ਐਂਟਰਟੇਨਮੈਂਟ ਡੈਸਕ- ਟੀ.ਵੀ. ਇੰਡਸਟਰੀ ਦੇ ਇੱਕ ਮਸ਼ਹੂਰ ਜੋੜੇ ਨੀਲ ਭੱਟ ਅਤੇ ਐਸ਼ਵਰਿਆ ਸ਼ਰਮਾ ਦੇ ਵਿਆਹੁਤਾ ਜੀਵਨ ਵਿੱਚ ਵੱਡੀ ਉਥਲ-ਪੁਥਲ ਆ ਗਈ ਹੈ। ਲੰਬੇ ਸਮੇਂ ਤੋਂ ਉਨ੍ਹਾਂ ਦੇ ਵੱਖ ਰਹਿਣ ਦੀਆਂ ਅਫਵਾਹਾਂ ਸਨ, ਜਿਸ ਤੋਂ ਬਾਅਦ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੋਵਾਂ ਨੇ ਅਧਿਕਾਰਤ ਤੌਰ 'ਤੇ ਤਲਾਕ ਲਈ ਅਰਜ਼ੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜਲਦ ਹੀ ਤਲਾਕ ਦੀਆਂ ਰਸਮਾਂ ਸ਼ੁਰੂ ਹੋ ਸਕਦੀਆਂ ਹਨ। ਹਾਲਾਂਕਿ ਨਾ ਤਾਂ ਨੀਲ ਭੱਟ ਅਤੇ ਨਾ ਹੀ ਐਸ਼ਵਰਿਆ ਸ਼ਰਮਾ ਨੇ ਅਜੇ ਤੱਕ ਇਸ ਖ਼ਬਰ 'ਤੇ ਜਨਤਕ ਤੌਰ 'ਤੇ ਕੋਈ ਟਿੱਪਣੀ ਕੀਤੀ ਹੈ।
ਕਿਵੇਂ ਸ਼ੁਰੂ ਹੋਇਆ ਸੀ ਇਹ ਰਿਸ਼ਤਾ?
ਨੀਲ ਭੱਟ ਅਤੇ ਐਸ਼ਵਰਿਆ ਸ਼ਰਮਾ ਦਾ ਪਿਆਰ ਟੈਲੀਵਿਜ਼ਨ ਸ਼ੋਅ 'ਗੁਮ ਹੈ ਕਿਸੀ ਕੇ ਪਿਆਰ ਮੇਂ' ਦੇ ਸੈੱਟ 'ਤੇ ਸ਼ੁਰੂ ਹੋਇਆ ਸੀ। ਇਸ ਸ਼ੋਅ ਵਿੱਚ ਨੀਲ ਨੇ 'ਵਿਰਾਟ ਚਵਾਨ' ਅਤੇ ਐਸ਼ਵਰਿਆ ਨੇ 'ਪਾਖੀ' ਦਾ ਕਿਰਦਾਰ ਨਿਭਾਇਆ ਸੀ। ਨੀਲ ਭੱਟ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਐਸ਼ਵਰਿਆ ਨੂੰ 2020 ਵਿੱਚ ਪ੍ਰਪੋਜ਼ ਕੀਤਾ ਸੀ। ਜਨਵਰੀ 2021 ਵਿੱਚ ਦੋਵਾਂ ਨੇ ਮੰਗਣੀ ਕੀਤੀ। ਇਸ ਤੋਂ ਬਾਅਦ ਨਵੰਬਰ 2021 ਵਿੱਚ ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਸੀ। ਹੁਣ ਵਿਆਹ ਦੇ ਲਗਭਗ ਚਾਰ ਸਾਲ ਬਾਅਦ ਦੋਵੇਂ ਇੱਕ ਦੂਜੇ ਤੋਂ ਅਲੱਗ ਹੋ ਰਹੇ ਹਨ।
ਹੋਲੀ ਤੋਂ ਬਾਅਦ ਇੱਕਠੇ ਨਹੀਂ ਆਏ ਨਜ਼ਰ
