ਮੁੰਬਈ- ਜਦੋਂ ਦੇਸੀ ਗਰਲ ਦੀ ਗਲੋਬਲ ਅਪੀਲ ਅਤੇ ਡਬਲਿਊ. ਡਬਲਿਊ. ਈ. ਸੁਪਰਸਟਾਰ ਦੀ ਧਮਾਕੇਦਾਰ ਮੌਜੂਦਗੀ ਇਕ ਹੀ ਫਰੇਮ ’ਚ ਆਵੇ ਤਾਂ ਨਤੀਜਾ ਸਿਰਫ਼ ਇਕ ਫਿਲਮ ਨਹੀਂ ਸਗੋਂ ਇਕ ਸ਼ਾਨਦਾਰ ਅਨੁਭਵ ਬਣਦਾ ਹੈ। ਅਜਿਹਾ ਹੀ ਅਨੁਭਵ ਹੋਇਆ ਹਾਲੀਵੁੱਡ ਫਿਲਮ ‘ਹੈੱਡਸ ਆਫ ਸਟੇਟ’ ’ਚ। ਪ੍ਰਿਅੰਕਾ ਚੋਪੜਾ ਜੋਨਸ ਅਤੇ ਜੌਨ ਸੀਨਾ ਪਹਿਲੀ ਵਾਰ ਇਸ ਫਿਲਮ ’ਚ ਇਕੱਠੇ ਨਜ਼ਰ ਆਏ, ਜਿਸ ਵਿਚ ਐਕਸ਼ਨ ਦੇ ਨਾਲ-ਨਾਲ ਹਿਊਮਰ ਦਾ ਵੀ ਜ਼ਬਰਦਸਤ ਤੜਕਾ ਦੇਖਣ ਨੂੰ ਮਿਲਿਆ। ਫਿਲਮ 2 ਜੁਲਾਈ ਨੂੰ ਪ੍ਰਾਈਮ ਵੀਡੀਓ ’ਤੇ ਗਲੋਬਲੀ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਲੀਡ ਐਕਟਰਜ਼ ਪ੍ਰਿਅੰਕਾ ਚੋਪੜਾ ਜੋਨਸ, ਜੌਨ ਸੀਨਾ ਅਤੇ ਡਾਇਰੈਕਟਰ ਇਲਯਾ ਨੈਸ਼ੂਲਰ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਇੰਨੇ ਸਾਰੇ ਸ਼ਾਨਦਾਰ ਸੈੱਟ ਪੀਸ ਨੂੰ ਸ਼ੂਟ ਕਰਨਾ ਬੇਹੱਦ ਮਜ਼ੇਦਾਰ : ਪ੍ਰਿਅੰਕਾ ਚੋਪੜਾ
ਪ੍ਰ. ‘ਹੈੱਡਸ ਆਫ ਸਟੇਟ’ ’ਚ ਬਹੁਤ ਸਾਰੇ ਹਾਈ ਆਕਟੇਨ ਮੂਮੈਂਟਸ ਹਨ, ਤੁਹਾਡੇ ਦੋਵਾਂ ਲਈ ਇਕੱਠੇ ਸ਼ੂਟ ਕਰਨ ਵਾਲਾ ਸਭ ਤੋਂ ਚੁਣੌਤੀਪੂਰਨ ਜਾਂ ਮਜ਼ੇਦਾਰ ਸੀਨ ਕਿਹੜਾ ਸੀ?
-ਮੈਂ ਏਅਰ ਫੋਰਸ ਵਨ ਦਾ ਹਿੱਸਾ ਨਹੀਂ ਸੀ ਪਰ ਜਦੋਂ ਪਹਿਲੀ ਵਾਰ ਮੈਂ ਸਕ੍ਰਿਪਟ ਪੜ੍ਹੀ ਤਾਂ ਸੋਚਿਆ ਕਿ ਇਹ ਲੋਕ ਇਸ ਨੂੰ ਕਿਵੇਂ ਕਰਨ ਵਾਲੇ ਹਨ? ਤੇ ਦੇਖੋ, ਇਨ੍ਹਾਂ ਨੇ ਕਮਾਲ ਦਾ ਸੈੱਟ ਬਣਾ ਵੀ ਲਿਆ ਪਰ ਮੈਨੂੰ ‘ਦਿ ਬੀਸਟ’ ਵੀ ਬਹੁਤ ਪਸੰਦ ਆਇਆ। ਅਸੀਂ ਇਸ ’ਤੇ ਲੰਬਾ ਸ਼ੂਟ ਕੀਤਾ ਤੇ ਮੈਨੂੰ ਫਿਲਮਾਂ ’ਚ ਕਾਰ ਚੇਜ ਬਹੁਤ ਪਸੰਦ ਹੈ। ਫਿਰ ਟੋਮਾਟੀਨਾ, ਉਸ ਸਮੇਂ ਲੱਗਾ ਕਿ ਕੀ ਅਸੀਂ ਸੱਚਮੁੱਚ ਟੋਮਾਟੀਨਾ ਫੈਸਟੀਵਲ ਜਾ ਰਹੇ ਹਾਂ? ਉਹ ਅਨੁਭਵ ਕਿਹੋ ਜਿਹਾ ਹੋਵੇਗਾ? ਇਸ ਫਿਲਮ ਵਿਚ ਇੰਨੇ ਸ਼ਾਨਦਾਰ ਸੈੱਟ ਪੀਸ ਸਨ, ਸ਼ੂਟ ਕਰਨਾ ਸੱਚਮੁੱਚ ਬਹੁਤ ਮਜ਼ੇਦਾਰ ਸੀ।
ਪ੍ਰ. ਤੁਹਾਡੀ ਭੂਮਿਕਾ ਰਵਾਇਤੀ ਤੌਰ ’ਤੇ ਮਰਦ ਨਿਭਾਉਂਦੇ ਆਏ ਹਨ। ਇਸ ਨੂੰ ਨਿਭਾਉਂਦਿਆਂ ਕੋਈ ਜ਼ਿੰਮੇਵਾਰੀ ਮਹਿਸੂਸ ਹੋਈ? ਇਹ ਦਿਖਾਉਣ ਲਈ ਕਿ ਔਰਤਾਂ ਵੀ ‘ਹੈੱਡਸ ਆਫ ਸਟੇਟ’ ਦੀ ਸੁਰੱਖਿਆ ਕਰਨ ’ਚ ਓਨੀਆਂ ਹੀ ਸਮਰੱਥ ਹਨ ਸਗੋਂ ਕਈ ਵਾਰ ਉਨ੍ਹਾਂ ਤੋਂ ਵੀ ਜ਼ਿਆਦਾ?
-ਇਹ ਬਹੁਤ ਡੂੰਘੀ ਗੱਲ ਹੈ। ਸਭ ਤੋਂ ਪਹਿਲਾਂ ਤਾਂ ਹਾਂ, ਇਹੋ ਗੱਲ ਫਿਲਮ ਦੀ ਸ਼ੁਰੂਆਤ ਤੋਂ ਹੀ ਮੇਰੇ ਲਈ ਸਭ ਤੋਂ ਵੱਧ ਆਕਰਸ਼ਕ ਸੀ ਪਰ ਮੈਂ ਇਹ ਵੀ ਕਹਿਣਾ ਚਾਹਾਂਗੀ ਤੇ ਇਹ ਕਹਿੰਦੀ ਆ ਰਹੀ ਹਾਂ ਕਿ ਅਜਿਹੇ ਕਿਰਦਾਰ ਆਪਣੇ ਆਪ ਨਹੀਂ ਬਣਦੇ। ਕੋਈ ਅਜਿਹਾ ਜ਼ਰੂਰ ਹੁੰਦਾ ਹੈ, ਜੋ ਇਸ ਤਰ੍ਹਾਂ ਸੋਚ ਸਕੇ, ਜੋ ਅੱਗੇ ਦੇਖ ਸਕੇ। ਫਿਲਮ ਦੇ ਨਿਰਦੇਸ਼ਕ, ਨਿਰਮਾਤਾ ਅਤੇ ਸਹਿ-ਕਲਾਕਾਰ ਸਾਰੇ ਮਰਦ ਹਨ ਪਰ ਸਾਰੇ ਨਾਰੀਵਾਦੀ ਹਨ ਅਤੇ ਜਾਣਦੇ ਸਨ ਕਿ ਫਿਲਮ ਦੀ ਅਸਲੀ ਤਾਕਤ ਇਕ ਔਰਤ ਹੋਵੇਗੀ। ਮੈਨੂੰ ਯਾਦ ਹੈ ਕਿ ਪਹਿਲੀ ਹੀ ਮੀਟਿੰਗ ’ਚ ਇਲਿਆ ਲਈ ਇਹ ਬਹੁਤ ਜ਼ਰੂਰੀ ਸੀ ਅਤੇ ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਇਹ ਗੱਲ ਸਿਰਫ਼ ਇਸ ਲਈ ਵੀ ਮਜ਼ੇਦਾਰ ਲੱਗੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਔਰਤਾਂ ਬੇਹੱਦ ਸਮਰੱਥ ਹੁੰਦੀਆਂ ਹਨ ਸਗੋਂ ਮੇਰੇ ਲਈ ਤਾਂ ਸਾਡੇ ਤਿੰਨਾਂ ਵਿਚਕਾਰ ਸਿਰਫ਼ ਮੇਰਾ ਸਾਈਜ਼ ਹੀ ਵਿਜ਼ੂਅਲੀ ਬਹੁਤ ਫਨੀ ਸੀ ਪਰ ਇਸ ਫਿਲਮ ਦੇ ਮਰਦਾਂ ਲਈ ਇਹ ਗੱਲ ਸੱਚਮੁੱਚ ਬਹੁਤ ਮਾਅਨੇ ਰੱਖਦੀ ਸੀ। ਮੈਨੂੰ ਪੂਰੀ ਸ਼ੂਟਿੰਗ ਦੌਰਾਨ ਬਹੁਤ ਸੁਰੱਖਿਅਤ, ਕੇਅਰ ਅਤੇ ਪ੍ਰੋਟੈਕਟਿਡ ਮਹਿਸੂਸ ਹੋਇਆ ਕਿਉਂਕਿ ਸਭ ਚਾਹੁੰਦੇ ਸੀ ਕਿ ਮੈਂ ਤੇ ਮੇਰਾ ਕਿਰਦਾਰ ਸਾਹਮਣੇ ਰਹੇ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਜੈਨਰਸ ਅਤੇ ਖ਼ੂਬਸੂਰਤ ਗੱਲ ਸੀ।
ਅਜਿਹੇ ਕਿਰਦਾਰ ਦਾ ਅਕਸ ਹਰ ਇਨਸਾਨ ਦੇ ਦਿਮਾਗ਼ ’ਚ ਪਹਿਲਾਂ ਤੋਂ ਹੀ ਬਣੀ ਹੁੰਦੀ ਹੈ : ਜੌਨ ਸੀਨਾ
ਪ੍ਰ. ਤੁਹਾਡੇ ਦੋਵਾਂ ਲਈ ਇਕੱਠਿਆਂ ਸ਼ੂਟ ਕਰਨ ਵਾਲਾ ਸਭ ਤੋਂ ਚੁਣੌਤੀਪੂਰਨ ਜਾਂ ਮਜ਼ੇਦਾਰ ਸੀਨ ਕਿਹੜਾ ਸੀ?
-ਮੈਂ ਇਸ ਦੇ ਜਵਾਬ ਦਾ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ ਕਿਉਂਕਿ ਮੇਰੇ ਕੋਲੋਂ ਇਹ ਸਵਾਲ ਕਈ ਵਾਰ ਪੁੱਛਿਆ ਗਿਆ ਹੈ ਪਰ ਇਸ ਸਮੇਂ ਮੈਂ ਉਸ ਵਿਅਕਤੀ ਨਾਲ ਬੈਠਾ ਹਾਂ, ਜਿਸ ਦੀ ਨਜ਼ਰ ਲੈਂਸ ਦੇ ਪਿੱਛੇ ਸੀ। ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਏਅਰ ਫੋਰਸ ਵਨ ਦੇ ਸੈੱਟ ’ਤੇ ਸ਼ੂਟ ਕਰਨਾ ਅਤੇ ਉਸ ਸ਼ਾਨਦਾਰ ਪ੍ਰੈਕਟੀਕਲ ਸੈੱਟ ਨੂੰ ਐਕਸ਼ਨ ਦੇ ਹਿਸਾਬ ਨਾਲ ਅਸਲੀ ਦਿਖਾਉਣਾ ਪਰ ਇਹ ਤਾਂ ਮੇਰੀ ਛੋਟੀ ਜਿਹੀ ਜ਼ਿੰਮੇਵਾਰੀ ਸੀ। ਅਸਲੀ ਮਾਸਟਰਮਾਈਂਡ ਤਾਂ ਇੱਥੇ ਹੀ ਬੈਠੇ ਹਨ, ਜਿਨ੍ਹਾਂ ਕੋਲ ਪੂਰੀ ਚੈੱਸ ਬੋਰਡ ਦੀਆਂ ਚਾਲਾਂ ਸਨ।
ਪ੍ਰ. ਤੁਸੀਂ ਬਿਹਤਰੀਨ ਕਾਮਿਕ ਟਾਈਮਿੰਗ ਤੇ ਫਿਜ਼ੀਕਲ ਭੂਮਿਕਾਵਾਂ ਲਈ ਜਾਣੇ ਜਾਂਦੇ ਹੋ। ਇਸ ਨੂੰ ਵੱਖਰਾ ਕਿਸ ਗੱਲ ਨੇ ਬਣਾਇਆ?
