ਨਵਾਜ਼ੁਦੀਨ ਸਿੱਦੀਕੀ ਤੇ ਅਵਨੀਤ ਕੌਰ ਸਟਾਰਰ ਮੋਸਟ ਅਵੇਟਿਡ ਫ਼ਿਲਮ ‘ਟੀਕੂ ਵੈੱਡਸ ਸ਼ੇਰੂ’ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਪਾਜ਼ੇਟਿਵ ਰਿਸਪਾਂਸ ਮਿਲ ਰਿਹਾ ਹੈ। ਇਸ ਫ਼ਿਲਮ ਰਾਹੀਂ ਟੀ. ਵੀ. ਅਦਾਕਾਰਾ ਅਵਨੀਤ ਕੌਰ ਵੱਡੇ ਪਰਦੇ ’ਤੇ ਡੈਬਿਊ ਕਰ ਰਹੀ ਹੈ। ਉਥੇ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਵੀ ਬਤੌਰ ਪ੍ਰੋਡਿਊਸਰ ਇਹ ਪਹਿਲੀ ਫ਼ਿਲਮ ਹੈ। ਇਹ ਕਾਮੇਡੀ ਡਰਾਮਾ ਫ਼ਿਲਮ 23 ਜੂਨ, 2023 ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਟੀਕੂ ਵੈੱਡਸ ਸ਼ੇਰੂ’ ਬਾਰੇ ਫ਼ਿਲਮ ਦੀ ਪ੍ਰੋਡਿਊਸਰ ਕੰਗਨਾ ਰਣੌਤ, ਨਵਾਜ਼ੁਦੀਨ ਸਿੱਦੀਕੀ ਤੇ ਅਵਨੀਤ ਕੌਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਕੰਗਨਾ ਰਣੌਤ
ਸਵਾਲ–ਤੁਸੀਂ ਖ਼ੁਦ ਇੰਨੀ ਚੰਗੀ ਅਦਾਕਾਰਾ ਹੋ, ਫਿਰ ਇਸ ਫ਼ਿਲਮ ’ਚ ਅਵਨੀਤ ਕੌਰ ਬਤੌਰ ਅਦਾਕਾਰਾ ਕਿਉਂ ਨਜ਼ਰ ਆ ਰਹੇ ਹਨ?
ਜਵਾਬ– ਮੈਂ ਇਸ ਫ਼ਿਲਮ ’ਚ ਅਦਾਕਾਰਾ ਨਹੀਂ, ਸਗੋਂ ਇਕ ਪ੍ਰੋਡਿਊਸਰ ਦੇ ਰੂਪ ’ਚ ਕੰਮ ਕਰ ਰਹੀ ਹਾਂ। ਮੇਰੇ ਹਿਸਾਬ ਨਾਲ ਬਤੌਰ ਪ੍ਰੋਡਿਊਸਰ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਰੋਲ ਦੇਵੋ, ਜੋ ਇਸ ਦੇ ਲਈ ਡਿਜ਼ਰਵਿੰਗ ਹੋਵੇ। ਮੈਨੂੰ ਅਵਨੀਤ ਵਰਗੀ ਹੀ ਲੜਕੀ ਚਾਹੀਦੀ ਸੀ, ਜਿਸ ’ਚ ਮਾਸੂਮੀਅਤ ਹੋਵੇ ਕਿਉਂਕਿ ਛੋਟੇ ਸ਼ਹਿਰ ਦੀਆਂ ਲੜਕੀਆਂ ’ਚ ਜੋ ਬਿਊਟੀਫੁਲ ਕੁਆਲਿਟੀ ਹੁੰਦੀ ਹੈ, ਉਹੀ ਇਸ ਕਿਰਦਾਰ ਦੀ ਡਿਮਾਂਡ ਸੀ।
ਸਵਾਲ– ਇਕ ਪ੍ਰੋਡਿਊਸਰ ਦੇ ਤੌਰ ’ਤੇ ਤੁਸੀਂ ਇਸ ਫ਼ਿਲਮ ’ਚ ਕਿੰਨਾ ਯੋਗਦਾਨ ਦਿੱਤਾ ਹੈ?
ਜਵਾਬ– ਇਕ ਕਲਾਕਾਰ ਦੇ ਤੌਰ ’ਤੇ ਜਦੋਂ ਤੁਸੀਂ ਵੇਖਦੇ ਹੋ ਤਾਂ ਬਹੁਤ ਸਾਰੇ ਅਦਾਕਾਰ ਹਨ, ਜਿਵੇਂ ਸ਼ਾਹਰੁਖ, ਅਜੇ ਤੇ ਅਕਸ਼ੇ ਕੁਮਾਰ ਆਦਿ, ਇਹ ਸਾਰੇ ਆਪਣੀਆਂ ਫ਼ਿਲਮਾਂ ਨੂੰ ਪ੍ਰੋਡਿਊਸ ਵੀ ਕਰਦੇ ਹਨ। ਅਸੀਂ ਲੋਕ ਕਦੇ ਉਨ੍ਹਾਂ ਤੋਂ ਇਹ ਉਮੀਦ ਹੀ ਨਹੀਂ ਕਰਦੇ ਕਿ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਦੀ ਕਹਾਣੀ ਖ਼ੁਦ ਲਿਖੀ ਹੋਵੋਗੀ ਪਰ ਮੇਰੇ ਨਾਲ ਬਿਲਕੁਲ ਵੱਖ ਹੋਇਆ ਹੈ। ਮੇਰੇ ਡਾਇਰੈਕਟਰ ਇਹ ਖ਼ੁਦ ਚਾਹੁੰਦੇ ਸਨ ਕਿ ਮੈਂ ਪ੍ਰੋਡਿਊਸਰ ਬਣਾ। ਉਹ ਹਮੇਸ਼ਾ ਮੇਰੇ ਨਾਲ ਹਰ ਚੀਜ਼ ਸ਼ੇਅਰ ਕਰਦੇ ਸਨ। ਜਿਥੋਂ ਤੱਕ ‘ਟੀਕੂ ਵੈੱਡਸ ਸ਼ੇਰੂ’ ਦੀ ਗੱਲ ਹੈ ਤਾਂ ਮੈਂ ਖ਼ੁਦ ਇਸ ਫ਼ਿਲਮ ਦੀ ਸਕ੍ਰਿਪਟ ਦੇ ਤਿੰਨ ਡ੍ਰਾਫ਼ਟਸ ਕੀਤੇ ਹੋਏ ਸਨ। ਜਿਥੇ ਕਿਤੇ ਮੈਨੂੰ ਲੱਗਦਾ ਸੀ ਕਿ ਅਵਨੀਤ ਕਿਸੇ ਸੀਨ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਵੇਗੀ ਤਾਂ ਮੈਂ ਖ਼ੁਦ ਸੈੱਟ ’ਤੇ ਉਸ ਨੂੰ ਸਮਝਾਉਣ ਪਹੁੰਚ ਜਾਂਦੀ ਸੀ।
ਸਵਾਲ– ਇਸ ਫ਼ਿਲਮ ’ਚ ਪ੍ਰੋਡਿਊਸਰ ਦੇ ਤੌਰ ’ਤੇ ਸੈੱਟ ’ਤੇ ਤੁਹਾਡੇ ਲਈ ਕੀ ਚੀਜ਼ਾਂ ਨਵੀਆਂ ਰਹੀਆਂ?
