ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਹਰਫ ਚੀਮਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਕੁਝ ਦੇਰ ਪਹਿਲਾਂ ਸਾਂਝੀ ਕੀਤੀ ਇਸ ਪੋਸਟ ’ਚ ਹਰਫ ਚੀਮਾ ਨੇ ਇੰਟਰਨੈਸ਼ਨਲ ਸਟੂਡੈਂਟਸ ’ਤੇ ਆਈ ਔਖੀ ਘੜੀ ਨੂੰ ਬਿਆਨ ਕੀਤਾ ਹੈ। ਆਪਣੀ ਪੋਸਟ ’ਚ ਗਾਇਕ ਹਰਫ ਚੀਮਾ ਨੇ ਵਿਦੇਸ਼ ਰਹਿੰਦੇ ਪੰਜਾਬੀਆਂ ਨੂੰ ਖ਼ਾਸ ਅਪੀਲ ਕੀਤੀ ਹੈ।
ਹਰਫ ਨੇ ਕਿਹਾ, ‘‘ਸੰਸਾਰ ’ਚ ਆਰਥਿਕ ਮੰਦੀ ਸ਼ੁਰੂ ਹੋ ਚੁੱਕੀ ਹੈ। ਕੈਨੇਡਾ-ਅਮਰੀਕਾ ’ਚ ਲੋਕਾਂ ਨੂੰ ਨੌਕਰੀਆਂ ਤੋਂ ਜਵਾਬ ਮਿਲਣਾ ਸ਼ੁਰੂ ਹੋ ਚੁੱਕਾ ਹੈ। ਇਸ ਵੇਲੇ ਪੰਜਾਬੀਆਂ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਵਿਦਿਆਰਥੀ ਵੀਜ਼ੇ ’ਤੇ ਵਿਦੇਸ਼ ਗਏ ਬੱਚਿਆਂ ਦੀ ਹਰ ਤਰ੍ਹਾਂ ਮਦਦ। ਪਹਿਲਾਂ ਤਾਂ ਇਧਰਲੇ ਪਰਿਵਾਰਾਂ ਨੂੰ ਉਨ੍ਹਾਂ ਦੀ ਮਜਬੂਰੀ ਸਮਝਣੀ ਪਵੇਗੀ ਤੇ ਉਨ੍ਹਾਂ ਨੂੰ ਏ. ਟੀ. ਐੱਮ. ਮਸ਼ੀਨਾਂ ਸਮਝਣਾ ਬੰਦ ਕਰਨਾ ਪਵੇਗਾ। ਦੂਜਾ, ਉਨ੍ਹਾਂ ਦੇਸ਼ਾਂ ’ਚ ਪਹਿਲਾਂ ਜਾ ਕੇ ਸੈੱਟ ਹੋ ਚੁੱਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਜੇ ਉਹ ਸੱਚਮੁੱਚ ‘ਆਪਣੇ’ ਪੰਜਾਬ ਦਾ ਕੁਝ ਭਲਾ ਚਾਹੁੰਦੇ ਹਨ ਤਾਂ ਇਨ੍ਹਾਂ ਬੱਚਿਆਂ ਨੂੰ ਵੀ ਆਪਣਾ ਸਮਝਣ।’’
ਇਹ ਖ਼ਬਰ ਵੀ ਪੜ੍ਹੋ : ਆਰਟਿਸਟ ਅਮਨਦੀਪ ਸਿੰਘ ਨੇ ਸਿੱਧੂ ਮੂਸੇ ਵਾਲਾ ਦੀਆਂ ਕਲਾਵਾਂ ਦਾ ਕੀਤਾ ਪ੍ਰਦਰਸ਼ਨ, ਚੈਰਿਟੀ ’ਚ ਜਾਵੇਗੀ ਕਮਾਈ
ਹਰਫ ਨੇ ਅੱਗੇ ਲਿਖਿਆ, ‘‘ਉਹ ਇਨ੍ਹਾਂ ਕੋਲੋਂ ਘੱਟ ਪੈਸਿਆਂ ’ਤੇ ਕੰਮ ਕਰਵਾਉਣ, ਮੂੰਹ ਮੰਗੀਆਂ ਕੀਮਤਾਂ ’ਤੇ ਬੇਸਮੈਂਟਾਂ ਦੇਣ ਤੇ ਹਰ ਗੱਲ ’ਤੇ ‘ਇੰਟਰਨੈਸ਼ਨਲ ਸਟੂਡੈਂਟ ਇਹ ਕਰਦੇ ਹਨ, ਉਹ ਕਰਦੇ ਹਨ’ ਬੰਦ ਕਰਨ। ਕੋਈ ਵੀ ਪੰਜਾਬੀ ਕਿਤੇ ਵੀ ਜਾ ਕੇ ਘੱਟ ਨਹੀਂ ਕਰਦਾ। ਉਨ੍ਹਾਂ ਨੇ ਵੀ ਨਹੀਂ ਕੀਤੀ ਤੇ ਉਹ ਬੱਚੇ ਕੋਈ ਖ਼ੁਸ਼ੀ ਨੂੰ ਤੁਹਾਡੇ ਦੇਸ਼ਾਂ ’ਚ ਨਹੀਂ ਆਏ। ਪੰਜਾਬ ਦੀਆਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀ ਤੋਂ ਭੱਜੀਆਂ ਤਾਂ ਇਹ ਲੱਖਾਂ ਰੁਪਏ ਲਾ ਕੇ ਤੁਹਾਡੇ ਦੇਸ਼ਾਂ ’ਚ ਰੁਲਣ ਆਏ ਹਨ।’’
