ਗੈਜੇਟ ਡੈਸਕ– ਜਿਸ ਰਫ਼ਤਾਰ ਨਾਲ ਪੂਰੀ ਦੁਨੀਆ ’ਚ ਕੋਰੋਨਾ ਫੈਲ ਰਿਹਾ ਹੈ, ਉਸੇ ਰਫ਼ਤਾਰ ਨਾਲ ਸਾਈਬਰ ਹਮਲੇ ਵੀ ਵਧ ਰਹੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ ਇਕ ਮਹੀਨੇ ’ਚ ਦੇਸ਼ ਭਰ ’ਚ ਸਾਈਬਰ ਹਮਲਿਆਂ ਦੀਆਂ ਸਾਢੇ ਛੇ ਲੱਖ ਤੋਂ ਜ਼ਿਆਦਾ ਕੋਸ਼ਿਸ਼ਾਂ ਹੋਈਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਹੈਕਰ ਚੀਨ ਦੇ ਹਨ। ਇਨ੍ਹਾਂ ਹੈਕਰਾਂ ਦਾ ਮੁੱਖ ਕੰਮ ਕ੍ਰੈਡਿਟ ਕਾਰਡ ਭੁਗਤਾਨ ’ਤੇ ਨਜ਼ਰ ਰੱਖਣਾ ਅਤੇ ਫਰਜ਼ੀ ਈਮੇਲ ਐਡਰੈੱਸ ਰਾਹੀਂ ਕਿਸੇ ਵਿਅਕਤੀ ਦੀਆਂ ਨਿੱਜੀ ਜਾਣਕਾਰੀਆਂ ਇਕੱਠੀਆਂ ਕਰਨਾ ਹੈ। ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਆਫ ਇੰਡੀਆ (ਸੀ.ਈ.ਆਰ.ਟੀ.-ਇਨ) ਨੇ ਇਸ ਸਬੰਧ ’ਚ ਚਿਤਾਵਨੀ ਵੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤੀ ਨਾਗਰਿਕ ਅਤੇ ਵਪਾਰਕ ਸਾਧਨਾਂ ਨੂੰ ਫਿਸ਼ਿੰਗ ਅਟੈਕ ਦਾ ਖ਼ਤਰਾ ਹੈ।
KYC ਦੇ ਨਾਂ ’ਤੇ ਧੋਖਾਧੜੀ
ਆਏ ਦਿਨ ਲੋਕਾਂ ਨੂੰ ਕੋਰੋਨਾ ਨਾਲ ਸਬੰਧਤ ਮੈਸੇਜ ਮਿਲ ਰਹੇ ਹਨ। ਇਸ ਤੋਂ ਇਲਾਵਾ ਈ-ਮੇਲ ਅਤੇ ਵਟਸਐਪ ’ਤੇ ਵੀ ਕੋਰੋਨਾ ਨਾਲ ਸਬੰਧਤ ਮੈਸੇਜ ਭੇਜੇ ਜਾ ਰਹੇ ਹਨ। ਹਾਲ ਹੀ ’ਚ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਗੁੱਡ ਮਾਰਨਿੰਗ ਅਤੇ ਕੋਰੋਨਾ ਦੀ ਮੁਫ਼ਤ ਜਾਂਚ ਦੇ ਮੈਸੇਜ ਰਾਹੀਂ ਆਨਲਾਈਨ ਠੱਗੀ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੈਕਰ ਲੋਕਾਂ ਨੂੰ ਕੇ.ਵਾਈ.ਸੀ. ਦੇ ਨਾਂ ’ਤੇ ਵੈੱਬ ਲਿੰਕ ਨਾਲ ਇਕ ਮੈਸੇਜ ਭੇਜ ਰਹੇ ਹਨ। ਮੈਸੇਜ ’ਚ ਖਾਤਾ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮੈਸੇਜ ’ਚ ਮਿਲੇ ਲਿੰਕ ’ਤੇ ਕਲਿੱਕ ਕਰਦੇ ਹੀ ਇਕ ਗੂਗਲ ਡਾਕਿਊਮੈਂਟ ਫਾਰਮ ਦਾ ਪੇਜ ਖੁਲਦਾ ਹੈ ਜਿਸ ਵਿਚ ਲੋਕਾਂ ਕੋਲੋਂ ਏ.