ਜਵਾਬ– ਕੰਗਨਾ ਮੁਸਕੁਰਾਉਂਦਿਆਂ ਕਹਿੰਦੀ ਹੈ ਕਿ ਬਤੌਰ ਅਦਾਕਾਰਾ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ’ਚ ਬਹੁਤ ਪਹਿਲਾਂ ਤੋਂ ਹੀ ਸ਼ਾਮਲ ਹਾਂ। ਖ਼ਾਸ ਕਰਕੇ ਪਿਛਲੇ ਸੱਤ-ਅੱਠ ਸਾਲਾਂ ਤੋਂ ਤਾਂ ਮੈਂ ਇਸ ਫੀਲਡ ’ਚ ਕਾਫ਼ੀ ਐਕਟਿਵ ਹਾਂ, ਅਜਿਹੇ ’ਚ ਮੈਂ ਇਕ ਤਰ੍ਹਾਂ ਨਾਲ ਪ੍ਰੋਡਿਊਸਰ ਬਣ ਹੀ ਗਈ ਸੀ। ਮੈਂ ਕਦੇ ਵੱਡੇ ਬੈਨਰਜ਼ ਨਾਲ ਤਾਂ ਫ਼ਿਲਮਾਂ ਕੀਤੀਆਂ ਨਹੀਂ ਤਾਂ ਮੇਰੇ ਦੋਸਤ ਮੇਰੇ ਨਾਲ ਫ਼ਿਲਮ ਦੇ ਇਨਵੈਸਟਰਸ ਤੋਂ ਲੈ ਕੇ ਐਡੀਟਿੰਗ ਤੱਕ ਸਾਰੀਆਂ ਗੱਲਾਂ ਕਰਦੇ ਸਨ। ਉਹ ਮੇਰੇ ਨਾਲ ਸਕ੍ਰਿਪਟ ’ਤੇ ਡਿਸਕਸ਼ਨ ਕਰਦੇ ਸਨ, ਹਰ ਸਮੱਸਿਆ ਮੇਰੇ ਨਾਲ ਸ਼ੇਅਰ ਕਰਦੇ ਸਨ ਤਾਂ ਮੈਂ ਉਨ੍ਹਾਂ ਦੇ ਨਾਲ ਇਸ ਨੂੰ ਹੱਲ ਕਰਨ ਬੈਠ ਜਾਂਦੀ ਸੀ। ਕਿਤੇ ਨਾ ਕਿਤੇ ਇੰਡਸਟਰੀ ਨੇ ਮੈਨੂੰ ਪ੍ਰੋਡਿਊਸਰ ਪਹਿਲਾਂ ਹੀ ਬਣਾ ਦਿੱਤਾ ਸੀ, ਬਸ ਮੇਰਾ ਨਾਂ ਹੀ ਨਹੀਂ ਆਉਂਦਾ ਸੀ। ਬਸ ਇੰਝ ਹੀ ਮੈਂ ਪ੍ਰੋਡਿਊਸਰ ਬਣ ਗਈ। ਸਭ ਮੈਨੂੰ ਅਜੇ ਵੀ ਪੁੱਛਦੇ ਹਨ ਕਿ ਇਹ ਪਹਿਲੀ ਫ਼ਿਲਮ ਹੈ ਤੁਹਾਡੇ ਪ੍ਰੋਡਕਸ਼ਨ ਦੀ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਮੇਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਫ਼ਿਲਮਾਂ ਆ ਚੁੱਕੀਆਂ ਹਨ।
ਨਵਾਜ਼ੂਦੀਨ ਸਿੱਦੀਕੀ
ਸਵਾਲ– ਫ਼ਿਲਮ ਤੁਸੀਂ ਕਿੰਨੀ ਸ਼ਿੱਦਤ ਨਾਲ ਸਾਈਨ ਕੀਤੀ ਤੇ ਇਹ ਜੌਨਰ ਤੁਹਾਡੇ ਲਈ ਕਿੰਨਾ ਵੱਖ ਰਿਹਾ?
