ਐਂਟਰਟੇਨਮੈਂਟ ਡੈਸਕ - ਪਾਲੀਵੁੱਡ ਦੀ 'ਗੁਲਾਬੋ ਮਾਸੀ' ਯਾਨੀ ਨਿਰਮਲ ਰਿਸ਼ੀ (79 ਸਾਲ) ਦਾ ਜਨਮ 27 ਅਗਸਤ 1943 ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ਸੀ। ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ। ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਹੀ ਉਹ ਐੱਨ.ਸੀ.ਸੀ. ਬੈਸਟ ਸ਼ੂਟਰ ਵੀ ਰਹੇ ਹਨ। ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ। ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਸ਼੍ਰੀ ਗੰਗਾਨਗਰ ਤੋਂ ਪੂਰੀ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ। ਇੱਥੇ ਹੀ ਉਹਨਾਂ ਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ, ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ।
ਪੰਜਾਬੀ ਫ਼ਿਲਮ ਇੰਡਸਟਰੀ ਦੇ ਖੋਲ੍ਹੇ ਰਾਜ਼
ਹਾਲ ਹੀ 'ਚ ਨਿਮਰਤ ਰਿਸ਼ੀ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਾਲੇ ਰਾਜ਼ ਖੋਲ੍ਹੇ ਹਨ। ਦਰਅਸਲ, ਨਿਰਮਲ ਰਿਸ਼ੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੱਕ ਇੰਟਰਵਿਊ ਦੀ ਹੈ, ਜਿਸ 'ਚ ਨਿਰਮਲ ਰਿਸ਼ੀ ਪੰਜਾਬੀ ਇੰਡਸਟਰੀ ਬਾਰੇ ਅਜਿਹੀਆਂ ਗੱਲਾਂ ਆਖ ਰਹੇ ਨੇ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਨਿਰਮਲ ਰਿਸ਼ੀ ਨੇ ਕਿਹਾ ਕਿ ਬੇਸ਼ੱਕ ਉਹ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕਰਦੀ ਆਈ ਹੈ। 'ਇਹ ਕਹਿਣਾ ਤਾਂ ਨਹੀਂ ਚਾਹੁੰਦੀ ਪਰ ਫ਼ਿਲਮ ਮੇਕਰਸ ਤੋਂ ਸਾਨੂੰ ਮੰਗਤਿਆਂ ਵਾਂਗ ਪੈਸੇ ਮੰਗਣੇ ਪੈਂਦੇ ਨੇ। ਇਹ ਕੋਈ ਗੱਲ ਥੋੜ੍ਹੀ ਬਣਦੀ ਆ ਕਿ ਕੰਮ ਦੇ ਸਮੇਂ ਅਸੀਂ ਆਪਣਾ ਪੂਰ ਜੋਰ ਲਾ ਦਈਏ। ਭਾਵੇਂ ਫ਼ਿਲਮਾਂ ਸਾਡੇ ਸਿਰ 'ਤੇ ਚੱਲਦੀਆਂ ਜਾਂ ਨਹੀਂ, ਫਿਰ ਸਾਨੂੰ ਨਾ ਲਿਆ ਕਰੋ ਫ਼ਿਲਮਾਂ 'ਚ। ਸਾਨੂੰ ਕਹਿਣਾ ਪੈਂਦਾ ਆਪਣੀ ਮਿਹਨਤ ਦੀ ਕਮਾਈ ਹਾਸਲ ਕਰਨ ਲਈ।
