ਟੋਕੀਓ - ਜਾਪਾਨ ਨੇ ਇੰਟਰਨੈੱਟ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਦੁਨੀਆ ਦਾ ਪਹਿਲਾ 6G ਪ੍ਰੋਟੋਟਾਈਪ ਡਿਵਾਈਸ ਤਿਆਰ ਕਰ ਲਿਆ ਹੈ। ਇਹ ਕ੍ਰਾਂਤੀਕਾਰੀ ਡਿਵਾਈਸ 112 Gbps ਦੀ ਹੈਰਾਨੀਜਨਕ ਰਫ਼ਤਾਰ ਨਾਲ ਡੇਟਾ ਪ੍ਰਦਾਨ ਕਰਨ ਦੇ ਸਮਰੱਥ ਹੈ, ਜੋ ਕਿ ਮੌਜੂਦਾ 5G ਨੈੱਟਵਰਕ ਨਾਲੋਂ ਲਗਭਗ 20 ਗੁਣਾ ਤੇਜ਼ ਹੈ। ਇਸ ਨਵੀਂ ਕਾਢ ਨੂੰ ਭਵਿੱਖ ਦੀ ਸੰਚਾਰ ਪ੍ਰਣਾਲੀ, ਹਾਈ-ਸਪੀਡ ਡਾਊਨਲੋਡਿੰਗ ਅਤੇ ਸਟ੍ਰੀਮਿੰਗ ਲਈ ਇੱਕ 'ਗੇਮ-ਚੇਂਜਰ' ਵਜੋਂ ਦੇਖਿਆ ਜਾ ਰਿਹਾ ਹੈ।
ਰਿਪੋਰਟਾਂ ਅਨੁਸਾਰ, ਜਾਪਾਨੀ ਖੋਜਕਰਤਾਵਾਂ ਨੇ ਰਵਾਇਤੀ ਇਲੈਕਟ੍ਰਾਨਿਕ ਸਰਕਟਾਂ ਦੀ ਜਗ੍ਹਾ ਉੱਨਤ ਲੇਜ਼ਰ-ਅਧਾਰਤ ਤਕਨੀਕ (laser-based technology) ਦੀ ਵਰਤੋਂ ਕੀਤੀ ਹੈ। ਇਸ ਪ੍ਰਕਿਰਿਆ ਵਿੱਚ ਇੱਕ ਛੋਟੇ ਜਿਹੇ ਆਪਟੀਕਲ ਡਿਵਾਈਸ, ਜਿਸ ਨੂੰ "ਆਪਟੀਕਲ ਮਾਈਕ੍ਰੋਕੌਂਬ" (optical microcomb) ਕਿਹਾ ਜਾਂਦਾ ਹੈ, ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਇੱਕ ਸਟੀਕ ਲੇਜ਼ਰ ਰੂਲਰ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਬਹੁਤ ਘੱਟ ਡਿਜੀਟਲ ਸ਼ੋਰ ਨਾਲ ਸਥਿਰ ਲਾਈਟ ਬੀਮ ਪੈਦਾ ਕਰਦਾ ਹੈ, ਜਿਸ ਨਾਲ ਬਿਨਾਂ ਕਿਸੇ ਰੁਕਾਵਟ ਦੇ ਤੇਜ਼ ਰਫ਼ਤਾਰ ਡੇਟਾ ਭੇਜਿਆ ਜਾ ਸਕਦਾ ਹੈ।
ਤੋਕੁਸ਼ੀਮਾ ਯੂਨੀਵਰਸਿਟੀ (Tokushima University) ਦੇ ਖੋਜਕਰਤਾਵਾਂ ਨੇ ਇਹ ਇਤਿਹਾਸਕ ਸਫਲਤਾ 560 GHz ਫ੍ਰੀਕੁਐਂਸੀ ਬੈਂਡ ਦੀ ਵਰਤੋਂ ਕਰਕੇ ਹਾਸਲ ਕੀਤੀ ਹੈ। ਪਹਿਲਾਂ ਰਵਾਇਤੀ ਸਰਕਟਾਂ ਰਾਹੀਂ ਇੰਨੀ ਉੱਚੀ ਫ੍ਰੀਕੁਐਂਸੀ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ, ਪਰ ਲੇਜ਼ਰ-ਅਧਾਰਤ ਸਿਸਟਮ ਰਾਹੀਂ ਖੋਜਕਰਤਾਵਾਂ ਨੇ ਇਨ੍ਹਾਂ ਚੁਣੌਤੀਆਂ 'ਤੇ ਕਾਬੂ ਪਾ ਕੇ 112 Gbps ਦੀ ਇਤਿਹਾਸਕ ਸਪੀਡ ਹਾਸਲ ਕਰ ਲਈ ਹੈ।
ਇਸ ਨਵੇਂ ਸਿਸਟਮ ਦੀ ਇੱਕ ਹੋਰ ਵੱਡੀ ਖੂਬੀ ਇਹ ਹੈ ਕਿ ਇਹ ਵਾਈਬ੍ਰੇਸ਼ਨ ਪ੍ਰਤੀ ਰੋਧਕ ਹੈ। ਆਮ ਤੌਰ 'ਤੇ ਚਿੱਪ ਟੈਕਨਾਲੋਜੀ ਵਿੱਚ ਵਾਈਬ੍ਰੇਸ਼ਨ ਕਾਰਨ ਲੇਜ਼ਰ ਅਲਾਈਨਮੈਂਟ ਵਿਗੜ ਜਾਂਦੀ ਹੈ, ਪਰ ਜਾਪਾਨੀ ਵਿਗਿਆਨੀਆਂ ਨੇ ਆਪਟੀਕਲ ਫਾਈਬਰਸ ਨੂੰ ਸਿੱਧਾ ਚਿੱਪ ਨਾਲ ਜੋੜ ਕੇ ਇਸ ਸਮੱਸਿਆ ਦਾ ਹੱਲ ਕੱਢ ਲਿਆ ਹੈ। ਇਸ ਤੋਂ ਇਲਾਵਾ, ਸਿਸਟਮ ਨੂੰ ਵਾਤਾਵਰਣ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਇੱਕ ਤਾਪਮਾਨ ਕੰਟਰੋਲਰ ਵੀ ਲਗਾਇਆ ਗਿਆ ਹੈ। ਦੱਸ ਦੇਈਏ ਕਿ ਇਹ ਪ੍ਰਾਪਤੀ 6G ਸੰਚਾਰ ਤਕਨਾਲੋਜੀ ਦੇ ਭਵਿੱਖ ਵੱਲ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ, ਜੋ ਆਉਣ ਵਾਲੇ ਸਮੇਂ ਵਿੱਚ ਡਿਜੀਟਲ ਦੁਨੀਆ ਦੀ ਤਸਵੀਰ ਬਦਲ ਕੇ ਰੱਖ ਦੇਵੇਗੀ।
ਈਰਾਨ-ਅਮਰੀਕਾ ਜੰਗ 'ਚ ਰੂਸ ਦੀ 'ਚਾਂਦੀ': ਦੁਨੀਆ ਦੀ ਨੰਬਰ-1 ਕਰੰਸੀ ਬਣਿਆ 'ਰੂਬਲ', ਡਾਲਰ ਵੀ ਹੋਇਆ ਫੇਲ੍ਹ
NEXT STORY