ਇਸ ਫਿਲਮ ਦੀ ਕਹਾਣੀ ਦਾ ਆਈਡੀਆ ਅਸਲ ਵਿਚ ਉਸ ਕੈਮਿਸਟਰੀ ਨਾਲ ਜੁੜਿਆ ਹੋਇਆ ਹੈ, ਜੋ ਇਦ੍ਰਿਸ ਅਤੇ ਮੈਂ ‘ਦਿ ਸੁਸਾਈਡ ਸਕੁਐਡ’ ਦਿਖਾਈ ਸੀ। ਅਸੀਂ ਅਜਿਹੀ ਸਕ੍ਰਿਪਟ ਲਈ, ਜੋ ਅਸਲ ਵਿਚ ਦੋ ਟਫ ਲੋਕਾਂ ਬਾਰੇ ਸੀ, ਜੋ ਦੁਨੀਆ ਦੇ ਹੰਗਾਮੇ ’ਚ ਜਾ ਕੇ ਧੂਮ ਮਚਾਉਂਦੇ ਹਨ ਪਰ ਸਾਨੂੰ ਦੋਵਾਂ ਨੂੰ ਈਮਾਨਦਾਰੀ ਨਾਲ ਲੱਗਾ ਕਿ ਕਿਰਦਾਰਾਂ ਵਿਚ ਕੁਝ ਕਮੀਆਂ ਵੀ ਹੋਣੀਆਂ ਚਾਹੀਦੀਆਂ ਹਨ। ਜਦੋਂ ਅਸੀਂ ਖ਼ੁਦ ’ਤੇ ਹੱਸਣ ਲਈ ਈਮਾਨਦਾਰ ਤੇ ਥੋੜ੍ਹੇ ਜਿਹੇ ਵਲਨਰੇਬਲ ਹੁੰਦੇ ਹਾਂ, ਉਦੋਂ ਹੀ ਅਸਲੀ ਮਜ਼ਾ ਆਉਂਦਾ ਹੈ। ਇਸ ਫਿਲਮ ਦੀ ਕਾਮੇਡੀ ਸਿਰਫ਼ ਚੁਟਕਲਿਆਂ ’ਚ ਨਹੀਂ ਹੈ ਸਗੋਂ ਬਹੁਤ ਸਾਰੀ ਕਾਮੇਡੀ ਐਕਸ਼ਨ ਵਿਚ ਹੈ। ਐਕਸ਼ਨ ਕਾਮੇਡੀ ਦੁਨੀਆ ਦੀ ਭਾਸ਼ਾ ਹੈ। ਜਦੋਂ ਕਿਸੇ ਦੇ ਚਿਹਰੇ ’ਤੇ ਕੇਕ ਲੱਗਦਾ ਹੈ ਤਾਂ ਹਰ ਕੋਈ ਸਮਝ ਜਾਂਦਾ ਹੈ ਕਿ ਕਿਵੇਂ ਫੀਲ ਕਰਨਾ ਹੈ। ਜਿੰਨਾ ਜ਼ਿਆਦਾ ਅਸੀਂ ਅਜਿਹੇ ਪਲਾਂ ’ਤੇ ਫੋਕਸ ਕਰਾਂਗੇ, ਓਨੇ ਹੀ ਜ਼ਿਆਦਾ ਦਰਸ਼ਕਾਂ ਤੱਕ ਪਹੁੰਚਾਂਗੇ ਤੇ ਓਨਾਂ ਹੀ ਜ਼ਿਆਦਾ ਲੋਕਾਂ ਦਾ ਮਨੋਰੰਜਨ ਹੋਵੇਗਾ। ਅਸੀਂ ਸਭ ਤੋਂ ਟਫ ਕਰੈਕਟਰ ਬਣਨ ਤੋਂ ਜ਼ਿਆਦਾ ਵਧੀਆ ਫਿਲਮ ਬਣਾਉਣ ’ਤੇ ਧਿਆਨ ਦਿੱਤਾ। ਜੇ ਮੈਂ ਫਿਲਮ ’ਚ ਬਹੁਤ ਟਫ ਹਾਂ ਪਰ ਕੋਈ ਫਿਲਮ ਦੇਖੇ ਹੀ ਨਾ ਤਾਂ ਕੀ ਫ਼ਾਇਦਾ? ਮੈਂ ਚਾਹੁੰਦਾ ਹਾਂ ਕਿ ਫਿਲਮ ’ਚ ਲੋਕ ਮੇਰੇ ’ਤੇ ਹੱਸਣ, ਦੁਨੀਆ ਮੇਰੇ ਨਾਲ ਹੱਸੇ ਅਤੇ ਮੈਨੂੰ ਅਗਲੀ ਫਿਲਮ ਲਈ ਮੌਕਾ ਮਿਲੇ।