ਹਰਫ ਨੇ ਇਹ ਵੀ ਕਿਹਾ, ‘‘ਇਕ ਬੇਨਤੀ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਹੈ। ਜੇ ਕੋਈ ਬੱਚਾ-ਬੱਚੀ ਤੁਹਾਡੇ ਕੋਲੋਂ ਇਕ ਫਾਲਤੂ ਦਿਨ ਦਾ ਖਾਣਾ ਮੰਗ ਲੈਂਦਾ ਹੈ ਜਾਂ ਰੋਜ਼ ਵੀ ਆ ਜਾਂਦਾ ਹੈ ਤਾਂ ਕੋਈ ਵੱਡੀ ਗੱਲ ਨਹੀਂ। ਉਸ ਦੀ ਮੁਸ਼ਕਿਲ ਪੁੱਛੋ ਨਾ ਕਿ ਉਨ੍ਹਾਂ ਬਾਰੇ ਗਲਤ ਬੋਲੋ, ਜਿਵੇਂ ਕਿ ਇਕ ਧੀ-ਧਿਆਣੀ ਬਾਰੇ ਕੁਝ ਸ਼ਰਮਨਾਕ ਪੋਸਟਾਂ ਪਾਈਆਂ ਗਈਆਂ ਹਨ। ਵਾਹਿਗੁਰੂ ਨੇ ਤੁਹਾਡੀ ਸੇਵਾ ਲੰਗਰ ਵਰਗੀ ਥਾਂ ’ਤੇ ਲਾ ਕੇ ਤੁਹਾਨੂੰ ਮਾਣ ਬਖ਼ਸ਼ਿਆ ਹੈ। ਜੇ ਬੱਚਿਆਂ ਲਈ ਵੱਖਰੇ ਸਹਾਇਤਾ ਕੇਂਦਰ ਖੋਲ੍ਹ ਸਕੋ ਤਾਂ ਇਸ ਤੋਂ ਵੱਡੀ ਸਿੱਖੀ ਸੇਵਾ ਹੀ ਕੋਈ ਨਹੀਂ ਹੋਣੀ।’’
ਅਖੀਰ ’ਚ ਹਰਫ ਚੀਮਾ ਨੇ ਕਿਹਾ, ‘‘ਆਖਰੀ ਸਲਾਹ ਬਾਹਰ ਰਹਿ ਰਹੇ ਬੱਚਿਆਂ ਨੂੰ ਹੈ। ਵੇਲਾ ਹੈ ਕਿ ਆਪਸ ’ਚ ਗਰੁੱਪ ਬਣਾਓ ਤੇ ਲੋੜ ਵੇਲੇ ਇਕ-ਦੂਜੇ ਦੀ ਜਿੰਨੀ ਹੋ ਸਕੇ ਮਦਦ ਕਰਨ ਦੀ ਕੋਸ਼ਿਸ਼ ਕਰੋ। ਸੋਸ਼ਲ ਮੀਡੀਆ ਨੂੰ ਆਪਣੀ ਤਾਕਤ ਬਣਾਓ। ਜੇ ਕੋਈ ਦੁੱਖ ਹੈ ਤਾਂ ਦੂਜਿਆਂ ਨਾਲ ਸਾਂਝਾ ਕਰੋ। ਘਰਦਿਆਂ ਨੂੰ ਦੱਸੋ, ਜੇ ਜ਼ਿਆਦਾ ਘਬਰਾਹਟ ਹੋਵੇ, ਘਰਾਂ ਨੂੰ ਪਰਤ ਪਵੋ। ਤੁਹਾਨੂੰ ਰਾਜ਼ੀ-ਖ਼ੁਸ਼ੀ ਵੇਖਣਾ ਤੁਹਾਡੇ ਪਰਿਵਾਰਾਂ ਲਈ ਤੁਹਾਡੀ ਕੈਨੇਡਾ ਦੀ ਪੀ. ਆਰ. ਨਾਲੋਂ ਜ਼ਿਆਦਾ ਅਹਿਮ ਹੋਵੇਗਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਹਰਫ ਚੀਮਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਭਰਾ ਅਰਬਾਜ਼ ਦੀ ਬਰਥਡੇ ਪਾਰਟੀ ’ਚ ਪਹੁੰਚੇ ਸਲਮਾਨ ਖ਼ਾਨ, ਗੁਲਾਬੀ ਪੈਂਟ ’ਚ ਬਾਰਬੀ ਸਟਾਈਲ ਕੀਤਾ ਫਾਲੋਅ
NEXT STORY