ਅੱਜਕਲ ਲੋਕ ਕਾਰੋਬਾਰ ਅਤੇ ਸੈਰ-ਸਪਾਟੇ ਆਦਿ ਦੇ ਦੌਰਾਨ ਸਮਾਂ ਬਚਾਉਣ ਲਈ ਬੱਸਾਂ ਅਤੇ ਰੇਲਗੱਡੀਆਂ ਦੀ ਬਜਾਏ ਜਹਾਜ਼ ਯਾਤਰਾਵਾਂ ਨੂੰ ਪਹਿਲ ਦੇਣ ਲੱਗੇ ਹਨ। ਇਸੇ ਕਾਰਨ ਜਹਾਜ਼ ਯਾਤਰੀਆਂ ਅਤੇ ਜਹਾਜ਼ ਸੇਵਾਵਾਂ ਵਿਚ ਵਾਧੇ ਦੇ ਇਲਾਵਾ ਨਵੇਂ-ਨਵੇਂ ਹਵਾਈ ਅੱਡੇ ਵੀ ਬਣਨ ਲੱਗੇ ਹਨ।
ਇਸ ਦੇ ਨਾਲ ਹੀ ਜਹਾਜ਼ਾਂ ਦੇ ਰੱਖ-ਰਖਾਅ ਵਿਚ ਕਮੀਆਂ ਅਤੇ ਤਕਨੀਕੀ ਖਾਮੀਆਂ ਦੇ ਕਾਰਨ ਹਾਦਸਿਆਂ ਅਤੇ ਇਨ੍ਹਾਂ ਦੇ ਕਾਰਨ ਮੌਤਾਂ ਦੇ ਮਾਮਲੇ ਵੀ ਸਾਹਮਣੇ ਆਉਣ ਨਾਲ ਹਵਾਈ ਯਾਤਰਾ ਦੀ ਸਹੂਲਤ ਜਾਨ ਲਈ ਖਤਰਾ ਬਣਨ ਲੱਗੀ ਹੈ ਅਤੇ ਇਨ੍ਹਾਂ ਵਿਚ ਸੁਰੱਖਿਆ ’ਤੇ ਸਵਾਲ ਵੀ ਉੱਠਣ ਲੱਗੇ ਹਨ, ਜਿਨ੍ਹਾਂ ਦੀਆਂ ਪਿਛਲੇ 41 ਦਿਨਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 12 ਜੂਨ, 2025 ਨੂੰ ‘ਅਹਿਮਦਾਬਾਦ ਕੌਮਾਂਤਰੀ ਹਵਾਈ ਅੱਡੇ’ ਤੋਂ ਲੰਡਨ ਲਈ ਉਡਾਣ ਭਰਨ ਦੇ ਕੁਝ ਹੀ ਸੈਕਿੰਡ ਅੰਦਰ ‘ਏਅਰ ਇੰਡੀਆ’ ਦੇ ਜਹਾਜ਼ ਨੂੰ ਅੱਗ ਲੱਗਣ ਦੇ ਸਿੱਟੇ ਵਜੋਂ ਚਾਲਕ ਦਲ ਦੇ 12 ਮੈਂਬਰਾਂ ਸਮੇਤ ਕੁੱਲ 274 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ।
ਹਾਲਾਂਕਿ ਉਕਤ ਘਟਨਾ ਤੋਂ ਬਾਅਦ ਵਿਸ਼ਵ ਭਰ ਵਿਚ ਹਵਾਈ ਯਾਤਰਾਵਾਂ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ ਪਰ ਇਸ ਦੇ ਬਾਅਦ ਵੀ ਇੱਕਾ-ਦੁੱਕਾ ਹਵਾਈ ਹਾਦਸੇ ਜਾਰੀ ਹਨ।
* 8 ਜੁਲਾਈ ਨੂੰ ‘ਇੰਦੌਰ’ ਤੋਂ ‘ਰਾਏਪੁਰ’ ਜਾ ਰਹੇ ‘ਇੰਡੀਗੋ’ ਦੇ ਜਹਾਜ਼ ਦੇ ਉਡਾਣ ਭਰਨ ਦੇ ਅੱਧੇ ਘੰਟੇ ਦੇ ਅੰਦਰ ਹੀ ਤਕਨੀਕੀ ਖਰਾਬੀ ਆ ਜਾਣ ਨਾਲ ਜਹਾਜ਼ ਵਿਚ ਝਟਕੇ ਲੱਗਣ ਲੱਗੇ। ਇਸ ’ਤੇ ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਨੂੰ ਦੁਬਾਰਾ ‘ਇੰਦੌਰ’ ਹਵਾਈ ਅੱਡੇ ’ਤੇ ਉਤਾਰ ਕੇ ਯਾਤਰੀਆਂ ਦੀ ਜਾਨ ਨੂੰ ਜੋਖਮ ਵਿਚ ਪੈਣ ਤੋਂ ਬਚਾਇਆ।
* 9 ਜੁਲਾਈ ਨੂੰ ਭਾਰਤੀ ਹਵਾਈ ਫੌਜ ਦੇ 2 ਪਾਇਲਟ ‘ਚੁਰੂ’ (ਰਾਜਸਥਾਨ) ਵਿਚ ‘ਜੈਗੂਆਰ ਫਾਈਟਰ ਜੈੱਟ ਜਹਾਜ਼’ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਮਾਰੇ ਗਏ।