ਪ੍ਰ. ਤੁਸੀਂ ਵੀ ਹੁਣ ਉਨ੍ਹਾਂ ਅਦਾਕਾਰਾਂ ਦੀ ਲੰਬੀ ਸੂਚੀ ਵਿਚ ਸ਼ਾਮਲ ਹੋ ਗਏ ਹੋ, ਜਿਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਭੂਮਿਕਾ ਨਿਭਾਈ ਹੈ। ਕੀ ਤੁਹਾਡੀ ਕੋਈ ਨਿੱਜੀ ਪਸੰਦੀਦਾ ਪੇਸ਼ਕਾਰੀ ਜਾਂ ਫਿਲਮ ਹੈ ਜਿਸ ਤੋਂ ਪ੍ਰੇਰਨਾ ਮਿਲੀ?
ਨਹੀਂ, ਅਤੇ ਇਹੋ ਇਸ ਦਾ ਛੋਟਾ ਜਿਹਾ ਜਵਾਬ ਹੈ। ‘ਪ੍ਰੈਜ਼ੀਡੈਂਟ ਆਫ ਦਿ ਯੂਨਾਈਟਿਡ ਸਟੇਟਸ’ ਵਰਗੇ ਕਿਰਦਾਰ ਦੀ ਖ਼ਾਸੀਅਤ ਇਹੋ ਹੈ ਕਿ ਹਰ ਇਨਸਾਨ ਦੇ ਦਿਮਾਗ਼ ’ਚ ਇਸ ਦਾ ਅਕਸ ਪਹਿਲਾਂ ਤੋਂ ਹੀ ਬਣਿਆ ਹੁੰਦਾ ਹੈ। ਅਕਸਰ ਫਿਲਮਾਂ ’ਚ ਜਦੋਂ ਕਿਸੇ ਅਣਜਾਣੇ ਕਰੈਕਟਰ ਨੂੰ ਦਿਖਾਉਂਦੇ ਹਾਂ ਤਾਂ ਵੱਡਾ ਹਿੱਸਾ ਉਸ ਬਾਰੇ ਦੱਸਣ ’ਚ ਚਲਾ ਜਾਂਦਾ ਹੈ ਪਰ ਜਦੋਂ ‘ਅਮਰੀਕੀ ਰਾਸ਼ਟਰਪਤੀ’ ਵਰਗੇ ਕਿਰਦਾਰ ਤੋਂ ਸ਼ੁਰੂਆਤ ਕਰਦੇ ਹਾਂ ਤਾਂ ਕਰੈਕਟਰ ਦੀ ਡੈਫੀਨੇਸ਼ਨ ਪਹਿਲਾਂ ਤੋਂ ਹੀ ਬਣੀ ਹੁੰਦੀ ਹੈ। ਸਾਡੀ ਸਕ੍ਰਿਪਟ ਇੰਨੀ ਵਧੀਆ ਲਿਖੀ ਗਈ ਸੀ ਕਿ ਮੇਰੇ ਲਈ ਕੁਝ ਕਰੈਕਟਰ ਟ੍ਰੇਟਸ ਵੀ ਸਨ ਜਿਵੇਂ ਕਿ ਥੋੜ੍ਹੀ ਲਾਪਰਵਾਹ ਜਿਹੀ ਹਾਂ-ਪੱਖੀ ਸੋਚ, ਜ਼ਿੱਦੀਪਣ, ਲੋਕਾਂ ਕੋਲੋਂ ਪ੍ਰਸ਼ੰਸਾ ਹਾਸਲ ਕਰਨ ਦੀ ਚਾਹਤ, ਪਬਲਿਕ ਇਮੇਜ ਦਾ ਫ਼ਿਕਰ।
ਇਨ੍ਹਾਂ ਤਿੰਨਾਂ ਨਾਲ ਕੰਮ ਕਰਨਾ ਤਾਂ ਕਿਸੇ ਵੀ ਡਾਇਰੈਕਟਰ ਦਾ ਸੁਪਨਾ : ਇਲੀਆ ਨੈਸ਼ੂਲਰ
