ਗੈਜੇਟ ਡੈਸਕ - ਸੋਸ਼ਲ ਮੀਡੀਆ ਦਿੱਗਜ Meta ਨੇ ਆਪਣੇ ਪ੍ਰਸਿੱਧ ਪਲੇਟਫਾਰਮ Instagram ਦੇ ਯੂਜ਼ਰਸ ਲਈ ਇਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਇੰਸਟਾਗ੍ਰਾਮ ਚੈਟਸ ਲਈ 'ਐਂਡ-ਟੂ-ਐਂਡ ਇਨਕ੍ਰਿਪਸ਼ਨ' (E2EE) ਸੁਰੱਖਿਆ ਨੂੰ ਖਤਮ ਕਰਨ ਜਾ ਰਹੀ ਹੈ।
8 ਮਈ ਤੋਂ ਬਾਅਦ ਬਦਲ ਜਾਣਗੇ ਨਿਯਮ
ਸਰੋਤਾਂ ਅਨੁਸਾਰ, ਮੇਟਾ 8 ਮਈ, 2026 ਤੋਂ ਬਾਅਦ ਇੰਸਟਾਗ੍ਰਾਮ ਮੈਸੇਜਿੰਗ ਤੋਂ ਇਹ ਸੁਰੱਖਿਆ ਪਰਤ ਹਟਾ ਦੇਵੇਗੀ। ਇਸ ਬਦਲਾਅ ਤੋਂ ਬਾਅਦ, ਮੇਟਾ ਕੰਪਨੀ ਕੋਲ ਯੂਜ਼ਰਸ ਦੀਆਂ ਨਿੱਜੀ ਗੱਲਬਾਤਾਂ ਤੱਕ ਪਹੁੰਚ ਕਰਨ ਦੀ ਸਮਰੱਥਾ ਹੋਵੇਗੀ। ਵਰਤਮਾਨ 'ਚ, 'ਐਂਡ-ਟੂ-ਐਂਡ ਇਨਕ੍ਰਿਪਸ਼ਨ' ਇਹ ਯਕੀਨੀ ਬਣਾਉਂਦੀ ਹੈ ਕਿ ਮੈਸੇਜ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਕੋਈ ਹੋਰ (ਇੱਥੋਂ ਤੱਕ ਕਿ ਮੇਟਾ ਵੀ ਨਹੀਂ) ਚੈਟ ਨਹੀਂ ਪੜ੍ਹ ਸਕਦਾ।
ਯੂਜ਼ਰਸ ਨੂੰ ਦਿੱਤੀ ਗਈ ਚਿਤਾਵਨੀ
ਇੰਸਟਾਗ੍ਰਾਮ ਨੇ ਐਪ ਦੇ ਅੰਦਰ 'ਮੈਸੇਜਿੰਗ' ਟੈਬ ਦੇ ਤਹਿਤ ਇਕ ਨੋਟਿਸ ਜਾਰੀ ਕਰਕੇ ਯੂਜ਼ਰਸ ਨੂੰ ਇਸ ਬਾਰੇ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਜਿਹੜੇ ਯੂਜ਼ਰਸ ਇਸ ਬਦਲਾਅ ਤੋਂ ਪ੍ਰਭਾਵਿਤ ਹੋਣਗੇ, ਉਹ 8 ਮਈ ਤੋਂ ਪਹਿਲਾਂ ਆਪਣੀਆਂ ਚੈਟਸ ਅਤੇ ਮੀਡੀਆ (ਫੋਟੋਆਂ/ਵੀਡੀਓ) ਨੂੰ ਡਾਊਨਲੋਡ ਕਰ ਸਕਦੇ ਹਨ। ਜੇਕਰ ਤੁਸੀਂ ਐਪ ਦਾ ਪੁਰਾਣਾ ਵਰਜ਼ਨ ਵਰਤ ਰਹੇ ਹੋ, ਤਾਂ ਤੁਹਾਨੂੰ ਆਪਣਾ ਡਾਟਾ ਸੁਰੱਖਿਅਤ ਕਰਨ ਲਈ ਐਪ ਨੂੰ ਅਪਡੇਟ ਕਰਨਾ ਪੈ ਸਕਦਾ ਹੈ।
ਕਿਉਂ ਲਿਆ ਗਿਆ ਇਹ ਫੈਸਲਾ?
ਹਾਲਾਂਕਿ ਮੇਟਾ ਨੇ ਇਸ ਕਦਮ ਦੇ ਪਿੱਛੇ ਦੇ ਸਹੀ ਕਾਰਨਾਂ ਬਾਰੇ ਅਜੇ ਚੁੱਪੀ ਧਾਰੀ ਹੋਈ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਬੱਚਿਆਂ ਦੇ ਸ਼ੋਸ਼ਣ ਅਤੇ ਦੁਰਵਿਵਹਾਰ ਨੂੰ ਰੋਕਣ ਲਈ ਲਿਆ ਗਿਆ ਹੋ ਸਕਦਾ ਹੈ। ਮੇਟਾ ਦੇ ਇਕ ਸੀਨੀਅਰ ਅਧਿਕਾਰੀ ਨੇ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਪੂਰੀ ਤਰ੍ਹਾਂ ਇਨਕ੍ਰਿਪਸ਼ਨ ਹੋਣ ਕਾਰਨ ਅਪਰਾਧੀਆਂ ਨੂੰ ਫੜਨਾ ਮੁਸ਼ਕਲ ਹੋ ਜਾਂਦਾ ਹੈ।
ਕੀ ਫੇਸਬੁੱਕ ਮੈਸੇਂਜਰ 'ਤੇ ਵੀ ਪਵੇਗਾ ਅਸਰ?
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਮੇਟਾ ਆਪਣੇ ਦੂਜੇ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ ਮੈਸੇਂਜਰ ਤੋਂ ਵੀ ਇਹ ਸੁਰੱਖਿਆ ਹਟਾਏਗੀ ਜਾਂ ਨਹੀਂ। ਫਿਲਹਾਲ ਇਹ ਬਦਲਾਅ ਸਿਰਫ ਇੰਸਟਾਗ੍ਰਾਮ ਲਈ ਹੀ ਘੋਸ਼ਿਤ ਕੀਤਾ ਗਿਆ ਹੈ।
ਇੰਸਟਾਗ੍ਰਾਮ ਯੂਜ਼ਰਸ ਲਈ ਇਹ ਸਲਾਹ ਹੈ ਕਿ ਉਹ ਆਪਣੀਆਂ ਮਹੱਤਵਪੂਰਨ ਚੈਟਾਂ ਦਾ ਬੈਕਅੱਪ ਲੈ ਲੈਣ, ਕਿਉਂਕਿ 8 ਮਈ ਤੋਂ ਬਾਅਦ ਤੁਹਾਡੀ ਪ੍ਰਾਈਵੇਸੀ ਦੇ ਨਿਯਮ ਪੂਰੀ ਤਰ੍ਹਾਂ ਬਦਲ ਜਾਣਗੇ।
ਪੁਰਾਣਾ ਫੋਨ ਖਰੀਦਣਾ ਪੈ ਸਕਦਾ ਹੈ ਭਾਰੀ! ਜੇਲ੍ਹ ਜਾਣ ਤੋਂ ਬਚਣਾ ਹੈ ਤਾਂ ਕਰ ਲਓ ਇਹ ਕੰਮ
NEXT STORY