ਗੈਜੇਟ ਡੈਸਕ - ਦੁਨੀਆ ਭਰ 'ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਲਈ ਇਕ ਸ਼ਾਨਦਾਰ ਤੋਹਫ਼ਾ ਲੈ ਕੇ ਆ ਰਹੀ ਹੈ। ਹੁਣ ਯੂਜ਼ਰਸ ਨੂੰ ਢੇਰ ਸਾਰੇ ਅਣਪੜ੍ਹੇ ਮੈਸੇਜਾਂ ਨੂੰ ਇਕ-ਇਕ ਕਰਕੇ ਪੜ੍ਹਨ ਦੀ ਲੋੜ ਨਹੀਂ ਪਵੇਗੀ। ਕੰਪਨੀ ਇਕ ਅਜਿਹਾ ਫੀਚਰ ਲਿਆ ਰਹੀ ਹੈ, ਜਿਸ ਨਾਲ ਸਿਰਫ਼ ਇਕ ਕਲਿੱਕ 'ਤੇ ਸਾਰੇ ਮੈਸੇਜਾਂ ਦਾ ਸਾਰ ਦੇਖਿਆ ਜਾ ਸਕੇਗਾ।
ਕੀ ਹੈ ਇਹ ਨਵਾਂ ਫੀਚਰ?
ਜਾਣਕਾਰੀ ਮੁਤਾਬਕ, ਜੇਕਰ ਤੁਹਾਡੇ ਕੋਲ ਕਈ ਗਰੁੱਪਾਂ ਜਾਂ ਚੈਟਸ 'ਚ ਸੈਂਕੜੇ ਮੈਸੇਜ ਇਕੱਠੇ ਹੋ ਗਏ ਹਨ, ਤਾਂ ਵਟਸਐਪ ਉਨ੍ਹਾਂ ਸਾਰੇ ਮੈਸੇਜਾਂ ਦੀ ਇਕ ਸੁਰੱਖਿਅਤ ਸਮਰੀ ਤਿਆਰ ਕਰ ਦੇਵੇਗਾ। ਇਸ ਨਾਲ ਯੂਜ਼ਰਸ ਘੱਟ ਸਮੇਂ 'ਚ ਜ਼ਰੂਰੀ ਜਾਣਕਾਰੀ ਹਾਸਲ ਕਰ ਸਕਣਗੇ। ਇਹ ਫੀਚਰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਜਿਨ੍ਹਾਂ ਦੇ ਫੋਨ 'