ਚੰਡੀਗੜ੍ਹ (ਬਿਊਰੋ)– ਕੰਗਨਾ ਰਣੌਤ ਆਏ ਦਿਨ ਵਿਵਾਦਾਂ ’ਚ ਘਿਰੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਜਿਥੇ ਪਹਿਲਾਂ ਦੇਸ਼ ਦੀ ਆਜ਼ਾਦੀ ਨੂੰ ‘ਭੀਖ’ ਦੱਸਿਆ, ਉਥੇ ਬੀਤੇ ਦਿਨੀਂ ਉਸ ਨੇ ਕਿਸਾਨ ਅੰਦੋਲਨ ਦੀ ਜਿੱਤ ਨੂੰ ਲੈ ਕੇ ਭਾਰਤ ਨੂੰ ‘ਜਿਹਾਦੀ ਮੁਲਕ’ ਤਕ ਆਖ ਦਿੱਤਾ।
ਇਹ ਵਿਵਾਦ ਅਜੇ ਖ਼ਤਮ ਨਹੀਂ ਹੋਏ ਸਨ, ਹੁਣ ਉਸ ਨੇ ਇਕ ਹੋਰ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕਰ ਦਿੱਤੀ ਹੈ। ਅਸਲ ’ਚ ਕੰਗਨਾ ਰਣੌਤ ਨੇ ਖ਼ਾਲਿਸਤਾਨ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ।
ਇਸ ਪੋਸਟ ’ਚ ਕੰਗਨਾ ਲਿਖਦੀ ਹੈ, ‘ਖ਼ਾਲਿਸਤਾਨੀ ਅੱਤਵਾਦੀਆਂ ਨੇ ਭਾਵੇਂ ਅੱਜ ਸਰਕਾਰ ਤੋਂ ਆਪਣੇ ਹੱਥ ਘੁਮਾ ਲਏ ਹੋਣ ਪਰ ਇਕ ਮਹਿਲਾ ਨੂੰ ਭੁਲਾਇਆ ਨਹੀਂ ਜਾ ਸਕਦਾ, ਸਿਰਫ ਇਕੋ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਉਸ ਨੇ ਇਸ ਦੇਸ਼ ਖ਼ਾਤਿਰ ਕਿੰਨਾ ਕੁਝ ਬਰਦਾਸ਼ਤ ਕੀਤਾ। ਉਸ ਨੇ ਆਪਣੀ ਜ਼ਿੰਦਗੀ ਗੁਆ ਕੇ ਇਨ੍ਹਾਂ ਨੂੰ ਮੱਛਰਾਂ ਵਾਂਗ ਮਸਲ ਦਿੱਤਾ ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਉਸ ਦੀ ਮੌਤ ਦੇ ਦਹਾਕਿਆਂ ਬਾਅਦ ਵੀ ਇਹ ਉਸ ਦੇ ਨਾਂ ਤੋਂ ਕੰਬਦੇ ਹਨ। ਇਨ੍ਹਾਂ ਨੂੰ ਉਸੇ ਤਰ੍ਹਾਂ ਦਾ ਗੁਰੂ ਚਾਹੀਦਾ ਹੈ।’
ਦੱਸ ਦੇਈਏ ਕਿ ਕੰਗਨਾ ਰਣੌਤ ਇੰਦਰਾ ਗਾਂਧੀ ’ਤੇ ਬਣਨ ਵਾਲੀ ਫ਼ਿਲਮ ‘ਐਮਰਜੈਂਸੀ’ ’ਚ ਕੰਮ ਵੀ ਕਰ ਰਹੀ ਹੈ। ਅਜਿਹੇ ’ਚ ਉਸ ਵਲੋਂ ਇਸ ਤਰ੍ਹਾਂ ਦੀ ਪੋਸਟ ਸਿਰਫ ਫ਼ਿਲਮ ਲਈ ਸਸਤਾ ਪ੍ਰਚਾਰ ਮੰਨਿਆ ਜਾ ਰਿਹਾ ਹੈ।
ਕੰਗਨਾ ਦੀ ਇਸ ਪੋਸਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਤਰਾਜ਼ ਜਤਾਇਆ ਹੈ। ਸਿਰਸਾ ਨੇ ਟਵੀਟ ਕਰਦਿਆਂ ਆਖਿਆ, ‘ਕੰਗਨਾ ਰਣੌਤ ਧਰਮ ਯੁੱਧ ਚਾਹੁੰਦੀ ਹੈ। ਉਸ ਦੀ ਸਿੱਖਾਂ ਪ੍ਰਤੀ ਨਫਰਤ ਸਾਹਮਣੇ ਆ ਰਹੀ ਹੈ। ਹੁਣ ਜਦੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਹੋ ਗਿਆ ਹੈ ਤਾਂ ਉਸ ਨੇ 1984 ਨੂੰ ਲੈ ਕੇ ਸਿੱਖਾਂ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਹੈ। ਮੈਂ ਅਨੁਰਾਗ ਠਾਕੁਰ ਨੂੰ ਬੇਨਤੀ ਕਰਦਾ ਹਾਂ ਕਿ ਉਸ ਦੇ ਸੋਸ਼ਲ ਮੀਡੀਆ ਹੈਂਡਲ ਬੈਨ ਕਰ ਦਿੱਤੇ ਜਾਣ। ਅਸੀਂ ਨਫਰਤ ਫੈਲਾਉਣ ਦੇ ਚਲਦਿਆਂ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਵਾਲੇ ਹਾਂ।’
ਇਸ ਤੋਂ ਇਲਾਵਾ ਸਿਰਸਾ ਨੇ ਵੀਡੀਓ ਵੀ ਟਵਿਟਰ ’ਤੇ ਸਾਂਝੀ ਕੀਤੀ ਹੈ।
ਨੋਟ– ਕੰਗਨਾ ਦੀ ਇਸ ਪੋਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਖੇਤੀ ਕਾਨੂੰਨ ਵਾਪਸ ਲੈਣ 'ਤੇ ਜੱਸ ਬਾਜਵਾ ਨੇ ਸਾਂਝੀ ਕੀਤੀ ਖੁਸ਼ੀ (ਵੀਡੀਓ)
NEXT STORY