ਐਂਟਰਟੇਨਮੈਂਟ ਡੈਸਕ- ਗਾਇਕ ਖਾਨ ਸਾਬ੍ਹ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੇ ਤੁਰ ਜਾਣ ਨਾਲ ਇੱਕ "ਬਹੁਤ ਵੱਡਾ ਝਟਕਾ" ਮਹਿਸੂਸ ਕਰ ਰਹੇ ਹਨ। ਗਾਇਕ ਨੇ ਕਿਹਾ ਕਿ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਡਿਪ੍ਰੈਸ਼ਨ ਵਿੱਚੋਂ ਨਾ ਨਿਕਲਦਾ। ਪਰ ਉਹ ਕਮਜ਼ੋਰ ਨਹੀਂ ਹੋਣਾ ਚਾਹੁੰਦੇ। ਉਨ੍ਹਾਂ ਨੇ ਸਾਰਿਆਂ ਨੂੰ ਨਸੀਹਤ ਦਿੱਤੀ ਕਿ ਜਦੋਂ ਕੋਈ ਆਪਣਾ ਦੁਨੀਆ ਤੋਂ ਚਲਾ ਜਾਵੇ, ਤਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦੀ ਬਜਾਏ ਸਾਨੂੰ ਅੱਲ੍ਹਾ ਦੀ ਮਰਜ਼ੀ ਅਤੇ ਰਜ਼ਾ ਨੂੰ ਮੰਨਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮਾਂ-ਪਿਓ ਵਾਪਸ ਨਹੀਂ ਆਉਂਦੇ। ਇਸ ਲਈ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਲਾਕਾਰਾਂ ਦੀ ਜ਼ਿੰਦਗੀ ਦਾ ਦੁੱਖ 
ਖਾਨ ਸਾਬ੍ਹ ਨੇ ਕਲਾਕਾਰਾਂ ਦੀ ਜ਼ਿੰਦਗੀ ਦੀ ਮਜਬੂਰੀ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਲਾਕਾਰਾਂ ਦੀ ਕੋਈ ਨਿੱਜੀ ਜ਼ਿੰਦਗੀ (ਲਾਈਫ) ਜਾਂ ਭਾਵਨਾਵਾਂ ਨਹੀਂ ਹੁੰਦੀਆਂ। ਉਨ੍ਹਾਂ ਦੱਸਿਆ ਕਿ ਜਦੋਂ ਘਰ ਵਿੱਚ ਕਿਸੇ ਦੀ ਲਾਸ਼ ਪਈ ਹੋਵੇ, ਤਦ ਵੀ ਕਲਾਕਾਰਾਂ ਨੂੰ ਸ਼ੋਅ ਲਾਉਣ ਜਾਣਾ ਪੈਂਦਾ ਹੈ ਅਤੇ ਸਟੇਜ 'ਤੇ ਲੋਕਾਂ ਨੂੰ ਨਚਾਉਣਾ ਪੈਂਦਾ ਹੈ।
ਉਨ੍ਹਾਂ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅੰਮੀ ਦੇ ਨੌਵੇਂ 'ਤੇ ਵੀ ਉਹ ਚਾਰ ਤਾਰੀਕ ਨੂੰ ਦਿੱਲੀ ਸ਼ੋਅ ਲਾ ਕੇ ਆਏ। ਉਨ੍ਹਾਂ ਦੱਸਿਆ ਕਿ ਉਹ ਦਿੱਲੀ ਕਲੱਬ ਵਿੱਚ ਸ਼ੋਅ ਦੌਰਾਨ ਸਾਰਿਆਂ ਦਾ ਐਂਟਰਟੇਨਮੈਂਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਦਿਲ ਪੱਥਰ ਬਣਾਉਣੇ ਪੈਂਦੇ ਹਨ। ਉਨ੍ਹਾਂ ਮਜਬੂਰੀ ਦੱਸੀ ਕਿ ਜਲਦੀ ਹੀ ਉਨ੍ਹਾਂ ਦੇ ਡੈਡੀ ਦਾ ਬੀਵਾਂ (2 ਤਰੀਕ ਨੂੰ) ਅਤੇ ਮਾਂ ਦਾ ਸਵਾ ਮਹੀਨਾ (3 ਤਰੀਕ ਨੂੰ) ਹੈ ਪਰ ਫਿਰ ਵੀ ਉਨ੍ਹਾਂ ਦਾ ਅਗਲਾ ਸ਼ੋਅ ਆ ਰਿਹਾ ਹੈ।
ਮਾਪਿਆਂ ਦੀ ਕਦਰ ਕਰਨ ਦੀ ਅਪੀਲ 
ਖਾਨ ਸਾਬ੍ਹ ਨੇ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਆਪਣੇ ਮਾਂ-ਬਾਪ ਦੀ ਕਦਰ ਕਰਨ ਅਤੇ ਕਦੀ ਵੀ ਉਨ੍ਹਾਂ ਨੂੰ ਉੱਚਾ ਬੋਲ ਨਾ ਬੋਲਣ ਜਾਂ ਹਰਾਸ ਨਾ ਕਰਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮਾਂ-ਬਾਪ ਦੁਬਾਰਾ ਜ਼ਿੰਦਗੀ ਵਿੱਚ ਨਹੀਂ ਮਿਲਦੇ। ਉਨ੍ਹਾਂ ਪਛਤਾਵਾ ਜ਼ਾਹਰ ਕੀਤਾ ਕਿ ਉਹ ਖੁਦ ਪਹਿਲਾਂ ਅਕਸਰ ਆਪਣੇ ਮੰਮੀ-ਡੈਡੀ ਦਾ ਫੋਨ ਸਾਈਲੈਂਟ 'ਤੇ ਲਾ ਕੇ ਰੱਖ ਦਿੰਦੇ ਸਨ ਪਰ ਹੁਣ ਉਹ ਉਸ ਫੋਨ ਦੀ ਉਡੀਕ ਕਰਦੇ ਹਨ ਜੋ ਕਦੇ ਨਹੀਂ ਆਉਣਾ।
ਉਨ੍ਹਾਂ ਨੇ ਕਿਹਾ ਕਿ ਉਹ ਹੁਣ ਤਰਸਦੇ ਹਨ ਕਿ ਕਾਸ਼ ਉਨ੍ਹਾਂ ਦੇ ਬਾਪੂ ਆ ਕੇ ਉਨ੍ਹਾਂ ਨੂੰ ਗਾਲ੍ਹਾਂ ਹੀ ਕੱਢ ਦੇਣ ਜਾਂ ਮਾਂ ਉਨ੍ਹਾਂ ਨੂੰ ਦਫ਼ਾ ਹੋਣ ਲਈ ਕਹਿ ਦੇਵੇ, ਪਰ ਹੁਣ ਉਹ ਆਵਾਜ਼ ਕਦੇ ਨਹੀਂ ਆਉਣੀ।
ਖਾਨ ਸਾਬ੍ਹ ਨੇ ਕਿਹਾ ਕਿ ਮਾਂ ਦਾ ਬਦਲਾ ਕਦੇ ਵੀ ਕੋਈ ਨਹੀਂ ਦੇ ਸਕਦਾ। ਇਸਲਾਮਿਕ ਹਦੀਸਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਆਪਣੇ ਮਾਂ-ਬਾਪ ਨੂੰ ਮੋਢਿਆਂ 'ਤੇ ਬਿਠਾ ਕੇ ਚਾਰ ਵਾਰੀ ਪੈਦਲ ਹੱਜ (ਸਊਦੀ ਅਰਬ) ਵੀ ਕਰਾ ਦੇਵੇ, ਤਾਂ ਵੀ ਉਹ ਮਾਂ ਦੀ ਇੱਕ ਚੀਕ ਦਾ ਬਦਲਾ ਨਹੀਂ ਦੇ ਸਕਦਾ ਜੋ ਬੱਚੇ ਦੇ ਜਨਮ ਸਮੇਂ ਨਿਕਲਦੀ ਹੈ।