ਜਵਾਬ– ਨਵਾਜ਼ੂਦੀਨ ਹੱਸਦਿਆਂ ਕਹਿੰਦੇ ਹਨ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਫ਼ਿਲਮ ਦੀ ਪ੍ਰੋਡਿਊਸਰ ਕੰਗਨਾ ਹਨ ਤਾਂ ਸ਼ਿੱਦਤ ਉਥੋਂ ਹੀ ਆ ਗਈ। ਇਸ ਤੋਂ ਇਲਾਵਾ ਕਾਮੇਡੀ ’ਚ ਤਾਂ ਮੈਂ ਕਾਫ਼ੀ ਪਲੇਅ ਕੀਤੇ ਹੋਏ ਹਨ ਪਰ ਮੈਂ ਰੋਮਾਂਸ ’ਚ ਥੋੜ੍ਹਾ ਐਕਸਪੈਰੀਮੈਂਟ ਕਰਨਾ ਚਾਹੁੰਦਾ ਸੀ ਤੇ ਉਂਝ ਵੀ ਰੋਮਾਂਸ ਕਰਨਾ ਕਿਸ ਨੂੰ ਚੰਗਾ ਨਹੀਂ ਲੱਗਦਾ। ਪਿਆਰ ’ਚ ਪੈਣਾ ਬਹੁਤ ਜ਼ਰੂਰੀ ਹੈ, ਮੈਨੂੰ ਲੱਗਦਾ ਹੈ ਇਸ ਦੁਨੀਆ ਤੋਂ ਇਸ਼ਕ ਖ਼ਤਮ ਹੋ ਗਿਆ ਹੈ, ਅਜਿਹੇ ’ਚ ਵਾਪਸ ਇਸ਼ਕ ਲਿਆਂਦਾ ਜਾਵੇ ਤੇ ਇਹੀ ਕੰਮ ‘ਟੀਕੂ ਵੈੱਡਸ ਸ਼ੇਰੂ’ ਕਰੇਗੀ।
ਸਵਾਲ– ਜਦੋਂ ਕੰੰਗਨਾ ਸੈੱਟ ’ਤੇ ਹੁੰਦੇ ਸਨ, ਉਦੋਂ ਮਾਹੌਲ ਕਿਵੇਂ ਰਹਿੰਦਾ ਸੀ?
ਜਵਾਬ– ਇੰਝ ਲੱਗਦਾ ਸੀ ਜਿਵੇਂ ਅਸੀਂ ਘਰ ਦੀ ਹੀ ਫ਼ਿਲਮ ਕਰ ਰਹੇ ਹਾਂ। ਸਾਡੀ ਬਾਂਡਿੰਗ ਸੀਨ ’ਚ ਸਾਫ਼ ਤੌਰ ’ਤੇ ਝਲਕਦੀ ਸੀ। ਇਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਕਿ ਤੁਹਾਡੇ ਸਾਹਮਣੇ ਸਿਕਿਓਰ ਮਾਹੌਲ ਹੈ। ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਸਾਨੂੰ ਪਤਾ ਸੀ ਕਿ ਕੰਗਨਾ ਨੂੰ ਕਹਿ ਸਕਦੇ ਹਾਂ ਤੇ ਕੰਗਨਾ ਉਸ ਨੂੰ ਹੱਲ ਕਰ ਸਕਦੀ ਹੈ। ਜਿੰਨੇ ਵੀ ਤਕਨੀਸ਼ੀਅਨ ਤੇ ਬਾਕੀ ਲੋਕ ਸਨ, ਸਾਰੇ ਚਾਹੁੰਦੇ ਸਨ ਕਿ ਸ਼ੂਟਿੰਗ 10-15 ਦਿਨ ਹੋਰ ਖਿੱਚੇ ਕਿਉਂਕਿ ਇਕੱਠੇ ਕੰਮ ਕਰਨ ’ਚ ਬਹੁਤ ਮਜ਼ਾ ਆ ਰਿਹਾ ਸੀ।
ਅਵਨੀਤ ਕੌਰ
ਸਵਾਲ– ਨਵਾਜ਼ੂਦੀਨ ਨਾਲ ਅਦਾਕਾਰੀ ਕਰਨ ਦਾ ਤਜਰਬਾ ਕਿਵੇਂ ਰਿਹਾ?
