ਗੈਜੇਟ ਡੈਸਕ - ਭਾਰਤ ਹੁਣ ਟੈਲੀਕਾਮ ਦੇ ਖੇਤਰ 'ਚ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੈ। ਕੇਂਦਰੀ ਸੰਚਾਰ ਰਾਜ ਮੰਤਰੀ ਪੇਮਾਸਾਨੀ ਚੰਦਰ ਸ਼ੇਖਰ ਨੇ ਐਲਾਨ ਕੀਤਾ ਹੈ ਕਿ ਸਰਕਾਰ ਟੈਲੀਕਾਮ ਇਨੋਵੇਸ਼ਨ 'ਤੇ ਕੇਂਦਰਿਤ 104 ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ਲਈ ਟੈਲੀਕਾਮ ਟੈਕਨਾਲੋਜੀ ਡਿਵੈਲਪਮੈਂਟ ਫੰਡ ਰਾਹੀਂ 271 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਖੋਜ ਸੰਸਥਾਵਾਂ, ਸਟਾਰਟਅੱਪਸ ਅਤੇ ਉਦਯੋਗਿਕ ਇਕਾਈਆਂ ਨੂੰ ਅਗਲੀ ਪੀੜ੍ਹੀ ਦੀ ਤਕਨਾਲੋਜੀ ਵਿਕਸਿਤ ਕਰਨ 'ਚ ਮਦਦ ਕਰੇਗਾ।
5G ਤੋਂ 10 ਗੁਣਾ ਤੇਜ਼ ਹੋਵੇਗੀ ਰਫ਼ਤਾਰ
ਖੋਜ ਅਨੁਸਾਰ, 6G ਨੈੱਟਵਰਕ ਦੀ ਸਪੀਡ ਮੌਜੂਦਾ 5G ਸੇਵਾਵਾਂ ਨਾਲੋਂ 10 ਗੁਣਾ ਜ਼ਿਆਦਾ ਹੋਵੇਗੀ। ਇਸ ਤਕਨਾਲੋਜੀ ਦੇ ਆਉਣ ਨਾਲ ਅਲਟਰਾ-ਫਾਸਟ ਕਲਾਉਡ ਕੰਪਿਊਟਿੰਗ, ਰੀਅਲ-ਟਾਈਮ ਹੋਲੋਗ੍ਰਾਮ, ਸਮਾਰਟ ਸਿਟੀ ਤਕਨਾਲੋਜੀ, ਸੈਲਫ-ਡਰਾਈਵਿੰਗ ਗੱਡੀਆਂ ਅਤੇ ਉੱਨਤ AI ਨੈੱਟਵਰਕ ਵਰਗੀਆਂ ਸਹੂਲਤਾਂ ਹਕੀਕਤ ਬਣ ਜਾਣਗੀਆਂ।
2030 ਤੱਕ 6G ਲਾਂਚ ਕਰਨ ਦਾ ਟੀਚਾ
ਭਾਰਤ ਸਰਕਾਰ ਨੇ 2030 ਤੱਕ 6G ਸੇਵਾਵਾਂ ਨੂੰ ਰੋਲਆਊਟ ਕਰਨ ਦਾ ਟੀਚਾ ਮਿੱਥਿਆ ਹੈ। ਸੰਚਾਰ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਅਨੁਸਾਰ, ਭਾਰਤ ਦੁਨੀਆ ਦੇ ਉਨ੍ਹਾਂ ਪਹਿਲੇ ਦੇਸ਼ਾਂ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਜੋ 6G ਨੂੰ ਲਾਂਚ ਕਰਨਗੇ। ਇਸ ਦੇ ਲਈ ਇਕ 'ਭਾਰਤ 6G ਵਿਜ਼ਨ ਡੌਕੂਮੈਂਟ' ਵੀ ਜਾਰੀ ਕੀਤਾ ਗਿਆ ਹੈ, ਜਿਸ ਦਾ ਮੁੱਖ ਮਕਸਦ ਸਵਦੇਸ਼ੀ ਟੈਲੀਕਾਮ ਤਕਨਾਲੋਜੀ ਤਿਆਰ ਕਰਨਾ ਹੈ ਤਾਂ ਜੋ ਅੰਤਰਰਾਸ਼ਟਰੀ ਸਰਵਿਸ ਪ੍ਰੋਵਾਈਡਰਾਂ 'ਤੇ ਨਿਰਭਰਤਾ ਘਟਾਈ ਜਾ ਸਕੇ।
ਸਪੈਕਟ੍ਰਮ ਲਈ ਬਣਾਇਆ ਰੋਡਮੈਪ
ਸਰਕਾਰ ਨੇ 6G ਦੀ ਟੈਸਟਿੰਗ ਅਤੇ ਵਿਕਾਸ ਲਈ ਇਕ ਪੜਾਅਵਾਰ ਯੋਜਨਾ ਤਿਆਰ ਕੀਤੀ ਹੈ। ਸਪੈਕਟ੍ਰਮ ਦੀ ਵੰਡ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ :-
ਸ਼ਾਰਟ ਟਰਮ - (2025–2026)
ਮੀਡੀਅਮ ਟਰਮ - (2027–2030)
ਲੌਂਗ ਟਰਮ - (2031–2035)।
ਇਹ ਰੋਡਮੈਪ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ITU) ਦੇ ਅਧਿਐਨਾਂ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਹੈ, ਜੋ ਗਲੋਬਲ ਟੈਲੀਕਾਮ ਮਾਪਦੰਡ ਤੈਅ ਕਰਦੀ ਹੈ। ਇਸ ਵੱਡੇ ਨਿਵੇਸ਼ ਅਤੇ ਖੋਜ ਨਾਲ ਭਾਰਤ ਡਿਜੀਟਲ ਕਨੈਕਟੀਵਿਟੀ ਦੇ ਖੇਤਰ 'ਚ ਇੱਕ ਨਵਾਂ ਇਤਿਹਾਸ ਲਿਖਣ ਲਈ ਪੂਰੀ ਤਰ੍ਹਾਂ ਤਿਆਰ ਹੈ।
Google ਲਿਆ ਰਿਹਾ ਹੈ ਨਵੀਂ ਤਕਨੀਕ; ਹੁਣ ਤੁਹਾਡਾ ਸਮਾਰਟਫੋਨ ਹੋ ਜਾਵੇਗਾ ਪਹਿਲਾਂ ਨਾਲੋਂ ਵੀ ਤੇਜ਼
NEXT STORY