ਬੈਂਕਾਕ (ਥਾਈਲੈਂਡ)- ਥਾਈਲੈਂਡ : ਮੈਕਸੀਕਨ ਮਾਡਲ ਫਾਤਿਮਾ ਬੌਸ਼ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਜਿੱਤ ਲਿਆ ਹੈ। ਮਿਸ ਮੈਕਸੀਕੋ ਵਜੋਂ ਫਾਤਿਮਾ ਬੋਸ਼ ਦੀ ਇਹ ਜਿੱਤ ਉਸ ਸੰਘਰਸ਼ ਅਤੇ ਵਿਵਾਦ ਤੋਂ ਬਾਅਦ ਹੋਈ ਹੈ ਜਿਸ ਵਿੱਚੋਂ ਉਨ੍ਹਾਂ ਨੂੰ ਗੁਜ਼ਰਨਾ ਪਿਆ। ਜਦੋਂ ਫਾਤਿਮਾ ਬੌਸ਼ ਨੂੰ ਮੰਚ 'ਤੇ ਤਾਜ ਪਹਿਨਾਇਆ ਗਿਆ ਤਾਂ ਉਹ ਬਹੁਤ ਭਾਵੁਕ ਹੋ ਗਈ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ, ਜੋ ਕਿ ਉਨ੍ਹਾਂ ਦੀਆਂ ਵਰ੍ਹਿਆਂ ਦੀ ਮਿਹਨਤ ਅਤੇ ਮਹੀਨਿਆਂ ਦੇ ਧੀਰਜ ਦਾ ਫਲ ਸਨ।
ਵਿਵਾਦ ਦਾ ਕੇਂਦਰ ਬਣੀ ਸੀ ਫਾਤਿਮਾ ਬੌਸ਼
ਇਹ ਸੁੰਦਰਤਾ ਮੁਕਾਬਲਾ, ਜਿਸਦਾ ਆਯੋਜਨ ਇਸ ਵਾਰ ਥਾਈਲੈਂਡ ਵਿੱਚ ਹੋਇਆ, ਜੇਤੂ ਦੇ ਨਾਮ ਦੇ ਐਲਾਨ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ ਸੀ। ਫਿਨਾਲੇ ਤੋਂ ਪਹਿਲਾਂ, ਇਸ ਮਹੀਨੇ ਦੀ ਸ਼ੁਰੂਆਤ (4 ਨਵੰਬਰ) ਨੂੰ ਫਾਤਿਮਾ ਬੌਸ਼ ਇੱਕ ਵੱਡੇ ਵਿਵਾਦ ਦਾ ਹਿੱਸਾ ਬਣੀ। ਕਥਿਤ ਤੌਰ 'ਤੇ ਫਾਤਿਮਾ ਨੂੰ ਭਰੇ ਮੰਚ 'ਤੇ 'ਬੇਵਕੂਫ' ਕਿਹਾ ਗਿਆ ਸੀ। ਇਹ ਅਪਮਾਨਜਨਕ ਸ਼ਬਦ ਮਿਸ ਥਾਈਲੈਂਡ ਦੇ ਡਾਇਰੈਕਟਰ ਨਵਾਤ ਇਤਸਰਾਗ੍ਰਿਸਿਲ ਨੇ ਵਰਤਿਆ ਸੀ। ਇਹ ਝਾੜ-ਝੰਬ ਕਥਿਤ ਤੌਰ 'ਤੇ ਥਾਈਲੈਂਡ ਨਾਲ ਸਬੰਧਤ ਪ੍ਰੋਮੋਸ਼ਨਲ ਸਮੱਗਰੀ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਨਾ ਕਰਨ ਕਰਕੇ ਕੀਤੀ ਗਈ। ਨਵਾਤ ਦੀ ਇਸ ਅਪਮਾਨਜਨਕ ਭਾਸ਼ਾ 'ਤੇ ਇਤਰਾਜ਼ ਜਤਾਉਂਦੇ ਹੋਏ ਫਾਤਿਮਾ ਨੇ ਮੀਟਿੰਗ ਵਿੱਚੋਂ ਵਾਕਆਊਟ ਕਰ ਦਿੱਤਾ। ਕਈ ਹੋਰ ਦੇਸ਼ਾਂ ਦੀਆਂ ਸੁੰਦਰੀਆਂ ਨੇ ਵੀ ਫਾਤਿਮਾ ਦਾ ਸਮਰਥਨ ਕੀਤਾ। ਮਾਹੌਲ ਅਨਿਯੰਤਰਿਤ ਹੁੰਦਾ ਦੇਖ ਨਵਾਤ ਨੇ ਸੁਰੱਖਿਆ ਟੀਮ ਨੂੰ ਬੁਲਾਇਆ।
