ਪੁਰਾਣੇ ਜ਼ਮਾਨੇ ’ਚ ਲੋਕ ਦੁੱਧ ਲਈ ਗਾਵਾਂ ਪਾਲਿਆ ਕਰਦੇ ਸਨ ਪਰ ਜਦੋਂ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਲੋਕਾਂ ਲਈ ਗਾਵਾਂ ਪਾਲਣਾ ਔਖਾ ਹੋ ਗਿਆ ਤਾਂ ਸ਼ੁੱਧ ਦੁੱਧ ਲਈ ਲੋਕ ਗਵਾਲਿਆਂ ਤੋਂ ਆਪਣੇ ਸਾਹਮਣੇ ਚੁਆਇਆ ਦੁੱਧ ਲੈਣ ਲੱਗੇ ਜਿਸ ਨੂੰ ‘ਚੁਆਵਾਂ ਦੁੱਧ’ ਕਿਹਾ ਜਾਂਦਾ ਸੀ।
ਫਿਰ ਲੋਕਾਂ ਨੂੰ ਸ਼ੁੱਧ ਪੈਕਟਬੰਦ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਉਪਲਬਧ ਕਰਵਾਉਣ ਲਈ ‘ਅਮੂਲ’ ਦੇ ਨਾਂ ਹੇਠ ‘ਆਣੰਦ’ (ਗੁਜਰਾਤ) ’ਚ 14 ਦਸੰਬਰ, 1946 ਨੂੰ ‘ਸਰਦਾਰ ਵੱਲਭ ਭਾਈ ਪਟੇਲ’ ਦੇ ਮਾਰਗਦਰਸ਼ਨ ’ਚ ‘ਤ੍ਰਿਭੁਵਨ ਦਾਸ ਪਟੇਲ’ ਨੇ ਇਕ ਸਹਿਕਾਰੀ ਸੰਸਥਾ ਕਾਇਮ ਕੀਤੀ।
ਉਂਝ ਤਾਂ ਖੁਰਾਕ ਪਦਾਰਥਾਂ ’ਚ ਮਿਲਾਵਟ ਪੁਰਾਣੇ ਜ਼ਮਾਨੇ ’ਚ ਵੀ ਹੁੰਦੀ ਸੀ ਪਰ ਇਹ ਜ਼ਿਆਦਾਤਰ ਦੁੱਧ ਤੱਕ ਹੀ ਸੀਮਤ ਸੀ ਅਤੇ ਆਮ ਤੌਰ ’ਤੇ ਇਸ ’ਚ ਪਾਣੀ ਹੀ ਮਿਲਾਇਆ ਜਾਂਦਾ ਸੀ ਪਰ ਹੁਣ ਦੁੱਧ ਹੀ ਨਹੀਂ ਸਗੋਂ ਹੋਰ ਖੁਰਾਕੀ ਵਸਤਾਂ ’ਚ ਵੀ ਮਿਲਾਵਟ ਬਹੁਤ ਵਧ ਗਈ ਹੈ ਅਤੇ ਦੁੱਧ ’ਚ ਵੀ ਪਾਣੀ ਤੋਂ ਇਲਾਵਾ ਹੋਰ ਅਨੇਕਾਂ ਹਾਨੀਕਾਰਕ ਪਦਾਰਥ ਮਿਲਾਏ ਜਾਣ ਲੱਗੇ ਹਨ।
ਬਾਜ਼ਾਰ ’ਚ ਮਿਲਾਵਟੀ ਦੁੱਧ, ਪਨੀਰ ਅਤੇ ਖੋਏ ਆਦਿ ਤੋਂ ਬਣੀਆਂ ਸਿਹਤ ਲਈ ਹਾਨੀਕਾਰਕ ਮਠਿਆਈਆਂ ਬਣਾਈਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਬਾਜ਼ਾਰ ’ਚ ਨਕਲੀ ਦਵਾਈਆਂ ਅਤੇ ਟੀਕੇ ਜਾਂ ਸਪ੍ਰੇਅ ਆਦਿ ਨਾਲ ਪਕਾਏ ਗਏ ਫਲ ਵੀ ਵਿਕ ਰਹੇ ਹਨ, ਜਿਨ੍ਹਾਂ ਦੀਅਾਂ ਪਿਛਲੇ ਲੱਗਭਗ 2 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 16 ਅਗਸਤ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਤਿੰਨ ਫ਼ੈਕਟਰੀਆਂ ’ਤੇ ਛਾਪੇਮਾਰੀ ਕਰਕੇ ਉੱਥੋਂ ਜ਼ਬਤ ਕੀਤਾ ਗਿਆ 868 ਕਿਲੋ ਮਿਲਾਵਟੀ ‘ਪਨੀਰ’ ਅਤੇ 170 ਕਿਲੋ ਉੱਲੀ ਲੱਗਾ ‘ਖੋਇਆ’ ਨਸ਼ਟ ਕਰਵਾਇਆ।
