ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਵਾਰਡ ਨੰਬਰ 29 ਅਧੀਨ ਆਉਂਦੇ ਗਾਂਧੀ ਨਗਰ ਗਲੀ ਨੰਬਰ 4 ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ । ਸਮੇਂ ਦੀਆਂ ਸਰਕਾਰਾਂ ਨੇ ਮੁਹੱਲੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਦੇ ਚੱਲਦਿਆਂ ਲੋਕਾਂ ’ਚ ਭਾਰੀ ਰੋਸ ਹੈ। ਸੀਵਰੇਜ ਸਮੱਸਿਆ ਦੇ ਚੱਲਦਿਆਂ ਗਲੀ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਉੱਪਰੋਂ ਡੇਂਗੂ-ਮਲੇਰੀਆ ਦਾ ਸੀਜਨ ਹੋਣ ਦੇ ਚੱਲਦਿਆਂ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ ਪਰ ਸਬੰਧਤ ਵਿਭਾਗ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ। ਲੋਕ ਮਜ਼ਬੂਰਨ ਇਸ ਗੰਦੇ ਪਾਣੀ ’ਚੋਂ ਲੰਘਣ ਤੇ ਗੰਦਗੀ ਭਰੇ ਵਾਤਾਵਰਣ ਵਿਚ ਰਹਿਣ ਨੂੰ ਮਜ਼ਬੂਰ ਹਨ। ਅੱਕੇ ਗਲੀ ਨਿਵਾਸੀਆਂ ਨੇ ਅੱਜ ਗਾਂਧੀ ਨਗਰ ਦੀ ਮੁੱਖ ਗਲੀ ’ਚ ਧਰਨਾ ਲਗਾ ਕੇ ਜਾਮ ਲਗਾ ਦਿੱਤਾ ਅਤੇ ਸਬੰਧਤ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਗਲੀ ਦੇ ਵਸਨੀਕ ਦਰਸ਼ਨ ਕੁਮਾਰ, ਹਰਪ੍ਰੀਤ ਸਿੰਘ, ਹੈਰੀ ਧਮੀਜਾ, ਸੋਨੂੰ ਝਾਂਬ ਤੇ ਵਿਪਨ ਕੁਮਾਰ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਖੜਨ ਕਾਰਨ ਜਿੱਥੇ ਗਲੀ ਨੇ ਛੱਪੜ ਦਾ ਰੁਪ ਧਾਰਿਆ ਹੋਇਆ ਹੈ ਅਤੇ ਲੋਕ ਗੰਦਗੀ ’ਚ ਰਹਿਣ ਲਈ ਮਜ਼ਬੂਰ ਹਨ। ਉੱਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਮੁਹੱਲਾ ਨਿਵਾਸੀਆਂ ਦੀ ਕੋਈ ਨੇਤਾ ਜਾਂ ਅਧਿਕਾਰੀ ਨਹੀਂ ਸੁਣ ਰਿਹਾ ਜਦਕਿ ਅਨੇਕਾਂ ਥਾਵਾਂ ’ਤੇ ਡੇਂਗੂ ਦਾ ਲਾਰਵਾ ਦੇਖਣ ਨੂੰ ਮਿਲ ਰਿਹਾ ਹੈ। ਮੱਛਰ ਪਨਪ ਰਹੇ ਹਨ ਪਰ ਸਿਹਤ ਵਿਭਾਗ ਦੀ ਟੀਮ ਨੇ ਵੀ ਇਸ ਖੇਤਰ ਦਾ ਦੌਰਾ ਨਹੀਂ ਕੀਤਾ। ਲੋਕਾਂ ’ਚ ਚਮੜੀ ਰੋਗਾਂ ਦੀਆਂ ਬਿਮਾਰੀਆਂ ਫੈਲਣ ਦੀ ਸੰਭਾਵਨਾ ਬਣੀ ਹੋਈ ਹੈ।
ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਹ ਗਲੀ ਬਾਕੀ ਗਲੀਆਂ ਨਾਲੋਂ ਨੀਂਵੀ ਹੋਣ ਕਾਰਨ ਮੁਹੱਲੇ ਦੇ ਸੀਵਰੇਜ ਦਾ ਸਾਰਾ ਗੰਦਾ ਪਾਣੀ ਗਲੀ ਵਿਚ ਹੀ ਜਮਾਂ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਦਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ । ਇੱਥੇ ਹੀ ਬੱਸ ਨਹੀਂ ਲੋਕਾਂ ਨੂੰ ਆਪਣੇ ਘਰਾਂ ਵਿਚ ਜਾਣ ਲਈ ਮਜ਼ਬੂਰਨ ਇਸ ਗੰਦੇ ਪਾਣੀ ਵਿਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ ਜਦਕਿ ਬਾਰਿਸ਼ ਦੇ ਦਿਨਾਂ ਵਿਚ ਤਾਂ ਸਥਿਤ ਹੋਰ ਵੀ ਬੱਦ ਤੋਂ ਬੱਤਰ ਹੋ ਜਾਂਦੀ ਹੈ। ਪਿਛਲੇ ਲੰਮੇ ਸਮੇਂ ਤੋ ਲੋਕ ਨਰਕ ਭੋਗ ਰਹੇ ਹਨ । ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਗੰਭੀਰ ਸਮੱਸਿਆ ਤੋਂ ਨਿਜ਼ਾਤ ਦਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਲੋਕ ਚੈਨ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਣ ।
ਕੀ ਕਹਿਣਾ ਹੈ ਵਾਰਡ ਦੇ ਐੱਮ. ਸੀ. ਦਾ
ਇਸ ਸਮੱਸਿਆ ਸਬੰਧੀ ਜਦ ਵਾਰਡ ਦੇ ਐੱਮ. ਸੀ. ਕੁਲਵਿੰਦਰ ਸ਼ੌਂਕੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗਲੀ ਦੀ ਇਸ ਗੰਭੀਰ ਸਮੱਸਿਆ ਸਬੰਧੀ ਹਲਕੇ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਵਿਭਾਗ ਦੇ ਐਕਸੀਅਨ, ਐੱਸ. ਡੀ. ਓ. ਸਮੇਤ ਸਬੰਧਤ ਜੇ. ਈ. ਦੇ ਧਿਆਨ ਵਿਚ ਵੀ ਅਨੇਕਾਂ ਵਾਰ ਲਿਆ ਚੁੱਕੇ ਹਨ ਪਰ ਇਸ ਸਮੱਸਿਆ ਦਾ ਕੋਈ ਪੁਖਤਾ ਹੱਲ ਨਹੀਂ ਹੋ ਰਿਹਾ ।
ਕੀ ਕਹਿਣਾ ਹੈ ਵਿਭਾਗ ਦੇ ਐੱਸ. ਡੀ. ਓ. ਦਾ
ਜਦ ਇਸ ਸਮੱਸਿਆ ਸਬੰਧੀ ਵਿਭਾਗ ਦੇ ਐੱਸ. ਡੀ. ਓ. ਪੁਸ਼ਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸੀਵਰੇਜ ਦੀਆਂ ਮੇਨ ਲਾਈਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਜਲਦੀ ਹੀ ਗਲੀ ਦੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ । ਜਿਸ ਉਪਰੰਤ ਗਲੀ ਨਿਵਾਸੀਆਂ ਨੇ ਇਕ ਵਾਰ ਧਰਨਾ ਸਮਾਪਤ ਕਰ ਦਿੱਤਾ।
ਸੀ. ਐੈੱਮ. ਦੀ ਯੋਗਸ਼ਾਲਾ ਪ੍ਰੋਜੈਕਟ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਯੋਗ ਕਲਾਸਾਂ ਦੀ ਸ਼ੁਰੂਆਤ
NEXT STORY