ਰੀਝਾਂ ਪੂਰੀਆਂ ਕਰਨ ਦਾ ਪ੍ਰਣ 
ਖਾਨ ਸਾਬ੍ਹ ਨੇ ਦੱਸਿਆ ਕਿ ਹੁਣ ਉਹ ਆਪਣੇ ਮਾਪਿਆਂ ਦੀਆਂ ਸਾਰੀਆਂ ਅਧੂਰੀਆਂ ਰੀਝਾਂ ਅਤੇ ਹਸਰਤਾਂ ਪੂਰੀਆਂ ਕਰਨਗੇ। ਉਨ੍ਹਾਂ ਦੇ ਡੈਡੀ ਨੇ ਨਵੀਂ ਗੱਡੀ ਕਢਾਉਣ ਲਈ ਕਿਹਾ ਸੀ ਅਤੇ ਉਹ ਜਲਦੀ ਹੀ ਗੱਡੀ ਲੈ ਲੈਣਗੇ। ਇਸ ਤੋਂ ਇਲਾਵਾ ਉਹ ਕੋਠੀ ਦਾ ਕੰਮ ਵੀ ਸ਼ੁਰੂ ਕਰਾਉਣਗੇ ਅਤੇ ਉਸਨੂੰ ਰੈਨੋਵੇਟ ਕਰਾਉਣਗੇ, ਜਿਸ 'ਤੇ 35-40 ਲੱਖ ਰੁਪਏ ਦਾ ਖਰਚਾ ਆਵੇਗਾ।
ਉਨ੍ਹਾਂ ਯਾਦ ਕੀਤਾ ਕਿ ਉਹ ਆਪਣੇ ਮਾਪਿਆਂ ਨੂੰ ਬਿਜ਼ਨਸ ਕਲਾਸ ਜਾਂ ਫਸਟ ਕਲਾਸ ਵਿੱਚ ਘੁਮਾਉਣ ਲੈ ਕੇ ਜਾਣ ਬਾਰੇ ਸੋਚਦੇ ਸਨ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਜਦੋਂ ਉਨ੍ਹਾਂ ਕੋਲ ਪੈਸੇ ਨਹੀਂ ਸਨ, ਉਦੋਂ ਮਾਂ-ਪਿਓ ਹੈਗੇ ਸਨ ਪਰ ਹੁਣ ਜਦੋਂ ਪੈਸਾ ਹੈਗਾ ਹੈ, ਤਾਂ ਮਾਂ-ਪਿਓ ਹੈ ਨਹੀਂ। ਖਾਨ ਸਾਬ੍ਹ ਨੇ ਆਪਣੇ ਨਾਲ ਮਾਤਾ-ਪਿਤਾ ਦੀਆਂ ਨਿਸ਼ਾਨੀਆਂ ਵੀ ਰੱਖੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਡੈਡੀ ਦੀ ਉਹ ਰਿੰਗ (ਮੁੰਦਰੀ) ਰੱਖਦੇ ਹਨ ਜੋ ਉਨ੍ਹਾਂ ਨੇ ਆਖਰੀ ਸਮੇਂ ਪਾਈ ਸੀ ਅਤੇ ਨਾਲ ਹੀ ਉਨ੍ਹਾਂ ਦੀ ਮਨਪਸੰਦ ਘੜੀ। ਉਨ੍ਹਾਂ ਨੇ ਭਾਵੁਕ ਹੋ ਕੇ ਕਿਹਾ ਕਿ ਹੁਣ ਉਹ ਕਿਹਦੇ ਵਾਸਤੇ ਕਮਾਈ ਕਰਨ, ਕਿਉਂਕਿ ਜਿਨ੍ਹਾਂ ਵਾਸਤੇ ਉਹ ਬਾਹਰ ਰਹਿੰਦੇ ਸਨ ਅਤੇ ਕਮਾਉਂਦੇ ਸਨ, ਉਹ ਹੀ ਨਹੀਂ ਰਹੇ। ਅੰਤ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਹੌਸਲਾ ਰੱਖਣ ਅਤੇ ਅੱਲ੍ਹਾ ਨੂੰ ਕਦੇ ਦੋਸ਼ ਨਾ ਦੇਣ ਦੀ ਸਲਾਹ ਦਿੱਤੀ। 
ਵੱਡੀ ਖਬਰ; ਅਦਾਕਾਰ ਧਰਮਿੰਦਰ ਦੀ ਅਚਾਨਕ ਵਿਗੜੀ ਸਿਹਤ ! ਹਸਪਤਾਲ ਦਾਖ਼ਲ
NEXT STORY