ਮੁੰਬਈ - ਬਾਲੀਵੁੱਡ ਦੇ ਦਿੱਗਜ ਸਕ੍ਰੀਨਰਾਈਟਰ ਅਤੇ ਸੁਪਰਸਟਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 90 ਸਾਲਾ ਸਲੀਮ ਖਾਨ ਨੂੰ ਮੰਗਲਵਾਰ ਸਵੇਰੇ ਕਰੀਬ 8:30 ਵਜੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟ (ICU) 'ਚ ਰੱਖਿਆ ਗਿਆ ਹੈ।
ਸਿਹਤ ਸਬੰਧੀ ਤਾਜ਼ਾ ਅਪਡੇਟ
ਜਾਣਕਾਰੀ ਅਨੁਸਾਰ, ਸਲੀਮ ਖਾਨ ਨੂੰ ਸਰੀਰ 'ਚ ਸੋਜ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ, ਪਰ ਉਨ੍ਹਾਂ ਨੂੰ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਦੇ ਇਲਾਜ ਲਈ ਨਿਊਰੋਲੋਜਿਸਟ, ਕਾਰਡੀਓਲੋਜਿਸਟ ਅਤੇ ਨਿਊਰੋਸਰਜਨਾਂ ਦੀ ਇਕ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ। ਡਾਕਟਰਾਂ ਵੱਲੋਂ ਬੁੱਧਵਾਰ ਸਵੇਰੇ 11 ਵਜੇ ਉਨ੍ਹਾਂ ਦੀ ਸਿਹਤ ਬਾਰੇ ਅਧਿਕਾਰਤ ਪ੍ਰੈਸ ਬੁਲੇਟਿਨ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਸ਼ੂਟਿੰਗ ਛੱਡ ਕੇ ਪਹੁੰਚੇ ਸਲਮਾਨ ਖਾਨ
ਪਿਤਾ ਦੀ ਸਿਹਤ ਵਿਗੜਨ ਦੀ ਖ਼ਬਰ ਮਿਲਦਿਆਂ ਹੀ ਸਲਮਾਨ ਖਾਨ ਮੜ੍ਹ ਇਲਾਕੇ 'ਚ ਚੱਲ ਰਹੀ ਆਪਣੀ ਫਿਲਮ ਦੀ ਸ਼ੂਟਿੰਗ ਅੱਧ ਵਿਚਾਲੇ ਛੱਡ ਕੇ ਸਿੱਧਾ ਹਸਪਤਾਲ ਪਹੁੰਚੇ। ਸਲਮਾਨ ਤੋਂ ਇਲਾਵਾ ਉਨ੍ਹਾਂ ਦੀਆਂ ਪਤਨੀਆਂ ਸਲਮਾ ਖਾਨ ਅਤੇ ਹੈਲਨ, ਪੁੱਤਰ ਅਰਬਾਜ਼ ਖਾਨ, ਧੀਆਂ ਅਲਵੀਰਾ ਅਤੇ ਅਰਪਿਤਾ ਸਮੇਤ ਪੂਰਾ ਖਾਨ ਪਰਿਵਾਰ ਹਸਪਤਾਲ ਵਿੱਚ ਮੌਜੂਦ ਹੈ।
ਫਿਲਮੀ ਜਗਤ 'ਚ ਚਿੰਤਾ ਦੀ ਲਹਿਰ
ਸਲੀਮ ਖਾਨ ਦੀ ਸਿਹਤ ਬਾਰੇ ਸੁਣ ਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਉਨ੍ਹਾਂ ਦਾ ਹਾਲ ਜਾਣਨ ਪਹੁੰਚ ਰਹੀਆਂ ਹਨ। ਇਸ ਦੌਰਾਨ ਜਾਵੇਦ ਅਖਤਰ ਅਤੇ ਸੰਜੇ ਦੱਤ ਦੇਰ ਰਾਤ ਹਸਪਤਾਲ ਪਹੁੰਚੇ। 'ਗਦਰ 2' ਦੇ ਨਿਰਦੇਸ਼ਕ ਅਨਿਲ ਸ਼ਰਮਾ ਅਤੇ ਅਦਾਕਾਰਾ ਸੋਮੀ ਅਲੀ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਦੁਆ ਕੀਤੀ ਹੈ।
ਦੱਸਣਯੋਗ ਹੈ ਕਿ ਸਲੀਮ ਖਾਨ ਭਾਰਤੀ ਸਿਨੇਮਾ ਦੇ ਇਕ ਮਹਾਨ ਲੇਖਕ ਹਨ, ਜਿਨ੍ਹਾਂ ਨੇ ਜਾਵੇਦ ਅਖਤਰ ਨਾਲ ਮਿਲ ਕੇ 'ਸ਼ੋਲੇ', 'ਜ਼ੰਜੀਰ', 'ਦੀਵਾਰ' ਅਤੇ 'ਮਿਸਟਰ ਇੰਡੀਆ' ਵਰਗੀਆਂ ਕਲਾਸਿਕ ਫਿਲਮਾਂ ਲਿਖੀਆਂ ਹਨ। ਉਨ੍ਹਾਂ ਨੇ ਹਾਲ ਹੀ ਵਿੱਚ 24 ਨਵੰਬਰ, 2025 ਨੂੰ ਆਪਣਾ 90ਵਾਂ ਜਨਮਦਿਨ ਮਨਾਇਆ ਸੀ।
ਸਿਧਾਰਥ ਮਲਹੋਤਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ: ਪਿਤਾ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
NEXT STORY