* 18 ਅਗਸਤ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਅਧਿਕਾਰੀਆਂ ਨੇ 25,500 ਕਿਲੋ ਮਿਲਾਵਟੀ ਘਿਓ ਜ਼ਬਤ ਕੀਤਾ, ਜਿਸ ਨੂੰ 100 ਫ਼ੀਸਦੀ ਸ਼ੁੱਧ ਘਿਓ ਦੱਸ ਕੇ ਬਾਜ਼ਾਰ ’ਚ ਵੇਚਿਆ ਜਾ ਰਿਹਾ ਸੀ।
* 18 ਅਗਸਤ ਨੂੰ ਹੀ ‘ਮਥੁਰਾ’ (ਉੱਤਰ ਪ੍ਰਦੇਸ਼) ’ਚ ਅਧਿਕਾਰੀਆਂ ਨੇ ਇਕ ਗ਼ੈਰ-ਕਾਨੂੰਨੀ ਡੇਅਰੀ ’ਤੇ ਛਾਪਾ ਮਾਰ ਕੇ ਉੱਥੋਂ ਜ਼ਬਤ 500 ਕਿਲੋ ਦੂਸ਼ਿਤ ‘ਪਨੀਰ’ ਅਤੇ 2,000 ਲੀਟਰ ਮਿਲਾਵਟੀ ਦੁੱਧ ਸੀਵਰ ’ਚ ਵਹਾਇਆ ਜਿਸ ਨੂੰ ਸਫ਼ੇਦ ਅਤੇ ਗਾੜ੍ਹਾ ਬਣਾਉਣ ਲਈ ਕੱਪੜੇ ਚਮਕਾਉਣ ਵਾਲੇ ਕੈਮੀਕਲਾਂ ਦੀ ਵਰਤੋਂ ਹੋ ਰਹੀ ਸੀ।
* 23 ਅਗਸਤ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਬਲੱਡ ਪ੍ਰੈਸ਼ਰ ਅਤੇ ਹੋਰ ਰੋਗਾਂ ਦੀਅਾਂ ਵੱਡੀ ਮਾਤਰਾ ’ਚ ਨਕਲੀ ਦਵਾਈਆਂ ਜ਼ਬਤ ਕੀਤੀਆਂ।
* 24 ਅਗਸਤ ਨੂੰ ‘ਹਾਪੁੜ’ (ਉੱਤਰ ਪ੍ਰਦੇਸ਼) ਦੇ ‘ਧੌਲਾਣਾ’ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਡਿਟਰਜੈਂਟ, ਸਕਿਮਡ ਮਿਲਕ ਪਾਊਡਰ ਅਤੇ ਬਨਸਪਤੀ ਤੇਲ ਤੋਂ ਬਣਾਇਆ 2400 ਕਿਲੋ ਮਿਲਾਵਟੀ ‘ਖੋਇਆ’ ਅਤੇ 550 ਕਿਲੋ ਤੋਂ ਵੱਧ ਨਕਲੀ ‘ਪਨੀਰ’ ਜ਼ਬਤ ਕਰਕੇ ਜੇ. ਸੀ. ਬੀ. ਨਾਲ ਟੋਇਆ ਪੁਟਵਾ ਕੇ ਨਸ਼ਟ ਕੀਤਾ।
* 26 ਸਤੰਬਰ ਨੂੰ ‘ਮੋਹਾਲੀ’ (ਪੰਜਾਬ) ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਕ ‘ਪਨੀਰ’ ਨਿਰਮਾਤਾ ਦੀ ਫ਼ੈਕਟਰੀ ’ਤੇ ਛਾਪੇਮਾਰੀ ਕਰ ਕੇ ਸੁਰੱਖਿਆ ਮਾਪਦੰਡਾਂ ’ਤੇ ਖ਼ਰਾ ਨਾ ਉਤਰਨ ਵਾਲਾ 1200 ਕਿਲੋ ਨਕਲੀ ‘ਪਨੀਰ’ ਅਤੇ 1,800 ਲੀਟਰ ਮਿਲਾਵਟੀ ਦੁੱਧ ਨਸ਼ਟ ਕਰਵਾਉਣ ਤੋਂ ਬਾਅਦ ਫ਼ੈਕਟਰੀ ਨੂੰ ਸੀਲ ਕਰ ਦਿੱਤਾ।
