ਨਵੀਂ ਦਿੱਲੀ - ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ। 9 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ 12 ਦਿਨਾਂ ਬਾਅਦ ਅੰਤਰਿਮ ਜ਼ਮਾਨਤ ਦਿੱਤੀ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਦਾਕਾਰ ਨੇ ਜਿੱਥੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਉੱਥੇ ਹੀ ਫਿਲਮ ਇੰਡਸਟਰੀ ਤੋਂ ਕੰਮ ਦੀ ਗੁਹਾਰ ਵੀ ਲਗਾਈ ਹੈ।
ਰਾਜਪਾਲ ਯਾਦਵ ਨੇ ਭਾਵੁਕ ਹੁੰਦਿਆਂ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਦੁਬਾਰਾ ਕੰਮ ਦੇਣ। ਉਨ੍ਹਾਂ ਕਿਹਾ, "ਜਿਨ੍ਹਾਂ ਨੇ ਪਹਿਲਾਂ ਮਦਦ ਕੀਤੀ ਹੈ, ਉਹ ਇਕ ਵਾਰ ਫਿਰ ਮਦਦ ਕਰ ਦੇਣ। ਕਿਰਦਾਰ ਮੇਰੀ ਮਰਜ਼ੀ ਦਾ ਅਤੇ ਪੈਸਾ ਉਨ੍ਹਾਂ ਦੀ ਮਰਜ਼ੀ ਦਾ ਹੋਵੇਗਾ"। ਉਨ੍ਹਾਂ ਸੋਸ਼ਲ ਮੀਡੀਆ 'ਤੇ ਸਮਰਥਨ ਕਰਨ ਵਾਲੇ ਪ੍ਰਸ਼ੰਸਕਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।
ਦੱਸ ਦੇਈਏ ਕਿ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਦੇ ਇਕ ਮਾਮਲੇ 'ਚ ਜੇਲ੍ਹ ਦੀ ਹਵਾ ਖਾਣੀ ਪਈ ਸੀ। ਉਨ੍ਹਾਂ ਨੇ ਆਪਣੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਫਿਲਮ ਦੇ ਫਲਾਪ ਹੋਣ ਕਾਰਨ ਉਹ ਪੈਸੇ ਵਾਪਸ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਈ ਅਤੇ ਉਨ੍ਹਾਂ ਨੂੰ ਤਿਹਾੜ ਜੇਲ੍ਹ 'ਚ ਆਤਮ-ਸਮਰਪਣ ਕਰਨਾ ਪਿਆ।
ਜੇਲ੍ਹ ਦੇ ਅਨੁਭਵ ਬਾਰੇ ਗੱਲ ਕਰਦਿਆਂ ਰਾਜਪਾਲ ਨੇ ਦੱਸਿਆ ਕਿ ਤਿਹਾੜ ਜੇਲ੍ਹ ਦਾ ਪ੍ਰਬੰਧ ਬਹੁਤ ਵਧੀਆ ਹੈ ਅਤੇ ਉੱਥੋਂ ਦਾ ਖਾਣਾ ਵੀ ਕਾਫ਼ੀ ਚੰਗਾ ਸੀ। ਫਿਲਹਾਲ ਰਾਜਪਾਲ ਯਾਦਵ ਆਪਣੀ ਭਤੀਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਬਾਹਰ ਆਏ ਹਨ। ਉਨ੍ਹਾਂ ਨੂੰ 18 ਮਾਰਚ ਤੱਕ ਲਈ ਹੀ ਅੰਤਰਿਮ ਜ਼ਮਾਨਤ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਿਲਾਂ ਦੁਬਾਰਾ ਵਧ ਸਕਦੀਆਂ ਹਨ।
ਸਨੀ ਲਿਓਨ ਦਾ ਖੁਲਾਸਾ: ਫਿਲਮ 'ਕੈਨੇਡੀ' 'ਚ ਆਪਣੀ ਭੂਮਿਕਾ 'ਤੇ ਨਹੀਂ ਸੀ ਹੋ ਰਿਹਾ ਯਕੀਨ
NEXT STORY