ਨਵੀਂ ਦਿੱਲੀ (ਬਿਊਰੋ) : ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਣੀ ਦੀ ਫ਼ਿਲਮ 'ਸ਼ੇਰਸ਼ਾਹ' 12 ਅਗਸਤ 2021 ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਈ ਸੀ। ਦਰਸ਼ਕਾਂ ਨੇ ਇਸ ਫ਼ਿਲਮ ਨੂੰ ਕਾਫੀ ਸਰਾਹਿਆ ਸੀ। ਕਾਰਗਿੱਲ ਦੇ ਹੀਰੋ ਕੈਪਟਨ ਵਿਕਰਮ ਬੱਤਰਾ ਦੀ ਇਸ ਬਾਇਓਪਿਕ 'ਚ ਲੋਕਾਂ ਨੂੰ ਸਿਧਾਰਥ ਅਤੇ ਕਿਆਰਾ ਦੀ ਕੈਮਿਸਟਰੀ ਕਾਫ਼ੀ ਪਸੰਦ ਆਈ ਪਰ ਹੁਣ ਇਸ ਫ਼ਿਲਮ ਕਾਰਨ ਕਿਸੇ ਦੀ ਜਾਨ ਖ਼ਤਰੇ 'ਚ ਪੈ ਗਈ ਹੈ।
ਦਰਅਸਲ, ਇਕ ਕਸ਼ਮੀਰੀ ਰਿਪੋਰਟਰ ਫਰਾਜ਼ ਅਸ਼ਰਫ਼ ਨੇ 'ਸ਼ੇਰਸ਼ਾਹ' ਫ਼ਿਲਮ ਦੇ ਮੇਕਰਸ ਖ਼ਿਲਾਫ਼ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ। ਰਿਪੋਰਟਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਕਾਰਨ ਉਸ ਦੀ ਤੇ ਉਸ ਦੇ ਪਰਿਵਾਰ ਦੀ ਜਾਨ ਸੰਕਟ 'ਚ ਹੈ। ਫਰਾਜ਼ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਕਿ ਫ਼ਿਲਮ ਦੇ ਇਕ ਦ੍ਰਿਸ਼ 'ਚ ਅੱਤਵਾਦੀਆਂ ਨੂੰ ਇਕ ਕਾਰ 'ਚ ਜਾਂਦੇ ਹੋਏ ਦਿਖਾਇਆ ਗਿਆ ਹੈ। ਇਸ ਕਾਰ 'ਤੇ ਜੋ ਨੰਬਰ ਹੈ ਉਹ ਫਰਾਜ਼ ਦੀ ਪਰਸਨਲ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਹੈ। ਇਸ ਤੋਂ ਬਾਅਦ ਫਰਾਜ਼ ਮੁਸ਼ਕਲ 'ਚ ਆ ਗਏ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਧਰਮਾ ਪ੍ਰੋਡਕਸ਼ਨ ਜਾਂ ਸ਼ੇਰਸ਼ਾਹ ਦੀ ਟੀਮ ਨੇ ਆਪਣੇ ਸ਼ੂਟ ਲਈ ਇਸ ਨੰਬਰ ਨੂੰ ਇਸਤੇਮਾਲ ਕਰਨ ਦੀ ਆਗਿਆ ਉਸ ਤੋਂ ਨਹੀਂ ਮੰਗੀ ਸੀ। ਅਜਿਹੇ 'ਚ ਇਸ ਫ਼ਿਲਮ ਕਾਰਨ ਉਨ੍ਹਾਂ ਦਾ ਜੀਵਨ ਖ਼ਤਰੇ 'ਚ ਆ ਗਿਆ ਹੈ। ਇੰਨਾ ਹੀ ਨਹੀਂ ਸਬੂਤ ਦੇ ਤੌਰ 'ਤੇ ਫਰਾਜ਼ ਨੇ ਸੋਸ਼ਲ ਮੀਡੀਆ 'ਤੇ ਆਪਣੀ ਤੇ ਫ਼ਿਲਮ 'ਚ ਦਿਖਾਈ ਗਈ ਕਾਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਅਤੇ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਡਰ ਲੱਗ ਰਿਹਾ ਹੈ। ਆਪਣੇ ਇਕ ਟਵੀਟ 'ਚ ਫਰਾਜ਼ ਨੇ ਧਰਮਾ ਪ੍ਰੋਡਕਸ਼ਨ ਖ਼ਿਲਾਫ਼ ਕੋਰਟ 'ਚ ਜਾਣ ਦੀ ਧਮਕੀ ਦਿੱਤੀ ਹੈ।
ਦੱਸ ਦੇਈਏ ਕਿ ਹਾਲੇ ਤਕ ਸ਼ੇਰਸ਼ਾਹ ਦੀ ਟੀਮ ਵੱਲੋਂ ਇਸ ਮਾਮਲੇ 'ਤੇ ਕੋਈ ਸਟੇਟਮੈਂਟ ਸਾਹਮਣੇ ਨਹੀਂ ਆਈ। ਉਂਝ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਾਫ਼ੀ ਵਾਰ ਅਜਿਹਾ ਹੋ ਚੁੱਕਾ ਹੈ। ਆਮਿਰ ਖ਼ਾਨ ਦੀ ਫ਼ਿਲਮ 'ਗਜ਼ਨੀ' 'ਚ ਉਨ੍ਹਾਂ ਦੀ ਬਾਡੀ 'ਤੇ ਲਿਖੇ ਹੋਏ ਫੋਨ ਨੰਬਰਾਂ ਨੂੰ ਵੀ ਲੋਕਾਂ ਨੇ ਨੋਟ ਕਰਕੇ ਕਾਲ ਕੀਤਾ। ਇਕ ਲੜਕੀ ਨੇ ਤੰਗ ਆ ਕੇ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।
'ਕੌਣ ਬਣੇਗਾ ਕਰੋੜਪਤੀ' ਦੇ ਨਾਂ 'ਤੇ ਹੋ ਰਹੀ ਧੋਖਾਧੜੀ, WhatsApp 'ਤੇ ਦੇ ਰਹੇ ਪੈਸੇ ਜਿੱਤਣ ਦਾ ਲਾਲਚ
NEXT STORY