* 6 ਅਕਤੂਬਰ ਨੂੰ ਮਹਾਰਾਸ਼ਟਰ ’ਚ ਤਿਉਹਾਰਾਂ ਤੋਂ ਪਹਿਲਾਂ ਖੁਰਾਕ ਪਦਾਰਥਾਂ ਵਿਚ ਮਿਲਾਵਟ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ’ਚ ‘ਮੁੰਬਈ’ ਦੇ ‘ਮਲਾਡ ਈਸਟ’ ’ਚ ਇਕ ਡੇਅਰੀ ਤੋਂ 2464 ਕਿਲੋ ਮਿਲਾਵਟੀ ਘਿਓ ਜ਼ਬਤ ਕੀਤਾ, ਜਿਸ ਨੂੰ ਬ੍ਰਾਂਡਿਡ ਕੰਪਨੀਆਂ ਦੇ ਘਿਓ ਦੇ ਨਾਂ ’ਤੇ ਉਨ੍ਹਾਂ ਨਾਲ ਮਿਲਦੇ-ਜੁਲਦੇ ਡੱਬਿਆਂ ’ਚ ਪੈਕ ਕਰ ਕੇ ਵੇਚਿਆ ਜਾਣਾ ਸੀ।
* 7 ਅਕਤੂਬਰ ਨੂੰ ‘ਸੀਤਾਮੜੀ’ (ਬਿਹਾਰ) ’ਚ ਛਾਪੇਮਾਰੀ ’ਚ 80 ਕਿਲੋ ਨਕਲੀ ‘ਪਨੀਰ’ ਫੜਿਆ ਗਿਆ ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
* 7 ਅਕਤੂਬਰ ਨੂੰ ਹੀ ‘ਰੁੜਕੀ’ (ਉਤਰਾਖੰਡ) ਦੇ ‘ਨਨਹੇੜਾ ਅਨੰਤਪੁਰ’ ’ਚ ਖੁਰਾਕ ਸੁਰੱਖਿਆ ਵਿਭਾਗ ਅਤੇ ਪੁਲਸ ਨੇ ਸਾਂਝੀ ਰੇਡ ਕਰ ਕੇ ਇਕ ਗ਼ੈਰ-ਕਾਨੂੰਨੀ ‘ਪਨੀਰ’ ਫ਼ੈਕਟਰੀ ਦਾ ਪਰਦਾਫਾਸ਼ ਕਰ ਕੇ ਉੱਥੋਂ 200 ਕਿਲੋ ਸੈਮੀ-ਪ੍ਰੋਸੈਸਡ ਨਕਲੀ (ਐਨਾਲਾਗ) ‘ਪਨੀਰ’, ‘ਪਾਮੋਲਿਨ ਆਇਲ’ ਅਤੇ ਭਾਰੀ ਮਾਤਰਾ ’ਚ ‘ਸਕਿਮਡ ਮਿਲਕ ਪਾਊਡਰ’ ਜ਼ਬਤ ਕੀਤਾ।
* 7 ਅਕਤੂਬਰ ਨੂੰ ਹੀ ‘ਮਹਾਰਾਸ਼ਟਰ’ ਦੇ ‘ਖੁਰਾਕ ਅਤੇ ਔਸ਼ਧੀ’ ਪ੍ਰਸ਼ਾਸਨ ਨੇ ‘ਨਵੀ ਮੁੰਬਈ’ ਦੀ ‘ਤੁਰਭੇ ਮੰਡੀ’ ਤੋਂ ਖ਼ਤਰਨਾਕ ‘ਈਥੇਫੋਨ’ ਵਰਗੇ ਜ਼ਹਿਰੀਲੇ ਕੈਮੀਕਲ ਨਾਲ ਬਨਾਊਟੀ ਤੌਰ ’ਤੇ ਪਕਾਏ ਗਏ ਕੇਲੇ ਅਤੇ ‘ਪੁਣੇ’ ਦੇ ‘ਮਾਲਸ਼ਿਰਸ’ ਤੋਂ ਡਿਟਰਜੈਂਟ ਆਦਿ ਹੋਰ ਹਾਨੀਕਾਰਕ ਰਸਾਇਣਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ 16,730 ਲੀਟਰ ਦੁੱਧ ਫੜਿਆ।
ਮਿਲਾਵਟੀ ਖੁਰਾਕ ਪਦਾਰਥਾਂ ਨਾਲ ਕਿਸੇ ਦੀ ਜਾਨ ਖ਼ਤਰੇ ’ਚ ਪਾਉਣਾ ਕਿਸੇ ਦੀ ਹੱਤਿਆ ਕਰਨ ਨਾਲੋਂ ਘੱਟ ਗੰਭੀਰ ਅਪਰਾਧ ਨਹੀਂ ਹੈ, ਇਸ ਲਈ ਅਜਿਹੇ ਘਿਣੌਨੇ ਅਪਰਾਧ ਕਰਨ ਵਾਲਿਆਂ ਵਿਰੁੱਧ ਫਾਸਟ ਟਰੈਕ ਅਦਾਲਤਾਂ ’ਚ ਸੁਣਵਾਈ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
— ਵਿਜੇ ਕੁਮਾਰ
‘ਵਿਦਿਆਰਥੀ ਖੁਦਕੁਸ਼ੀਆਂ’ ਬਣਦੀਆਂ ਜਾ ਰਹੀਆਂ ਗੰਭੀਰ ਸਮੱਸਿਆ!
NEXT STORY