ਐਂਟਰਟੇਨਮੈਂਟ ਡੈਸਕ (ਬਿਊਰੋ) – ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ, 2022 ਦਾ ਕੁਝ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਅੱਜ ਵੀ ਪੁੱਤ ਦੇ ਇਨਸਾਫ ਦੀ ਮੰਗ ਲਈ ਕਈ ਕੋਸ਼ਿਸ਼ਾਂ ਕਰ ਰਹੇ ਹਨ।
ਕੁਝ ਘੰਟੇ ਪਹਿਲਾਂ ਹੀ ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਸਾਡੇ ਲਈ ਇਹ ਆਸਾਨ ਨਹੀਂ ਸੀ ਜਦੋਂ ਅਸੀ ਆਪਣੇ ਉਨੱਤੀ ਵਰ੍ਹਿਆਂ ਦੇ ਹੋਣਹਾਰ ਗੱਭਰੂ ਦੀ ਅੰਨੇਵਾਹ ਗੋਲੀ ਨਾਲ ਭੁੰਨੀ ਹੋਈ ਦੇਹ ਉਹਦੀ ਮਿਹਨਤ ਦੀ ਖੱਟੀ ਹਵੇਲੀ 'ਚ ਪਈ ਦੇਖੀ ਸੀ। ਦੁਨੀਆ ਦਾ ਦਿੱਤਾ ਹੌਸਲਾ ਉਸ ਵੇਲੇ ਮੇਰੇ ਲਈ ਥੋੜ੍ਹਾ ਪੈ ਜਾਂਦਾ ਜਦੋਂ ਮੈਂ ਉਨ੍ਹਾਂ ਸਮਿਆਂ 'ਚ ਖੋਈ ਸੁੰਨੇ ਪਏ ਉਹਦੇ ਕਮਰੇ ਵਿਚ ਬੈਠੀ ਉਹਦੇ ਜਨਮ ਹੋਣ ਤੋਂ ਪਹਿਲਾਂ ਦੇ ਸਮਿਆਂ 'ਚ ਖੋਈ ਹੁੰਦੀ ਆ, ਮੈਂ ਜਾਣਦੀ ਹਾਂ, ਜਦੋਂ ਉਸ ਨੂੰ ਗਲ ਨਾਲ ਲਾਉਣ ਲਈ, ਕੋਲੇ ਬਿਠਾਉਣ ਲਈ ਮੇਰਾ ਦਿਲ ਬੇਚੈਨੀ ਮਹਿਸੂਸ ਕਰਦਾ ਤਾਂ ਮੈਂ ਕਿਵੇਂ ਆਪਣੇ ਆਪ ਨੂੰ ਰੋਕਦੀ ਹਾਂ।''
ਅੱਗੇ ਲਿਖਿਆ, ''ਮੈਂ ਇੱਕ ਗਾਇਕ ਦੀ ਇੱਕ ਸ਼ਾਇਰ ਦੀ ਤੇ ਇੱਕ ਕਵੀ ਦੀ ਮਾਤਾ ਬਾਅਦ 'ਚ ਬਣੀ ਆ ਪਰ ਪਹਿਲਾਂ ਮੈਂ ਸਿਰਫ਼ ਮੇਰੇ ਸ਼ੁੱਭਦੀਪ ਦੀ ਮਾਤਾ ਹਾਂ ਤੇ ਇੱਕ ਮਾਂ ਦਾ ਦਿਲ ਹੀ ਜਾਣਦਾ ਹੈ ਕਿ ਜਦੋਂ ਉਹ ਆਪਣੇ ਪੁੱਤਰ ਨੂੰ ਸ਼ਗਨਾਂ ਦੀ ਘੋੜੀ ਚੜਾਉਣ ਦੀਆਂ ਤਿਆਰੀਆਂ ਕਰੇ ਤੇ ਉਹੀ ਵੇਲੇ ਉਹ ਆਪਣੇ ਪੁੱਤਰ ਦਾ ਜਨਾਜ਼ਾ ਜਾਂਦਾ ਦੇਖੇ ਤੇ ਉਹ ਵੀ ਬਿਨਾਂ ਕਿਸੇ ਕਸੂਰ ਤੋਂ, ਸਿਰਫ ਸ਼ੱਕ ਦੇ ਅਧਾਰ 'ਤੇ ਤਾਂ ਕੀ ਬੀਤਦੀ ਹੈ ਉਸ ਮਾਂ ਦੇ ਦਿਲ 'ਤੇ।''
ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ, ਜਿਨ੍ਹਾਂ 'ਚੋਂ ਕੁਝ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਤੇ ਕੁਝ ਜੇਲ੍ਹ 'ਚ ਸਜ਼ਾ ਕੱਟ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਨੂੰ ਪੱਥਰ ਮਾਰਦਿਆਂ ਕੰਬਣ ਲੱਗੇ ਸਨ ਵਿਜੇਂਦਰ ਦੇ ਹੱਥ, 20 ਰੀਟੇਕ ਤੋਂ ਬਾਅਦ ਪੂਰਾ ਕੀਤਾ ਸੀਨ
NEXT STORY