਸ਼ਾ ਇਹ ਕਹਿੰਦੇ ਹਨ ਕਿ ਹਰ ਸੀਨ ਤੋਂ ਪਹਿਲਾਂ ਰਿਹਰਸਲ ਕਰਨੀ ਚਾਹੀਦੀ ਹੈ।
ਵਿੱਕੀ ’ਚ ਅਜਿਹਾ ਕੀ ਹੈ, ਜੋ ਕਿਸੇ ਹੋਰ ’ਚ ਨਹੀਂ ਹੈ?
-ਇਹ ਤਾਂ ਮੈਂ ਨਹੀਂ ਕਹਾਂਗਾ ਕਿ ਇਹ ਸਿਰਫ ਮੇਰੇ ’ਚ ਹੀ ਹੈ, ਪਰ ਮੇਰੀ ਯੂ.ਐੱਸ.ਪੀ. ਮੇਰੀ ਪਰਵਰਿਸ਼ ਹੈ। ਮੇਰੇ ਪਰਿਵਾਰ ਨੇ ਮੈਨੂੰ ਬਚਪਨ ਤੋਂ ਹੀ ਸਭ ਕੁਝ ਸਿਖਾਇਆ ਹੈ ਅਤੇ ਮੈਂ ਆਪਣੇ ਪਿਤਾ ਤੋਂ ਬਹੁਤ ਕੁਝ ਸਿੱਖਿਆ ਹੈ, ਜੋ ਅੱਜ ਮੇਰੇ ਬਹੁਤ ਕੰਮ ਆ ਰਿਹਾ ਹੈ।
ਰਸ਼ਮਿਕਾ ਮੰਦਾਨਾ
‘ਪੁਸ਼ਪਾ 2’ ਤੋਂ ‘ਛਾਵਾ’ ਤੱਕ ਦੀ ਸਫਲਤਾ ’ਤੇ ਤੁਸੀਂ ਕੀ ਕਹਿਣਾ ਚਾਹੋਗੇ ਅਤੇ ਇਸ ਦਾ ਸਿਹਰਾ ਕਿਸ ਨੂੰ ਦੇਣਾ ਚਾਹੋਗੇ?
-ਮੈਨੂੰ ਲੱਗਦਾ ਹੈ ਕਿ ਮੇਰੀ ਸਫਲਤਾ ਦੇ ਪਿੱਛੇ ਕਿਸਮਤ, ਮਿਹਨਤ ਅਤੇ ਸਪੋਰਟ ਸੱਭ ਕੁਝ ਹੈ। ਬਹੁਤ ਸਾਰੇ ਲੋਕ ਹਨ ਜੋ ਮੇਰੇ ਤੋਂ ਸੀਨੀਅਰ ਹਨ ਅਤੇ ਬਹੁਤ ਵਧੀਆ ਹਨ, ਫਿਰ ਵੀ ਉਹ ਮੈਨੂੰ ਪਸੰਦ ਕਰਦੇ ਹਨ ਅਤੇ ਮੇਰਾ ਸਮਰਥਨ ਕਰਦੇ ਹਨ। ਇਸ ਵਿਚ ਮੇਰੀ ਕਿਸਮਤ ਦਾ ਵੀ ਵੱਡਾ ਯੋਗਦਾਨ ਹੈ, ਜੋ ਮੈਨੂੰ ਸਹੀ ਦਿਸ਼ਾ ਵੱਲ ਲੈ ਜਾਂਦੀ ਹੈ। ਇੱਕ ਸਾਊਥ ਇੰਡੀਅਨ ਲੜਕੀ ਜੋ ਅੱਜ ਮਹਾਰਾਸ਼ਟਰ ਦੀ ਰਾਣੀ ਦੀ ਭੂਮਿਕਾ ਨਿਭਾ ਰਹੀ ਹੈ, ਇਹ ਮੇਰੇ ਲਈ ਬਹੁਤ ਹੈਰਾਨੀਜਨਕ ਹੈ। ਸੰਭਾਜੀ ਮਹਾਰਾਜ ਬਾਰੇ ਅਸੀਂ ਕਿਤਾਬਾਂ ਵਿਚ ਪੜਿਆ, ਪਰ ਕਦੇ ਨਿੱਜੀ ਤੌਰ ’ਤੇ ਉਨ੍ਹਾਂ ਨਾਲ ਜੁੜਨ ਦਾ ਮੌਕਾ ਨਹੀਂ ਮਿਲਿਆ। ‘ਛਾਵਾ’ ਦਾ ਹਿੱਸਾ ਬਣਨ ਤੋਂ ਬਾਅਦ ਮੈਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਜਾਣ ਸਕੀ ਅਤੇ ਉਨ੍ਹਾਂ ਨਾਲ ਡੂੰਘਾ ਸਬੰਧ ਮਹਿਸੂਸ ਕੀਤਾ।
ਅਜ਼ਿਹੀ ਕੋਈ ਯਾਦ, ਆਦਤ ਜਾਂ ਕੁਝ ਹੋਰ ਜੋ ਤੁਸੀਂ ਸ਼ੂਟਿੰਗ ਦੌਰਾਨ ਸਿੱਖੀ ਹੈ ਅਤੇ ਜਿਸ ਨੂੰ ਤੁਸੀਂ ਸਾਰੀ ਉਮਰ ਆਪਣੇ ਨਾਲ ਰੱਖੋਗੇ?
-ਸੈੱਟ ’ਤੇ ਹਰ ਦਿਨ ਜਲਦੀ ਖਤਮ ਹੋ ਜਾਂਦਾ ਸੀ, ਪਰ ਹਰ ਦਿਨ ਬਹੁਤ ਖਾਸ ਹੁੰਦਾ ਸੀ। ਫਿਲਮ ਖਤਮ ਹੋਣ ਤੋਂ ਬਾਅਦ ਮੈਂ ਬਹੁਤ ਭਾਵੁਕ ਹੋ ਗਈ ਸੀ। ਮੈਨੂੰ ਕੁਝ ਦਿਨ ਮਿਲੇ, ਪਰ ਮੈਂ ਸੈੱਟ ’ਤੇ ਸਾਰਿਆਂ ਨਾਲ ਜੁੜ ਗਈ ਸੀ। ਗਹਿਣੇ, ਕੱਪੜੇ ਅਤੇ ਕਿਰਦਾਰ ਹਰ ਚੀਜ਼ ਬਹੁਤ ਖ਼ੂਬਸੂਰਤ ਸੀ। ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ।
ਰਣਵੀਰ ਨੂੰ ਇਕ ਹੋਰ ਝਟਕਾ, ਉਰਵਸ਼ੀ ਰੌਤੇਲਾ ਨੇ ਅਨਫਾਲੋ ਕਰਕੇ ਕਰ 'ਤਾ ਵੱਡਾ ਐਲਾਨ
NEXT STORY