* 10 ਜੁਲਾਈ ਨੂੰ ਕੈਨੇਡਾ ਦੇ ‘ਮੈਨੀਟੋਬਾ’ ਪ੍ਰਾਂਤ ਵਿਚ 2 ਜਹਾਜ਼ਾਂ ਦੀ ਟੱਕਰ ਦੇ ਸਿੱਟੇ ਵਜੋਂ ‘ਸ਼੍ਰੀ ਹਰੀ ਸੁਕੇਸ਼’ ਨਾਂ ਦੇ ਇਕ ਭਾਰਤੀ ਟ੍ਰੇਨੀ ਪਾਇਲਟ ਅਤੇ ਦੂਸਰਾ ਜਹਾਜ਼ ਉਡਾ ਰਹੇ ਪਾਇਲਟ ਦੀ ਮੌਤ ਹੋ ਗਈ।
* 13 ਜੁਲਾਈ ਨੂੰ ‘ਲਖਨਊ’ ਤੋਂ ‘ਹੈਦਰਾਬਾਦ’ ਜਾ ਰਹੀ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ਜਹਾਜ਼ ਦੀ ਉਡਾਣ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਰੱਦ ਕਰਨੀ ਪਈ।
* 16 ਜੁਲਾਈ ਨੂੰ ‘ਦਿੱਲੀ’ ਤੋਂ ‘ਪਟਨਾ’ ਹਵਾਈ ਅੱਡੇ ’ਤੇ ਪਹੁੰਚਿਆ ‘ਇੰਡੀਗੋ’ ਦਾ ਜਹਾਜ਼ ‘ਰਨ-ਵੇਅ’ ਨੂੰ ਛੂਹ ਕੇ ਅੱਗੇ ਨਿਕਲ ਗਿਆ, ਜਿਸ ਨਾਲ ਥੋੜ੍ਹੀ ਦੇਰ ਲਈ ਯਾਤਰੀਆਂ ਦੇ ਸਾਹ ਰੁਕ ਜਿਹੇ ਗਏ।
* 16 ਜੁਲਾਈ ਨੂੰ ‘ਦਿੱਲੀ’ ਤੋਂ ‘ਗੋਆ’ ਜਾ ਰਹੇ ‘ਇੰਡੀਗੋ’ ਦੇ ਜਹਾਜ਼ ਦੇ ਇਕ ਇੰਜਣ ਵਿਚ ਖਰਾਬੀ ਆ ਜਾਣ ਨਾਲ ਉਸ ਦੀ ‘ਮੁੰਬਈ’ ਵਿਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
* 19 ਜੁਲਾਈ ਨੂੰ ‘ਹੈਦਰਾਬਾਦ’ ਤੋਂ ‘ਫੁਕੇਟ’ (ਥਾਈਲੈਂਡ) ਜਾ ਰਹੇ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ਜਹਾਜ਼ ਨੂੰ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਖਰਾਬੀ ਦੇ ਕਾਰਨ ਵਾਪਸ ਹੈਦਰਾਬਾਦ ਦੇ ‘ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ਉਤਾਰਨਾ ਪਿਆ।
* 20 ਜੁਲਾਈ ਨੂੰ ‘ਵਾਸ਼ਿੰਗਟਨ’ ਤੋਂ ‘ਐਟਲਾਂਟਾ’ ਜਾ ਰਹੇ ‘ਡੈਲਟਾ ਏਅਰਲਾਈਨਜ਼’ ਦੇ ਇੰਜਣ ਵਿਚ ਅੱਗ ਲੱਗ ਜਾਣ ਨਾਲ ਉਸ ਦੀ ਹੰਗਾਮੀ ਲੈਂਡਿੰਗ ਕਰਨੀ ਪਈ।
* 20 ਜੁਲਾਈ ਨੂੰ ਹੀ ‘ਤਿਰੂਪਤੀ’ ਤੋਂ ‘ਹੈਦਰਾਬਾਦ’ ਜਾਣ ਵਾਲਾ ‘ਇੰਡੀਗੋ’ ਦਾ ਜਹਾਜ਼ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ ਲੱਗਭਗ 40 ਮਿੰਟ ਤਕ ਹਵਾ ਵਿਚ ਹੀ ਚੱਕਰ ਲਗਾਉਂਦਾ ਰਿਹਾ।