ਵੀਡੀਓ 'ਚ ਨਿਰਮਲ ਰਿਸ਼ੀ ਅੱਗੇ ਆਖਦੇ ਹਨ ਕਿ 'ਇਸ ਉਮਰ 'ਚ ਮੈਂ ਕਿੰਨਾ ਕੁ ਕਹਿ ਸਕਦੀ ਹਾਂ, ਕਿ ਮੇਰੇ ਪੈਸੇ ਦੇ ਦਿਓ। ਮੈਂ ਫੋਨ ਕਰ-ਕਰ ਕੇ ਥੱਕ ਜਾਂਦੀ ਹਾਂ। ਜਿਹੜਾ ਮੈਂ ਮੁੰਡਾ ਰੱਖਿਆ ਉਹ ਵੀ ਫੋਨ ਕਰ-ਕਰ ਹਾਰ ਜਾਂਦਾ ਹੈ ਪਰ ਪੈਸੇ ਨਹੀਂ ਮਿਲਦੇ ਟਾਈਮ 'ਤੇ। ਇਹ ਸਿਰਫ ਮੇਰੇ ਨਾਲ ਹੀ ਨਹੀਂ ਹੋ ਰਿਹਾ, ਮੇਰੇ ਨਾਲ ਦੇ ਦੂਜੇ ਕਲਾਕਾਰਾਂ ਨਾਲ ਵੀ ਹੋ ਰਿਹਾ ਹੈ। ਤੁਸੀਂ ਇੱਕ ਲਿਮਟ ਕਿਉਂ ਨਹੀਂ ਸੈੱਟ ਕਰਦੇ। ਫਿਰ ਜਿੰਨੇ ਪੈਸੇ ਸਾਨੂੰ ਦੇਣ ਲਈ ਕਿਹਾ ਜਾਂਦਾ ਹੈ, ਉਨੇਂ ਵੀ ਸਾਨੂੰ ਨਹੀਂ ਦਿੱਤੇ ਜਾਂਦੇ। ਫਿਰ ਮਿੰਨਤਾਂ ਕਰਨੀਆਂ ਪੈਂਦੀਆਂ ਨੇ, ਮੈਂ ਕਹਿਣਾ ਚਾਹੁੰਗੀ ਕਿ ਸਹਿ ਕਲਾਕਾਰਾਂ ਨੂੰ ਚੰਗੀ ਤਰ੍ਹਾਂ ਡੀਲ ਨਹੀਂ ਕੀਤਾ ਜਾਂਦਾ।'
ਗੁਲਾਬੋ ਮਾਸੀ ਦੇ ਕਿਰਦਾਰ ਨਾਲ ਹੋਈ ਮਸ਼ਹੂਰ
ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੇ । ਉਸ ਸਮੇਂ ਉਨ੍ਹਾਂ ਦੀ ਟੀਮ 'ਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਲ ਸਨ। ਇਸ ਦੌਰਾਨ ਹਰਪਾਲ ਟਿਵਾਣਾ ਨੇ 'ਲੌਂਗ ਦਾ ਲਿਸ਼ਕਾਰਾ' ਫ਼ਿਲਮ ਬਣਾਈ, ਜਿਸ 'ਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਨ੍ਹਾਂ ਨੂੰ ਜ਼ਿਆਦਾਤਰ ਲੋਕ 'ਗੁਲਾਬੋ ਮਾਸੀ' ਦੇ ਨਾਂ ਨਾਲ ਜਾਣਦੇ ਹਨ। ਦੱਸ ਦਈਏ ਕਿ ਨਿਰਮਲ ਰਿਸ਼ੀ ਕਈ ਨਾਮੀ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਨਿਰਮਲ ਰਿਸ਼ੀ ਨੇ ਬੀਤੇ ਸਾਲ ਨੀਰੂ ਬਾਜਵਾ ਨਾਲ ਫ਼ਿਲਮ 'ਬੂਹੇ ਬਾਰੀਆਂ' ਕੀਤੀ ਸੀ, ਇਸ 'ਚ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਹ ਜਲਦ ਹੀ 'ਨੀਂ ਮੈਂ ਸੱਸ ਕੁਟਣੀ 2', ਨਿਮਰਤ ਖਹਿਰਾ ਨਾਲ ਫ਼ਿਲਮ 'ਮਾਣਮੱਤੀ' 'ਚ ਵੀ ਨਜ਼ਰ ਆਉਣਗੇ।
ਕਈ ਫ਼ਿਲਮਾਂ 'ਚ ਕੀਤਾ ਕੰਮ
ਦੱਸਣਯੋਗ ਹੈ ਕਿ ਨਿਰਮਲ ਰਿਸ਼ੀ ਨੇ 60 ਦੇ ਕਰੀਬ ਫ਼ਿਲਮਾਂ 'ਚ ਅਦਾਕਾਰੀ ਕੀਤੀ ਹੈ। 'ਲੌਂਗ ਦਾ ਲਿਸ਼ਕਾਰਾ' (1983), 'ਉੱਚਾ ਦਰ ਬਾਬੇ ਨਾਨਕ ਦਾ' (1985), 'ਦੀਵਾ ਬਲੇ ਸਾਰੀ ਰਾਤ', 'ਸੁਨੇਹਾ', 'ਲਵ ਪੰਜਾਬ' (2015), 'ਡੈਥ ਔਨ ਵੀਲਜ਼', 'ਵੁਮੇਨ ਫ੍ਰੋਮ ਦੀ ਈਸਟ', 'ਨਿੱਕਾ ਜ਼ੈਲਦਾਰ' (2016), 'ਅੰਗਰੇਜ' (2015), 'ਲਹੌਰੀਏ' (2017) ਅਤੇ 'ਨਿੱਕਾ ਜ਼ੈਲਦਾਰ 2' (2017) ਅਤੇ ਹੋਰ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ।
ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਦੀ ਚੜ੍ਹਾਈ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ
NEXT STORY