ਮਨੀਲਾ (ਆਈਏਐਨਐਸ): ਉੱਤਰੀ ਫਿਲੀਪੀਨਜ਼ ਦੇ ਪਾਮਪਾਂਗਾ ਸੂਬੇ ਦੇ ਐਂਜਲਸ ਸਿਟੀ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਅਚਾਨਕ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 17 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਮਲਬੇ ਹੇਠਾਂ ਦਬੇ ਲੋਕਾਂ ਨੂੰ ਕੱਢਣ ਲਈ ਵੱਡੇ ਪੱਧਰ 'ਤੇ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਮਰਨ ਵਾਲਿਆਂ ਵਿੱਚ ਇੱਕ 65 ਸਾਲਾ ਮਲੇਸ਼ੀਆਈ ਨਾਗਰਿਕ ਵੀ ਸ਼ਾਮਲ ਹੈ, ਜੋ ਕਿ ਨੇੜਲੀ ਇੱਕ ਇਮਾਰਤ (ਅਪਾਰਟੈਲ) ਵਿੱਚ ਰਹਿ ਰਿਹਾ ਸੀ। ਇਮਾਰਤ ਡਿੱਗਣ ਕਾਰਨ ਹੋਏ ਧਮਾਕੇ ਅਤੇ ਮਲਬੇ ਦੀ ਲਪੇਟ ਵਿੱਚ ਆਉਣ ਕਾਰਨ ਉਸਦੀ ਜਾਨ ਚਲੀ ਗਈ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਨੇੜੇ ਰਹਿਣ ਵਾਲੇ ਹੋਰ ਨਿਵਾਸੀਆਂ ਨੂੰ ਵੀ ਉੱਥੋਂ ਬਾਹਰ ਕੱਢ ਦਿੱਤਾ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ ਰਾਤ ਨੂੰ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਵਾਪਰਿਆ। ਸਥਾਨਕ ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਰਾਤ 7 ਤੋਂ 8 ਵਜੇ ਦੇ ਦਰਮਿਆਨ ਸ਼ਹਿਰ ਵਿੱਚ ਲਗਭਗ 44 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਇਮਾਰਤ ਦੇ ਮਲਬੇ ਹੇਠੋਂ ਹੁਣ ਤੱਕ 26 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 10 ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਇਮਾਰਤ ਦੇ ਨਿਰਮਾਣ ਵਿੱਚ ਨਿਯਮਾਂ ਦੀ ਗੰਭੀਰ ਉਲੰਘਣਾ ਕੀਤੀ ਜਾ ਰਹੀ ਸੀ। ਅਧਿਕਾਰੀਆਂ ਅਨੁਸਾਰ ਇਸ ਇਮਾਰਤ ਨੂੰ 9 ਮੰਜ਼ਿਲਾ ਕੰਡੋ-ਹੋਟਲ ਵਜੋਂ ਮਨਜ਼ੂਰੀ ਮਿਲੀ ਸੀ, ਪਰ ਬਿਲਡਰ ਵੱਲੋਂ ਇਸ 'ਤੇ ਗੈਰ-ਕਾਨੂੰਨੀ ਤਰੀਕੇ ਨਾਲ 10ਵੀਂ ਮੰਜ਼ਿਲ ਬਣਾਈ ਜਾ ਰਹੀ ਸੀ, ਜਿਸ 'ਤੇ ਇੱਕ ਸਵਿਮਿੰਗ ਪੂਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਵਾਧੂ ਭਾਰ ਕਾਰਨ ਇਮਾਰਤ ਇਹ ਦਬਾਅ ਨਹੀਂ ਝੱਲ ਸਕੀ। ਜਨਤਕ ਨਿਰਮਾਣ ਵਿਭਾਗ ਦੇ ਸਕੱਤਰ ਵਿੰਸ ਡਿਜ਼ੋਨ ਅਨੁਸਾਰ ਮੌਕੇ 'ਤੇ ਹਾਲਾਤ ਕਾਫ਼ੀ ਖ਼ਤਰਨਾਕ ਹਨ। ਅਸਥਿਰ ਮਲਬੇ ਅਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਕਾਰਨ ਬਚਾਅ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਹੀਂ ਛੱਡਾਂਗੇ ਪਰਮਾਣੂ ਪ੍ਰੋਗਰਾਮ ! ਮੁੜ ਅੜ ਗਿਆ ਈਰਾਨ, ਯੂਰੇਨੀਅਮ ਬਾਰੇ ਵੀ ਕਹਿ'ਤੀ ਵੱਡੀ ਗੱਲ
NEXT STORY