ਟੀ.ਐੱਮ. ਕਾਰਡ ਨੰਬਰ, ਪਾਸਵਰਡ ਅਤੇ ਸੀ.ਵੀ.ਵੀ. ਨੰਬਰ ਮੰਗਿਆ ਜਾਂਦਾ ਹੈ ਅਤੇ ਪੈਸੇ ਕੱਢ ਲਏ ਜਾਂਦੇ ਹਨ। ਦੱਸ ਦੇਈਏ ਕਿ ਹਾਲ ਹੀ ’ਚ ਸੀ.ਈ.ਆਰ.ਟੀ.-ਇਨ ਨੇ ਇਕ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ 21 ਜੂਨ ਤੋਂ ਬਾਅਦ ਦੇਸ਼ ’ਚ ਸਾਈਬਰ ਹਮਲੇ ਵਧ ਗਏ ਹਨ। ਅਜਿਹੇ ’ਚ ਲੋਕਾਂ ਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ।
ਇਨ੍ਹਾਂ ਤਰੀਕਿਆਂ ਨਾਲ ਲੋਕਾਂ ਨੂੰ ਬਣਾਇਆ ਜਾ ਰਿਹਾ ਸ਼ਿਕਾਰ
ਹੈਕਰ ਫਿਸ਼ਿੰਗ ਅਟੈਕ ਲਈ ਆਮਤੌਰ ’ਤੇ ਚਾਰ ਤਰੀਕੇ ਅਪਣਾਉਂਦੇ ਹਨ ਜਿਨ੍ਹਾਂ ’ਚ ਸੋਸ਼ਲ ਮੀਡੀਆ ਪਲੇਟਫਾਰਮ, ਵੈੱਬਸਾਈਟ ’ਤੇ ਪਾਪਅਪ ਨੋਟੀਫਿਕੇਸ਼ ਭੇਜਣਾ, ਈ-ਮੇਲ ਰਾਹੀਂ ਲਿੰਕ ਭੇਜਣਾ ਅਤੇ ਐੱਸ.ਐੱਮ.ਐੱਸ. ’ਤੇ ਲਿੰਕ ਭੇਜਣਾ ਸ਼ਾਮਲ ਹਨ। ਹੁਣ ਸਵਾਲ ਇਹ ਹੈ ਕਿ ਇਨ੍ਹਾਂ ਫਿਸ਼ਿੰਗ ਅਟੈਕ ਤੋਂ ਬਚਣ ਦਾ ਰਸਤਾ ਕੀ ਹੈ।
ਫਿਸ਼ਿੰਗ ਅਟੈਕ ਤੋਂ ਬਚਣ ਦੇ ਤਰੀਕੇ
1. ਕਿਸੇ ਵੀ ਅਵਿਸ਼ਵਾਸੀ ਸੰਸਥਾ ਜਾਂ ਸਰਕਾਰੀ ਮਹਿਕਮੇ ਤੋਂ ਆਏ ਈ-ਮੇਲ ’ਤੇ ਭਰੋਸਾ ਨਾ ਕਰੋ।
2. ਮੈਸੇਜ ਜਾਂ ਈ-ਮੇਲ ’ਤੇ ਕੋਈ ਯੂ.ਆਰ.ਐੱਲ. ਜਾਂ ਲਿੰਕ ਹੈ ਤਾਂ ਉਸ ’ਤੇ ਕਲਿੱਕ ਨਾ ਕਰੋ।
3. ਆਪਣੇ ਸਿਸਟਮ ’ਚ ਸੇਵ ਡਾਟਾ ਨੂੰ ਸੁਰੱਖਿਅਤ ਕਰਨ ਲਈ ਨਵੇਂ ਐਂਟੀਵਾਇਰਸ ਇੰਸਟਾਲ ਕਰੋ।
4. ਕੋਈ ਅਟੈਚਮੈਂਟ ਜਾਂ ਡਾਊਨਲੋਡ ਕਰਨਾ ਹੈ ਤਾਂ ਉਸ ਨੂੰ ਐਂਟੀਵਾਇਰਸ ਸਕੈਨ ਕਰਨ ਤੋਂ ਬਾਅਦ ਹੀ ਕਰੋ।
5. ਈ-ਮੇਲ ਜਾਂ ਕਿਸੇ ਵੈੱਬਸਾਈਟ ’ਤੇ ਜਾਣ ’ਤੇ ਉਸ ਦੇ ਯੂ.ਆਰ.ਐੱਲ. ਦੇ ਸਪੈਲਿੰਗ ਚੈੱਕ ਕਰੋ ਅਤੇ ਯਕੀਨੀ ਕਰੋ ਕਿ ਇਹ ਵੈੱਬਸਾਈਟ ਸਹੀ ਹੈ।
6. ਆਟੋਮੈਟਿਕ ਡਾਊਨਲੋਡ ਆਪਸ਼ਨ ਨੂੰ ਬੰਦ ਰੱਖੋ।
ਲਾਂਚ ਹੋਣ ਤੋਂ 10 ਦਿਨਾਂ ਬਾਅਦ ਹੀ ਬ੍ਰਾਜ਼ੀਲ 'ਚ ਬੰਦ ਹੋਈ ਵਟਸਐਪ ਪੇਮੈਂਟ ਸਰਵਿਸ
NEXT STORY