ਪ੍ਰ. ਤੁਹਾਨੂੰ ਕਦੋਂ ਅਹਿਸਾਸ ਹੋਇਆ ਕਿ ਇਹੋ ਕਾਸਟ ਇਸ ਫਿਲਮ ਲਈ ਪਰਫੈਕਟ ਹੈ? ਇਨ੍ਹਾਂ ਨੂੰ ਇਕੱਠੇ ਕਰਨ ਤੇ ਇੰਨੀ ਸਟਾਰ-ਸਟਡੇਡ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
ਮੈਨੂੰ ਲੱਗਦਾ ਹੈ ਕਿ ਅਸੀਂ ਜੌਨ ਅਤੇ ਇਦ੍ਰਿਸ ਨਾਲ ਕਰੀਬ ਦੋ-ਤਿੰਨ ਹਫ਼ਤੇ ਸ਼ੂਟ ਕੀਤਾ ਸੀ। ਫਿਰ ਆਉਂਦਾ ਹੈ ਰੇਲ ਵਾਲਾ ਸੀਨ, ਜਿੱਥੇ ਇਹ ਤਿੰਨੋਂ ਦੁਬਾਰਾ ਇਕੱਠੇ ਦਿਖਾਈ ਦਿੰਦੇ ਹਨ। ਸਾਡੇ ਕੋਲ ਕੈਮਰੇ ਸੀ ਅਤੇ ਜੌਨ ਟਰੇਨ ਦੇ ਸੋਫੇ ’ਤੇ ਲੇਟੇ ਹੋਏ ਸੌਂ ਰਹੇ ਸਨ, ਘੁਰਾੜੇ ਮਾਰਦੇ ਹੋਏ। ਉਸ ਸੀਨ ’ਚ ਇਕ ਵੱਡਾ ਰੋਮਾਂਟਿਕ, ਸ਼ਾਂਤ ਅਤੇ ਥੋੜ੍ਹਾ ਰਿਜ਼ਰਵਡ ਮੂਮੈਂਟ ਹੋਣਾ ਸੀ। ਸ਼ੂਟ ਤੋਂ ਪਹਿਲਾਂ ਅਸੀਂ ਬਹੁਤ ਗੱਲਾਂ ਕੀਤੀਆਂ ਪਰ ਅਸਲੀ ਮਜ਼ਾ ਤਾਂ ਸ਼ੂਟ ਦੇ ਦਿਨ ਹੀ ਪਤਾ ਲੱਗਦਾ ਹੈ। ਸਾਰੇ ਆਪੋ-ਆਪਣੇ ਕਾਸਟਿਊਮ ’ਚ ਆਉਂਦੇ ਹਨ ਅਤੇ ਹਰ ਕੋਈ ਕਮਾਲ ਦਾ ਦਿਖਾਈ ਦਿੰਦਾ ਹੈ। ਇਹ ਪਹਿਲੀ ਵਾਰ ਸੀ ਜਦੋਂ ਅਸੀਂ ਸਾਰੇ ਆਫੀਸ਼ੀਅਲ ਤੌਰ ’ਤੇ ਇਸ ਫਿਲਮ ਲਈ ਮਿਲੇ ਸੀ। ਇਦ੍ਰਿਸ ਨੇ ਦਰਵਾਜ਼ਾ ਸਲਾਈਡ ਕਰ ਕੇ ਖੋਲ੍ਹਿਆ, ਪ੍ਰਿਅੰਕਾ ਨੇ ਮੁੜ ਕੇ ਦੇਖਿਆ, ਸਾਡੇ ਕੋਲ ਦੋ ਕੈਮਰੇ ਸਨ ਤੇ ਸੀਨ ਸ਼ੁਰੂ ਹੋ ਗਿਆ। ਮੈਂ ਉੱਥੇ ਹੀ ਬੈਠਾ ਸੋਚ ਰਿਹਾ ਸੀ ਕਿ ਇਹ ਤਾਂ ਆਸਾਨ ਹੋਵੇਗਾ! ਸੱਚਮੁੱਚ ਮੈਨੂੰ ਲੱਗਾ ਕਿ ਹਾਂ, ਡਾਇਰੈਕਸ਼ਨ ਤਾਂ ਕਰਨੀ ਹੈ। ਇਹ ਧਿਆਨ ਰੱਖਣਾ ਹੈ ਕਿ ਸਾਰੇ ਜ਼ਰੂਰੀ ਪੁਆਇੰਟਸ ਕਵਰ ਹੋਣ ਪਰ ਅਸਲ ਕੰਮ ਤਾਂ ਪ੍ਰੈਪ ’ਚ ਹੁੰਦਾ ਹੈ। ਇੰਨਾਂ ਸਮਾਂ ਇਹ ਲੋਕ ਫਿਜ਼ੀਕਲ ਤਿਆਰੀ ’ਚ, ਕਰੈਕਟਰ ’ਤੇ ਕੰਮ ’ਚ ਲਉਂਦੇ ਹਨ। ਦੇਖੋ, ਕੋਈ ਵੀ ਫਿਲਮ ਬਣਾਉਣਾ ਆਸਾਨ ਨਹੀਂ ਹੈ, ਭਾਵੇਂ ਸਕੇਲ, ਬਜਟ ਜਾਂ ਸ਼ੈਲੀ ਕੁਝ ਵੀ ਹੋਵੇ ਪਰ ਇਨ੍ਹਾਂ ਤਿੰਨਾਂ ਨਾਲ ਕੰਮ ਕਰਨਾ ਤਾਂ ਕਿਸੇ ਵੀ ਡਾਇਰੈਕਟਰ ਦਾ ਸੁਪਨਾ ਹੁੰਦਾ ਹੈ। ਮੈਂ ਪੂਰੇ ਦਿਲੋਂ ਕਹਿੰਦਾ ਹਾਂ ਕਿ ਪ੍ਰੋਫੈਸ਼ਨਲੀ ਮੈਂ ਜਿੰਨਾ ਖ਼ੁਸ਼ ਪਿਛਲੇ ਤਿੰਨ ਸਾਲਾਂ ਵਿਚ ਰਿਹਾ ਹਾਂ, ਓਨਾਂ ਪਹਿਲਾਂ ਕਦੇ ਨਹੀਂ ਰਿਹਾ। ਉਹ ਜ਼ਿਆਦਾਤਰ ਇਨ੍ਹਾਂ ਲੋਕਾਂ ਕਾਰਨ ਹੈ ਕਿਉਂਕਿ ਇਹ ਲੋਕ ਸੱਚਮੁੱਚ ਕਮਾਲ ਦੇ ਹਨ।
ਕੀ ਕਲਾਸਿਕ ਐਕਸ਼ਨ ਜਾਂ ਸਪਾਈ ਫਿਲਮਾਂ ਤੋਂ ਵੀ ਪ੍ਰੇਰਨਾ ਮਿਲੀ?
ਮੈਨੂੰ 80 ਤੇ 90 ਦੇ ਦਹਾਕੇ ਦੀਆਂ ਵੱਡੀਆਂ ਜਾਨਰ ਦੀਆਂ ਫਿਲਮਾਂ ਬਹੁਤ ਪਸੰਦ ਹਨ। ਹਾਲੀਵੁੱਡ ਵਿਚ ਉਸ ਦੌਰ ’ਚ ਜੋ ਕੁਝ ਵੀ ਬਣਿਆ, ਉਹ ਮੇਰੇ ਮਨਪਸੰਦਾਂ ’ਚੋਂ ਹੈ। ਜਦੋਂ ਇਹ ਫਿਲਮ ਮੈਨੂੰ ਆਫਰ ਹੋਈ, ਉਦੋਂ ਇਹ ਅਸਲ ਵਿਚ ਇਕ ਐਕਸ਼ਨ ਥ੍ਰਿਲਰ ਸੀ। ਮੈਂ ਸੋਚਿਆ ਕਿ ਅਸੀਂ ਸਿਰਫ਼ ਐਕਸ਼ਨ ਥ੍ਰਿਲਰ ਕਿਉਂ ਬਣਾ ਰਹੇ ਹਾਂ? ਕਿਉਂ ਇਨ੍ਹਾਂ ਸਾਰਿਆਂ ਨੂੰ ਐਕਸ-ਮਿਲਟਰੀ ਦਿਖਾ ਰਹੇ ਹਾਂ? ਚਲੋ ਅਜਿਹਾ ਕਰਦੇ ਹਾਂ ਕਿ ਇਹ ਲੋਕ ਥੋੜ੍ਹਾ ਘੱਟ ਕਾਬਲ ਹੋਣ। ਜਿਵੇਂ ਜੌਨ ਦਾ ਕਿਰਦਾਰ ਇਕ ਐਕਸ-ਮੂਵੀ ਸਟਾਰ ਜੋ ਬਾਅਦ ਵਿਚ ਪ੍ਰੈਜ਼ੀਡੈਂਟ ਬਣ ਗਿਆ। ਉਸ ’ਚ ਹਰ ਚੀਜ਼ ਨੂੰ ਲੈ ਕੇ ਮਜ਼ੇਦਾਰ ਕਾਮਿਕ ਪਰਸਪੈਕਟਿਵ ਹੈ। ਉਸ ਨੂੰ ਲੱਗਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਪਰ ਅਸਲ ਵਿਚ ਉਹ ਨਹੀਂ ਜਾਣਦਾ ਤੇ ਇਹੋ ਮਜ਼ੇਦਾਰ ਹੁੰਦਾ ਹੈ। ਟੋਨ ਸਹੀ ਰੱਖਣਾ ਕਾਫ਼ੀ ਸੋਚ-ਵਿਚਾਰ ਦਾ ਕੰਮ ਸੀ। ਮੈਂ ਸੋਫੇ ’ਤੇ ਲੇਟ ਜਾਂਦਾ ਸੀ ਤੇ ਬਹੁਤ ਸਾਰਾ ਸੰਗੀਤ ਸੁਣਦਾ ਸੀ ਤੇ ਆਪਣੇ ਦਿਮਾਗ਼ ’ਚ ਪੂਰੀ ਫਿਲਮ ਚਲਾਉਂਦਾ ਸੀ। ਮੈਨੂੰ ਥੋੜ੍ਹੀ ਜਿਹੀ ਸਿਨੇਸਥੀਸੀਆ ਵੀ ਹੈ, ਇਸ ਲਈ ਮੈਂ ਸਭ ਕੁਝ ਰੰਗਾਂ ’ਚ ਦੇਖਦਾ ਹਾਂ। ਮੈਂ ਸੋਚਦਾ ਹਾਂ ਕਿ ਸ਼ਾਇਦ ਅਸੀਂ ਥੋੜ੍ਹਾ ਜ਼ਿਆਦਾ ਆਰੈਂਜ ਤੋਂ ਹਟ ਰਹੇ ਹਾਂ। ਇਹ ਫਿਲਮ ਅਸਲ ਵਿਚ ਓਰੇਂਜ ਫਿਲਮ ਹੈ, ਇਸ ਲਈ ਟਾਈਟਲ ਦਾ ਫੌਂਟ ਤੇ ਰੰਗ ਵੀ ਆਰੈਂਜ ਰੱਖਿਆ ਕਿਉਂਕਿ ਇਹੋ ਫਿਲਮ ਦੀ ਅਸਲ ਪਛਾਣ ਹੈ। ਚੰਗਾ ਆਈਡੀਆ ਹੋਣਾ, ਵਿਜ਼ਨ ਹੋਣਾ ਜ਼ਰੂਰੀ ਹੈ ਪਰ ਜਦੋਂ ਮੈਂ ਕ੍ਰੈਡਿਟ ਲਿਸਟ ਦੇਖੀ ਤਾਂ ਇਸ ਫਿਲਮ ’ਤੇ 2600 ਲੋਕਾਂ ਨੇ ਕੰਮ ਕੀਤਾ ਹੈ। ਅਸੀਂ ਸਾਰੇ ਉਸੇ ਕਿਸ਼ਤੀ ਨੂੰ ਇਕੱਠੇ ਚਲਾ ਕੇ ਕਿਨਾਰੇ ਵੱਲ ਲਿਜਾ ਰਹੇ ਸੀ। ਸੌਖਾ ਤਾਂ ਨਹੀਂ ਸੀ ਪਰ ਬਹੁਤ ਔਖਾ ਵੀ ਨਹੀਂ ਸੀ।
'ਸਰਦਾਰ ਜੀ 3' ਵਿਵਾਦ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਕੈਮਰੇ 'ਚ ਕੈਦ ਹੋਏ ਦਿਲਜੀਤ, ਹੱਥ ਜੋੜ ਕੇ ਬੁਲਾਈ ਫਤਹਿ
NEXT STORY