* 21 ਜੁਲਾਈ ਨੂੰ ‘ਕੋਚੀ’ ਤੋਂ ‘ਮੁੰਬਈ’ ਜਾਣ ਵਾਲਾ ‘ਏਅਰ ਇੰਡੀਆ’ ਦਾ ਜਹਾਜ਼ 3 ਟਾਇਰ ਫਟ ਜਾਣ ਦੇ ਕਾਰਨ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਲੈਂਡ ਕਰਦੇ ਹੀ ਰਨ-ਵੇਅ ਤੋਂ ਅੱਗੇ ਨਿਕਲ ਗਿਆ ਪਰ ਜਹਾਜ਼ ਦੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਬਾਹਰ ਨਿਕਲ ਆਏ।
* 22 ਜੁਲਾਈ ਨੂੰ ‘ਹਾਂਗਕਾਂਗ’ ਤੋਂ ਆਏ ‘ਏਅਰ ਇੰਡੀਆ’ ਦੇ ਜਹਾਜ਼ ਦੀ ‘ਦਿੱਲੀ’ ਵਿਚ ਲੈਂਡਿੰਗ ਦੇ ਤੁਰੰਤ ਬਾਅਦ ਉਸ ਵਿਚ ਅੱਗ ਲੱਗ ਜਾਣ ਨਾਲ ਜਹਾਜ਼ ਨੂੰ ਨੁਕਸਾਨ ਪਹੁੰਚਿਆ ਅਤੇ ਬੜੀ ਮੁਸ਼ਕਲ ਨਾਲ ਯਾਤਰੀਆਂ ਦੀਆਂ ਜਾਨਾਂ ਬਚੀਆਂ।
* 23 ਜੁਲਾਈ ਨੂੰ ‘ਅਹਿਮਦਾਬਾਦ’ ਤੋਂ ‘ਦੀਵ’ ਜਾ ਰਹੇ ‘ਇੰਡੀਗੋ’ ਦੇ ਜਹਾਜ਼ ਦੇ ਇੰਜਣ ਵਿਚ ਉਡਾਣ ਭਰਨ ਦੀ ਤਿਆਰੀ ਦੌਰਾਨ ਅੱਗ ਲੱਗ ਗਈ। ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਹੰਗਾਮੀ ਸੰਦੇਸ਼ ਭੇਜਿਆ ਅਤੇ ਉਡਾਣ ਨੂੰ ਰੋਕ ਦਿੱਤਾ ਗਿਆ।
* 23 ਜੁਲਾਈ ਨੂੰ ਹੀ ‘ਕੇਰਲ’ ਦੇ ‘ਕਾਲੀਕਟ’ ਹਵਾਈ ਅੱਡੇ ਤੋਂ ‘ਦੋਹਾ’ ਜਾ ਰਹੇ ‘ਏਅਰ ਇੰਡੀਆ’ ਦੇ ਜਹਾਜ਼ ਨੂੰ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਕਿਸੇ ਤਕਨੀਕੀ ਸਮੱਸਿਆ ਕਾਰਨ ਵਾਪਸ ਪਰਤਣਾ ਪਿਆ।
ਉਕਤ ਘਟਨਾਵਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਜਿਵੇਂ-ਜਿਵੇਂ ਵਿਸ਼ਵ ਵਿਚ ਜਹਾਜ਼ ਯਾਤਰੀਆਂ ਅਤੇ ਹਵਾਈ ਕੰਪਨੀਆਂ ਵੱਲੋਂ ਉਡਾਣਾਂ ਵਧਾਈਆਂ ਜਾ ਰਹੀਆਂ ਹਨ, ਉਸੇ ਅਨੁਪਾਤ ਵਿਚ ਜਹਾਜ਼ਾਂ ਵਿਚ ਤਕਨੀਕੀ ਖਾਮੀਆਂ ਦੇ ਕਾਰਨ ਹਵਾਈ ਯਾਤਰਾਵਾਂ ਕੁਝ ਅਸੁਰੱਖਿਅਤ ਹੋਣ ਲੱਗੀਆਂ ਹਨ, ਇਸ ਲਈ ਜਹਾਜ਼ ਹਾਦਸਿਆਂ ਨੂੰ ਰੋਕਣ ਲਈ ਜਹਾਜ਼ਾਂ ਦੀ ਆਵਾਜਾਈ ਅਤੇ ਰੱਖ-ਰਖਾਅ ਵਿਚ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ।
-ਵਿਜੇ ਕੁਮਾਰ
ਅੱਤਵਾਦੀਆਂ ਨੂੰ ਸ਼ਹਿ ਦੇਣੀ ਪਾਕਿਸਤਾਨ ਦਾ ਦਸਤੂਰ
NEXT STORY