ਗੈਜੇਟ ਡੈਸਕ- ਸਮਾਰਟਫੋਨ ਮਾਰਕੀਟ ਵਿੱਚੋਂ ਇੱਕ ਹੋਰ ਵੱਡੇ ਖਿਡਾਰੀ ਨੇ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕਰ ਦਿੱਤਾ ਹੈ। ਤਕਨਾਲੋਜੀ ਦੀ ਦੁਨੀਆ ਵਿੱਚ ਨਵੀਨਤਾ ਲਈ ਜਾਣੀ ਜਾਂਦੀ ਕੰਪਨੀ Asus ਨੇ ਆਪਣੇ ਸਮਾਰਟਫੋਨ ਬਿਜ਼ਨੈੱਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਦੇ ਇਸ ਫੈਸਲੇ ਦੀ ਤੁਲਨਾ ਬਲੈਕਬੇਰੀ (Blackberry) ਦੇ ਬਾਜ਼ਾਰ ਵਿੱਚੋਂ ਬਾਹਰ ਜਾਣ ਨਾਲ ਕੀਤੀ ਜਾ ਰਹੀ ਹੈ।
ਅਸੁਸ ਦੇ ਚੇਅਰਮੈਨ ਜੌਨੀ ਸ਼ਿਹ ਨੇ ਪੁਸ਼ਟੀ ਕੀਤੀ ਹੈ ਕਿ ਬ੍ਰਾਂਡ ਹੁਣ ਕੋਈ ਨਵਾਂ ਸਮਾਰਟਫੋਨ ਲਾਂਚ ਨਹੀਂ ਕਰੇਗਾ। ਕੰਪਨੀ ਨੇ ਸਾਫ਼ ਕਰ ਦਿੱਤਾ ਹੈ ਕਿ ਸਾਲ 2026 ਵਿੱਚ ਉਹ ਮਾਰਕੀਟ ਵਿੱਚ ਕੋਈ ਨਵਾਂ ਹੈਂਡਸੈੱਟ ਨਹੀਂ ਉਤਾਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੰਪਨੀ ਨੇ ROG Phone 9 FE ਅਤੇ Zenfone 12 Ultra ਲਾਂਚ ਕੀਤੇ ਸਨ, ਜੋ ਹੁਣ ਕੰਪਨੀ ਦੇ ਆਖਰੀ ਫ਼ੋਨ ਸਾਬਤ ਹੋ ਸਕਦੇ ਹਨ।
ਕਿਉਂ ਫੇਲ੍ਹ ਹੋਈ ਕੰਪਨੀ?
ਸੂਤਰਾਂ ਅਨੁਸਾਰ, ਇਸ ਫੈਸਲੇ ਪਿੱਛੇ ਚੀਨੀ ਕੰਪਨੀਆਂ ਤੋਂ ਮਿਲ ਰਹੀ ਸਖ਼ਤ ਟੱਕਰ ਅਤੇ ਬਾਜ਼ਾਰ ਦੇ ਬਦਲਦੇ ਹਾਲਾਤ ਮੁੱਖ ਕਾਰਨ ਹਨ। ਅਸੁਸ ਮੁੱਖ ਤੌਰ 'ਤੇ ਗੇਮਿੰਗ ਯੂਜ਼ਰਸ ਲਈ ਦਮਦਾਰ ਪ੍ਰੋਸੈਸਰ ਅਤੇ ਹਾਈ ਰਿਫ੍ਰੈਸ਼ ਰੇਟ ਵਾਲੇ ROG ਫ਼ੋਨ ਬਣਾਉਂਦੀ ਸੀ। ਹਾਲਾਂਕਿ, ਹੁਣ ਦੂਜੇ ਬ੍ਰਾਂਡਾਂ ਦੇ ਮਿਡ-ਰੇਂਜ ਫ਼ੋਨਾਂ ਵਿੱਚ ਵੀ ਵਧੀਆ ਗੇਮਿੰਗ ਫੀਚਰ ਅਤੇ ਕੈਮਰੇ ਮਿਲਣ ਲੱਗ ਪਏ ਹਨ, ਜਿਸ ਕਾਰਨ ਸਿਰਫ਼ ਗੇਮਿੰਗ ਲਈ ਮਹਿੰਗਾ ਫ਼ੋਨ ਖਰੀਦਣ ਵਿੱਚ ਲੋਕਾਂ ਦੀ ਰੁਚੀ ਘੱਟ ਗਈ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਕਈ ਇਨੋਵੇਟਿਵ ਉਤਪਾਦ (ਜਿਵੇਂ ਫਲਿੱਪ ਕੈਮਰਾ) ਲਾਂਚ ਕੀਤੇ, ਪਰ ਉਹ ਸ਼ਾਇਦ ਸਹੀ ਸਮੇਂ 'ਤੇ ਸਹੀ ਬਾਜ਼ਾਰ ਵਿੱਚ ਨਹੀਂ ਪਹੁੰਚ ਸਕੇ।
ਹੁਣ AI ਅਤੇ PC 'ਤੇ ਹੋਵੇਗਾ ਫੋਕਸ
ਸਮਾਰਟਫੋਨ ਬਾਜ਼ਾਰ ਤੋਂ ਦੂਰੀ ਬਣਾਉਣ ਤੋਂ ਬਾਅਦ ਹੁਣ Asus ਦਾ ਪੂਰਾ ਧਿਆਨ PC, ਲੈਪਟਾਪ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਡਿਵਾਈਸਾਂ 'ਤੇ ਹੋਵੇਗਾ। ਕੰਪਨੀ ਹੁਣ ਰੋਬੋਟਸ, ਸਮਾਰਟ ਗਲਾਸਿਜ਼ ਅਤੇ AI ਸਰਵਰ ਬਿਜ਼ਨੈੱਸ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿੱਥੇ ਉਸ ਨੇ ਪਿਛਲੇ ਸਾਲ 100 ਫੀਸਦੀ ਦੀ ਗ੍ਰੋਥ ਹਾਸਲ ਕੀਤੀ ਹੈ।
ਮੌਜੂਦਾ ਯੂਜ਼ਰਸ ਨੂੰ ਘਬਰਾਉਣ ਦੀ ਲੋੜ ਨਹੀਂ
ਭਾਵੇਂ ਕੰਪਨੀ ਨਵੇਂ ਫ਼ੋਨ ਲਾਂਚ ਨਹੀਂ ਕਰੇਗੀ, ਪਰ ਪੁਰਾਣੇ ਗਾਹਕਾਂ ਲਈ ਰਾਹਤ ਦੀ ਖ਼ਬਰ ਹੈ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਮਾਰਕੀਟ ਵਿੱਚ ਮੌਜੂਦ ਉਨ੍ਹਾਂ ਦੇ ਸਮਾਰਟਫੋਨਾਂ ਨੂੰ ਮੇਨਟੇਨੈਂਸ, ਸਾਫਟਵੇਅਰ ਅਪਡੇਟ ਅਤੇ ਹੋਰ ਜ਼ਰੂਰੀ ਸੇਵਾਵਾਂ ਮਿਲਦੀਆਂ ਰਹਿਣਗੀਆਂ।
ਸਾਵਧਾਨ! ਤੁਹਾਡੇ ਕੰਨਾਂ 'ਚ ਲੱਗੇ 'Earbuds' ਵੀ ਕਰ ਰਹੇ ਨੇ ਜਾਸੂਸੀ, ਹੈਕਰ ਸੁਣ ਸਕਦੇ ਨੇ ਤੁਹਾਡੀਆਂ ਨਿੱਜੀ ਗੱਲਾਂ
NEXT STORY