ਪਿਛਲੇ ਕਈ ਮਹੀਨਿਆਂ ਤੋਂ ਇਸ ਜੋੜੇ ਦੇ ਰਿਸ਼ਤੇ ਵਿੱਚ ਖਟਾਸ ਦੀਆਂ ਖ਼ਬਰਾਂ ਆ ਰਹੀਆਂ ਸਨ। ਨੀਲ ਅਤੇ ਐਸ਼ਵਰਿਆ ਕਾਫ਼ੀ ਦਿਨਾਂ ਤੋਂ ਇਕੱਠੇ ਨਜ਼ਰ ਨਹੀਂ ਆਏ। ਇਸ ਸਾਲ ਹੋਲੀ ਤੋਂ ਬਾਅਦ, ਉਨ੍ਹਾਂ ਨੇ ਇੱਕ ਦੂਜੇ ਨਾਲ ਕੋਈ ਤਸਵੀਰ ਵੀ ਸਾਂਝੀ ਨਹੀਂ ਕੀਤੀ। ਐਸ਼ਵਰਿਆ ਭਾਵੇਂ ਅਕਸਰ ਆਪਣੇ ਵੀਡੀਓ ਅਤੇ ਤਸਵੀਰਾਂ ਆਨਲਾਈਨ ਸਾਂਝੀਆਂ ਕਰਦੀ ਰਹਿੰਦੀ ਹੈ, ਪਰ ਨੀਲ ਦੀ ਇੰਸਟਾਗ੍ਰਾਮ 'ਤੇ ਆਖਰੀ ਪੋਸਟ 16 ਸਤੰਬਰ, 2025 ਦੀ ਸੀ। ਇਹ ਜੋੜਾ ਗਣੇਸ਼ ਚਤੁਰਥੀ ਅਤੇ ਦੀਵਾਲੀ ਵਰਗੇ ਤਿਉਹਾਰਾਂ 'ਤੇ ਵੀ ਇਕੱਠੇ ਨਜ਼ਰ ਨਹੀਂ ਆਇਆ ਸੀ।
ਐਸ਼ਵਰਿਆ ਨੇ ਪਹਿਲਾਂ ਦਿੱਤਾ ਸੀ ਬਿਆਨ
ਇਸ ਸਾਲ ਜੂਨ ਵਿੱਚ ਅਫਵਾਹਾਂ ਵਧਣ 'ਤੇ, ਐਸ਼ਵਰਿਆ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਝੂਠੀਆਂ ਖ਼ਬਰਾਂ ਨਾ ਫੈਲਾਈਆਂ ਜਾਣ। ਉਨ੍ਹਾਂ ਕਿਹਾ ਸੀ, "ਮੈਂ ਲੰਬੇ ਸਮੇਂ ਤੋਂ ਚੁੱਪ ਹਾਂ। ਇਸ ਲਈ ਨਹੀਂ ਕਿ ਮੈਂ ਕਮਜ਼ੋਰ ਹਾਂ, ਸਗੋਂ ਇਸ ਲਈ ਕਿ ਮੈਂ ਸ਼ਾਂਤੀ ਬਣਾਈ ਰੱਖਣਾ ਚਾਹੁੰਦੀ ਹਾਂ। ਤੁਸੀਂ ਵਿੱਚੋਂ ਕੁਝ ਲੋਕ ਜਿਸ ਤਰ੍ਹਾਂ ਦੀਆਂ ਗੱਲਾਂ ਲਿਖਦੇ ਰਹਿੰਦੇ ਹੋ ਜੋ ਮੈਂ ਕਦੇ ਨਹੀਂ ਕਹੀਆਂ, ਉਹ ਬੇਹੱਦ ਦੁਖਦ ਹੈ"। ਹੁਣ, ਤਲਾਕ ਲਈ ਅਰਜ਼ੀ ਦੇਣ ਦੀਆਂ ਅਧਿਕਾਰਤ ਖ਼ਬਰਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜੋ ਉਨ੍ਹਾਂ ਨੂੰ 'ਗੁਮ ਹੈ ਕਿਸੀ ਕੇ ਪਿਆਰ ਮੇਂ' ਦੇ ਸੈੱਟ ਤੋਂ ਹੀ ਪਸੰਦ ਕਰਦੇ ਸਨ।
ਫਿਲਮ 'ਹੱਕ' ਦੀ ਰਿਲੀਜ਼ ਦਾ ਰਸਤਾ ਸਾਫ਼, ਸ਼ਾਹ ਬਾਨੋ ਦੀ ਬੇਟੀ ਦੀ ਪਟੀਸ਼ਨ MP ਹਾਈਕੋਰਟ ਨੇ ਕੀਤੀ ਖਾਰਜ
NEXT STORY