ਜਲੰਧਰ (ਬਿਊਰੋ)- ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਇਤਿਹਾਸਕ ਫਿਲਮ ‘ਗੁਰੂ ਨਾਨਕ ਜਹਾਜ਼’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ ਤੇ ਫਿਲਮ ਦੀ ਹਰ ਪੱਖੋਂ ਤਾਰੀਫ ਹੋ ਰਹੀ ਹੈ ਤੇ ਇਹ ਫਿਲਮ ਪਰਿਵਾਰਾਂ ਸਮੇਤ ਖਾਸ ਕਰ ਕੇ ਬੱਚਿਆਂ ਨਾਲ ਮਿਲਕੇ ਦੇਖਣ ਵਾਲੀ ਫਿਲਮ ਬਣ ਗਈ ਹੈ।
ਫਿਲਮ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਦੇ ਸ਼ੁਰੂਅਤੀ ਸੀਨ ਹੀ ਫਿਲਮ ਦੀ ਕਹਾਣੀ ਨੂੰ ਜਾਨਣ ਦੀ ਲਾਲਸਾ ਪੈਦਾ ਕਰ ਦਿੰਦੇ ਹਨ ਤੇ ਇਕ-ਇਕ ਸੀਨ ਤੁਹਾਨੂੰ ਉਸੇ ਸਮੇਂ ਦੇ ਹਾਲਤ ਤੇ ਮਾਹੌਲ ’ਚ ਲੈ ਜਾਂਦਾ ਹੈ। ਫਿਲਮ ਦੇਖਦਿਆਂ ਤੁਹਾਨੂੰ ਇੰਝ ਮਹਿਸੂਸ ਹੋਵੇਗਾ ਕੀ ਤੁਸੀਂ ਆਪ ਉਸ ਸਮੇਂ ਦੇ ਵਿਚ ਪਹੁੰਚ ਗਏ ਹੋ। ਫਿਲਮ ’ਚ ਹਰੇਕ ਕਲਾਕਾਰ ਦੀ ਐਕਟਿੰਗ ਫਿਰ ਭਾਵੇਂ ਉਹ ਤਰਸੇਮ ਜੱਸੜ ਹੋਣ ਜਾਂ ਗੁਰਪ੍ਰੀਤ ਘੁੱਗੀ, ਬਲਵਿੰਦਰ ਬੁੱਲਟ, ਅਮਨ ਧਾਲੀਵਾਲ ਸਮੇਤ ਵਿਦੇਸ਼ੀ ਕਲਾਕਾਰ ਮਾਰਕ ਬੈਨਿੰਗਟਨ ਤੇ ਐਡਵਰਡ ਸੋਨਨਬਲਿਕ ਸਮੇਤ ਹਰੇਕ ਕਲਾਕਾਰ ਦਾ ਕੰਮ ਬਾ-ਕਮਾਲ ਹੈ।
‘ਗੁਰੂ ਨਾਨਕ ਜਹਾਜ਼’ ਫਿਲਮ ਜਿੱਥੇ ਦਰਸ਼ਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੀ ਹੈ ਉਥੇ ਹੀ ਇਹ ਫਿਲਮ ਤੁਹਾਨੂੰ ਭਾਵੁਕ ਵੀ ਕਰਦੀ ਹੈ। ਫਿਲਮ ਦੀ ਡਾਇਰੈਕਸ਼ਨ ਕਮਾਲ ਦਾ ਹੈ ਜਿਸ ਨੂੰ ਨਿਭਾਇਆ ਹੈ ਸ਼ਰਨ ਆਰਟ ਨੇ, ਜੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ। ਫਿਲਮ ’ਚ ਵੀ. ਐੱਫ. ਐਕਸ, ਐਕਸ਼ਨ ਤੇ ਮਿਊਜ਼ਿਕ ਦਾ ਕੰਮ ਵੀ ਬਹੁਤ ਵਧੀਆ ਕੀਤਾ ਹੋਇਆ ਹੈ।
‘ਗੁਰੂ ਨਾਨਕ ਜਹਾਜ਼’ ਫਿਲਮ ’ਚ ਅੰਗਰੇਜੀ ਹਕੂਮਤ ਦੌਰਾਨ ਕੈਨੇਡਾ ਦੇ ਉਸ ਮਾਹੌਲ ਨੂੰ ਦੇਖ ਦਰਸ਼ਕਾਂ ਅੰਦਰ ਆਪਣੇ ਸ਼ਹੀਦਾਂ ਲਈ ਹੋਰ ਸਨਮਾਨ ਵਧਦਾ ਹੈ। ਇਸ ਦੇ ਨਾਲ ਹੀ ਫਿਲਮ ਦਾ ਹਰੇਕ ਡਾਇਲਾਗ ਵੀ ਫਿਲਮ ਦੇ ਹਰੇਕ ਸੀਨ ’ਚ ਜਾਨ ਪਾਉਂਦਾ ਹੈ। ਕੁੱਲ ਮਿਲਾ ਕਿ ‘ਗੁਰੂ ਨਾਨਕ ਜਹਾਜ਼’ ਇਕ ਦੇਖਣਯੋਗ ਪਰਿਵਾਰਕ ਫਿਲਮ ਹੈ। ਫਿਲਮ ਨੂੰ ਡਾਇਰੈਕਟ ਸ਼ਰਨ ਆਰਟ ਵਾਲੇ ਸ਼ਰਨਦੀਪ ਸਿੰਘ ਨੇ ਕੀਤਾ ਹੈ ਤੇ ਕਹਾਣੀ ਹਰਨਵ ਵੀਰ ਸਿੰਘ ਤੇ ਸ਼ਰਨ ਆਰਟ ਨੇ ਲਿਖੀ ਹੈ ਤੇ ਨਿਰਮਾਤਾ ਮਨਪ੍ਰੀਤ ਜੌਹਲ ਹਨ, ਜਿਸ ਨੂੰ ਸਹਿ-ਨਿਰਮਤ ਕਰਮਜੀਤ ਸਿੰਘ ਜੌਹਲ ਨੇ ਕੀਤਾ ਹੈ।
ਕੀ 25 ਰੁਪਏ 'ਚ ਵਿਕ ਰਹੀ ਹੈ ਹਾਨੀਆ ਆਮਿਰ ਦੀਆਂ ਤਸਵੀਰਾਂ ਅਤੇ ਪਾਕਿਸਤਾਨੀ ਡਰਾਮਾ ਐਪੀਸੋਡ? ਜਾਣੋ ਵਾਇਰਲ ਪੋਸਟ ਦੀ ਸੱਚਾਈ
NEXT STORY