ਮਾਛੀਵਾੜਾ ਸਾਹਿਬ/ਕੈਨੇਡਾ (ਟੱਕਰ) : ਕੈਨੇਡਾ ਵਿਚ ਕੰਜਰਵੇਟਿਵ ਪਾਰਟੀ ਦੇ ਬਰੈਂਪਟਨ ਵੈਸਟ ਤੋਂ ਐੱਮ.ਪੀ. ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਕੈਨੇਡਾ ਵਿਚ ਵੱਧਦਾ ਜ਼ੁਰਮ ਚਿੰਤਾ ਦਾ ਵਿਸ਼ਾ ਹੈ ਅਤੇ ਸਾਡੀ ਸਰਕਾਰ ਬਣਦਿਆਂ ਹੀ ਇਸ ਨੂੰ ਨੱਥ ਪਾਉਣ ਲਈ ਸਖ਼ਤ ਕਾਨੂੰਨ ਬਣਾਏ ਜਾਣਗੇ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਐੱਮ.ਪੀ. ਗਿੱਲ ਅੱਜ ਪਿੰਡ ਭਾਗਪੁਰ ਵਿਖੇ ਆਪਣੇ ਨਜ਼ਦੀਕੀ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਸਨ। ਐੱਮ.ਪੀ. ਗਿੱਲ ਨੇ ਕਿਹਾ ਕਿ ਬਰੈਂਪਟਨ ਇਲਾਕੇ ਵਿਚ ਚੋਰੀ, ਲੁੱਟ, ਗੈਂਗਵਾਰ ਤੇ ਫਿਰੌਤੀ ਦੀਆਂ ਕਾਲਾਂ ਨਾਲ ਉੱਥੋਂ ਦੇ ਵਾਸੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਨੇ ਹਮੇਸ਼ਾ ਮੰਗ ਕੀਤੀ ਹੈ ਕਿ ਕੈਨੇਡਾ ਦੇ ਪੁਰਾਣੇ ਕਾਨੂੰਨ ਬਹੁਤ ਨਰਮ ਹਨ ਜਿਨ੍ਹਾਂ ਵਿਚ ਸੋਧ ਕਰਨ ਦੀ ਜ਼ਰੂਰਤ ਹੈ ਤਾਂ ਜੋ ਜਿਹੜੇ ਵਿਅਕਤੀ ਵਾਰ-ਵਾਰ ਅਪਰਾਧ ਕਰ ਰਹੇ ਹਨ ਉਹ ਚਾਹੇ ਕਿਸੇ ਵੀ ਦੇਸ਼ ਨਾਲ ਸਬੰਧਿਤ ਹੋਵੇ ਉਸ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਤੇ ਹੋਰ ਵਾਸੀਆਂ ਨੇ ਕੰਜਰਵੇਟਿਵ ਪਾਰਟੀ ਵਲੋਂ ਐੱਮ.ਪੀ. ਚੋਣ ਜਿਤਾ ਕੇ ਬਹੁਤ ਵੱਡਾ ਮਾਣ ਬਖਸ਼ਿਆ ਹੈ ਅਤੇ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਹੈ ਕਿ ਆਪਣੇ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ। ਐੱਮ.ਪੀ. ਗਿੱਲ ਨੇ ਕਿਹਾ ਕਿ ਇਸ ਵਾਰ ਪੂਰੀ ਸੰਭਾਵਨਾ ਸੀ ਕਿ ਕੈਨੇਡਾ ਵਿਚ ਸਾਡੀ ਪਾਰਟੀ ਦੀ ਸਰਕਾਰ ਬਣੇਗੀ ਪਰ ਸਾਡੇ ਕਾਫ਼ੀ ਉਮੀਦਵਾਰ ਨਾਮਾਤਰ ਵੋਟਾਂ ਨਾਲ ਹੀ ਹਾਰ ਗਏ ਜਿਸ ਕਾਰਨ ਅਸੀਂ ਸਰਕਾਰ ਬਣਨ ਤੋਂ ਖੁੰਝ ਗਏ। ਉਨ੍ਹਾਂ ਕਿਹਾ ਕਿ ਅਗਲੀ ਵਾਰ ਕੈਨੇਡਾ ਵਾਸੀ ਕੰਜਰਵੇਟਿਵ ਪਾਰਟੀ ਦੀ ਸਰਕਾਰ ਬਣਾਉਣਗੇ ਕਿਉਂਕਿ ਹੁਣ ਜ਼ਰੂਰਤ ਹੈ ਕਿ ਕਾਨੂੰਨ ਵਿਚ ਸੋਧ ਕਰਕੇ ਅਪਰਾਧਿਕ ਵਿਅਕਤੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਸਿਹਤ ਸੁਵਿਧਾਵਾਂ ਦੇ ਢਾਂਚੇ ਵਿਚ ਵੀ ਸੁਧਾਰ ਕੀਤਾ ਜਾਵੇ। ਐੱਮ.ਪੀ. ਗਿੱਲ ਨੇ ਪੰਜਾਬ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਵਿਖੇ ਸਹੀ ਤਰੀਕੇ ਨਾਲ ਆਉਣ ਅਤੇ ਇੱਥੇ ਆ ਕੇ ਦੇਸ਼ ਦੇ ਕਾਨੂੰਨ ਤੇ ਨਿਯਮਾਂ ਨੂੰ ਅਪਨਾਉਣ ਤਾਂ ਜੋ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਆਵੇ।
ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਵਿਚ ਉਹ ਕੁਰਾਹੇ ਨਾ ਪੈਣ ਕਿਉਂਕਿ ਇਸ ਨਾਲ ਸਾਰੇ ਪੰਜਾਬੀ ਭਾਈਚਾਰੇ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ ਵਲੋਂ ਐੱਮ.ਪੀ. ਅਮਰਜੀਤ ਸਿੰਘ ਗਿੱਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਗਗਨਦੀਪ ਸਿੰਘ, ਜ਼ਿਲਾ ਪਰਿਸ਼ਦ ਮੈਂਬਰ ਕਰਮਜੀਤ ਸਿੰਘ ਖਾਸੀ, ਹਰਪਾਲ ਸਿੰਘ ਸੰਧੂ, ਪਰਦੀਪ ਸ਼ਰਮਾ, ਦਵਿੰਦਰ ਸਿੰਘ ਯੂ.ਐੱਸ.ਏ. ਵੀ ਮੌਜੂਦ ਸਨ।
'ਜੇ ਰਾਹੁਲ ਗਾਂਧੀ ਕੋਲ ਸਾਡੇ ਲਈ ਟਾਈਮ ਨਹੀਂ, ਅਸੀਂ ਵੀ ਵਿਹਲੇ ਨਹੀਂ": ਨਵਜੋਤ ਕੌਰ ਸਿੱਧੂ
NEXT STORY