ਜਵਾਬ– ਮੈਂ ਬਹੁਤ ਐਕਸਾਈਟਿਡ ਸੀ, ਮੈਨੂੰ ਪਤਾ ਲੱਗਾ ਕਿ ਇਸ ਫ਼ਿਲਮ ’ਚ ਮੈਂ ਨਵਾਜ਼ੂਦੀਨ ਸਰ ਨਾਲ ਸਕ੍ਰੀਨ ਸ਼ੇਅਰ ਕਰਾਂਗੀ। ਮੈਂ ਇਨ੍ਹਾਂ ਦੇ ਨਾਲ ਕੰਮ ਕਰਨ ਦਾ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਤੇ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਬਹੁਤ ਖ਼ੁਸ਼ ਹੋ ਗਈ। ਸਰ ਸੈੱਟ ’ਤੇ ਬਹੁਤ ਹੀ ਮਸਤ ਰਹਿੰਦੇ ਹਨ ਤੇ ਚੁਟਕਲੇ ਸੁਣਾਉਂਦੇ ਰਹਿੰਦੇ ਹਨ। ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਕੰਗਨਾ ਮੈਡਮ ਨੇ ਮੈਨੂੰ ਇਸ ਪ੍ਰਾਜੈਕਟ ਲਈ ਚੁਣਿਆ ਤੇ ਉਨ੍ਹਾਂ ਨੂੰ ਲੱਗਾ ਕਿ ਮੈਂ ਟੀਕੂ ਦਾ ਕਿਰਦਾਰ ਚੰਗੀ ਤਰ੍ਹਾਂ ਨਿਭਾਅ ਸਕਦੀ ਹਾਂ। ਇੰਨੇ ਵੱਡੇ ਨਾਵਾਂ ਦੇ ਨਾਲ ਕੰਮ ਕਰਨ ਬਾਰੇ ਤਾਂ ਮੈਂ ਖ਼ੁਦ ਵੀ ਕਦੇ ਨਹੀਂ ਸੋਚਿਆ ਸੀ। ਇਹ ਮੇਰੇ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ।
ਸਵਾਲ– ਤੁਹਾਨੂੰ ਕੰਗਨਾ ਤੇ ਨਵਾਜ਼ੂਦੀਨ ਤੋਂ ਕੀ ਸਿੱਖਣ ਨੂੰ ਮਿਲਿਆ?
ਜਵਾਬ– ਮੈਂ ਦੋਵਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਹਨ। ਕੰਮ ਲਈ ਦੋਵਾਂ ’ਚ ਜੋ ਡੈਡੀਕੇਸ਼ਨ ਤੇ ਪੈਸ਼ਨ ਹੈ, ਉਹ ਅੱਖਾਂ ’ਚ ਹੀ ਸਾਫ਼ ਤੌਰ ’ਤੇ ਨਜ਼ਰ ਆ ਜਾਂਦਾ ਹੈ। ਸਾਨੂੰ ਬਾਹਰ ਤੋਂ ਦੇਖਣ ’ਤੇ ਅਜਿਹਾ ਲੱਗਦਾ ਹੈ ਕਿ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਪਰ ਅਜਿਹਾ ਨਹੀਂ ਹੈ। ਮੈਂ ਕੰਗਨਾ ਮੈਡਮ ਤੇ ਸਰ ’ਚ ਕੰਮ ਪ੍ਰਤੀ ਜੋ ਸਮਰਪਣ ਵੇਖਿਆ ਹੈ, ਉਹ ਜ਼ਿੰਦਗੀ ਭਰ ਮੇਰੇ ਨਾਲ ਰਹੇਗਾ।
ਗਾਇਕਾ ਮਿਸ ਪੂਜਾ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਕਿਹਾ 'ਬਾਏ-ਬਾਏ', ਸਾਂਝੀ ਕੀਤੀ ਇਹ ਆਖ਼ਰੀ ਪੋਸਟ
NEXT STORY