ਗੈਜੇਟ ਡੈਸਕ - ਮਹਾਰਾਸ਼ਟਰ ਸਰਕਾਰ ਨੇ ਰਾਈਡ-ਹੇਲਿੰਗ ਦਿੱਗਜਾਂ ਓਲਾ , ਉਬਰ ਅਤੇ ਰੈਪਿਡੋ 'ਤੇ ਸ਼ਿਕੰਜਾ ਕੱਸਦਿਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਬੰਦ ਕਰਨ ਦੀ ਦਿਸ਼ਾ 'ਚ ਵੱਡਾ ਕਦਮ ਚੁੱਕਿਆ ਹੈ। ਸਰਕਾਰ ਦੇ ਸਾਈਬਰ ਵਿਭਾਗ ਨੇ ਗੂਗਲ ਅਤੇ ਐਪਲ ਦੋਵਾਂ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਪਲੇਟਫਾਰਮਾਂ (ਪਲੇਅ ਸਟੋਰ ਅਤੇ ਐਪ ਸਟੋਰ) ਤੋਂ ਇਨ੍ਹਾਂ ਐਪਲੀਕੇਸ਼ਨਾਂ ਨੂੰ ਤੁਰੰਤ ਹਟਾ ਦੇਣ ਅਤੇ ਉਨ੍ਹਾਂ ਤੱਕ ਪਹੁੰਚ ਬੰਦ ਕਰਨ।
ਗੈਰ-ਕਾਨੂੰਨੀ ਬਾਈਕ ਟੈਕਸੀਆਂ 'ਤੇ ਕਾਰਵਾਈ
ਸਰਕਾਰੀ ਸੂਤਰਾਂ ਅਨੁਸਾਰ, ਇਹ ਕੰਪਨੀਆਂ ਰਾਜ ਸਰਕਾਰ ਤੋਂ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਹੀ ਸੜਕਾਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਬਾਈਕ ਟੈਕਸੀਆਂ ਚਲਾ ਰਹੀਆਂ ਸਨ। 15 ਮਈ ਨੂੰ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 79(3)(b) ਦੇ ਤਹਿਤ ਇਹ ਨੋਟਿਸ ਜਾਰੀ ਕੀਤੇ ਗਏ ਹਨ। ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਲੇਟਫਾਰਮ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਤੇ ਮੋਟਰ ਵਾਹਨ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰ ਰਹੇ ਹਨ।
ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ
ਸਰਕਾਰ ਨੇ ਇਨ੍ਹਾਂ ਐਪਸ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਨੋਟਿਸ ਅਨੁਸਾਰ:-
ਡਰਾਈਵਰ ਵੈਰੀਫਿਕੇਸ਼ਨ ਪ੍ਰਣਾਲੀ ਬਹੁਤ ਕਮਜ਼ੋਰ ਹੈ।
ਬੀਮਾ ਸੁਰੱਖਿਆ ਅਤੇ ਐਮਰਜੈਂਸੀ ਰਿਸਪਾਂਸ ਸਿਸਟਮ ਦੀ ਘਾਟ ਹੈ।
ਔਰਤਾਂ ਦੀ ਸੁਰੱਖਿਆ ਲਈ ਕੀਤੇ ਗਏ ਉਪਾਅ ਨਾਕਾਫ਼ੀ ਹਨ।
ਬਾਈਕ ਟੈਕਸੀ ਚਲਾਉਣ ਵਾਲਿਆਂ ਦੀ ਲਾਪਰਵਾਹੀ ਕਾਰਨ ਜਨਤਕ ਸੁਰੱਖਿਆ ਨੂੰ ਖਤਰਾ ਪੈਦਾ ਹੋ ਰਿਹਾ ਹੈ।
ਗੂਗਲ ਅਤੇ ਐਪਲ ਨੂੰ ਚੇਤਾਵਨੀ
ਮਹਾਰਾਸ਼ਟਰ ਸਰਕਾਰ ਨੇ ਗੂਗਲ ਅਤੇ ਐਪਲ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਉਂਕਿ ਉਹ ਭਾਰਤ 'ਚ ਵਪਾਰ ਕਰਦੇ ਹਨ, ਇਸ ਲਈ ਉਹ ਭਾਰਤੀ ਕਾਨੂੰਨਾਂ ਦੇ ਅਧੀਨ ਹਨ। ਜੇਕਰ ਉਹ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਵਿਰੁੱਧ ਵੀ ਗੰਭੀਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਰਾਜ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਸਾਈਬਰ ਵਿਭਾਗ ਨੂੰ ਇਨ੍ਹਾਂ ਕੰਪਨੀਆਂ ਵਿਰੁੱਧ FIR ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਨਾਲ ਰਾਜ ਵਿੱਚ ਟੈਕਸੀ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ।
iPhone 17 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਧਾਕੜ Discount
NEXT STORY