ਵਾਕਆਊਟ ਤੋਂ ਬਾਅਦ ਫਾਤਿਮਾ ਨੇ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਅਤੇ ਕਿਹਾ, "ਤੁਹਾਡੇ ਡਾਇਰੈਕਟਰ ਨੇ ਸਤਿਕਾਰ ਨਹੀਂ ਦਿਖਾਇਆ। ਉਸਨੇ ਮੈਨੂੰ 'ਬੇਵਕੂਫ' ਕਿਹਾ। ਦੁਨੀਆ ਨੂੰ ਇਹ ਦੇਖਣਾ ਚਾਹੀਦਾ ਹੈ। ਇਹ ਮੰਚ ਸਾਡੀ ਆਵਾਜ਼ ਚੁੱਕਣ ਦਾ ਹੈ। ਅਸੀਂ ਮਜ਼ਬੂਤ ਔਰਤਾਂ ਹਾਂ"। ਇਸ ਵਿਵਾਦ ਤੋਂ ਬਾਅਦ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬਾਉਮ ਨੇ ਵੀ ਫਾਤਿਮਾ ਦਾ ਸਮਰਥਨ ਕੀਤਾ। ਹਾਲਾਂਕਿ ਬਾਅਦ ਵਿੱਚ ਨਵਾਤ ਨੇ 'ਬੇਵਕੂਫ' ਕਹੇ ਜਾਣ ਦੀ ਗੱਲ ਤੋਂ ਇਨਕਾਰ ਕੀਤਾ ਅਤੇ ਬਾਅਦ ਵਿੱਚ ਮਾਫੀ ਵੀ ਮੰਗੀ।
ਜਵਾਬ-ਸਵਾਲ ਦੌਰਾਨ ਦਿੱਤਾ ਸ਼ਕਤੀਸ਼ਾਲੀ ਸੰਦੇਸ਼
ਵਿਵਾਦ ਦੇ ਬਾਵਜੂਦ ਫਾਤਿਮਾ ਨੇ ਆਤਮ-ਵਿਸ਼ਵਾਸ ਨਾਲ ਮੁਕਾਬਲੇ ਦਾ ਸਾਹਮਣਾ ਕੀਤਾ। ਫਾਈਨਲ ਸਵਾਲ-ਜਵਾਬ ਦੇ ਰਾਊਂਡ ਵਿੱਚ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਖਿਤਾਬ ਦੀ ਵਰਤੋਂ ਦੁਨੀਆ ਨੂੰ ਔਰਤਾਂ ਲਈ ਇੱਕ ਸੁਰੱਖਿਅਤ ਸਥਾਨ ਬਣਾਉਣ ਲਈ ਕਿਵੇਂ ਕਰੇਗੀ, ਤਾਂ ਉਨ੍ਹਾਂ ਨੇ ਜਵਾਬ ਦਿੱਤਾ: "ਖੁਦ 'ਤੇ ਵਿਸ਼ਵਾਸ ਕਰੋ। ਤੁਹਾਡੇ ਸੁਪਨੇ ਮਾਇਨੇ ਰੱਖਦੇ ਹਨ। ਤੁਹਾਡਾ ਦਿਲ ਮਾਇਨੇ ਰੱਖਦਾ ਹੈ। ਕਿਸੇ ਨੂੰ ਇਹ ਨਾ ਕਹਿਣ ਦਿਓ ਕਿ ਤੁਸੀਂ ਘੱਟ ਹੋ, ਕਿਉਂਕਿ ਤੁਸੀਂ ਹਰ ਚੀਜ਼ ਦੀ ਹੱਕਦਾਰ ਹੋ"। ਉਨ੍ਹਾਂ ਦੇ ਇਸ ਜਵਾਬ ਨੇ ਸਭ ਦਾ ਦਿਲ ਜਿੱਤ ਲਿਆ।
ਬਿੱਗ ਬੌਸ 19 'ਚ ਹੁਣ ਹੋਵੇਗੀ ਭਾਰਤੀ ਟੀਮ ਦੇ ਇਸ ਧਾਕੜ ਕ੍ਰਿਕਟਰ ਦੀ ਐਂਟਰੀ !
NEXT STORY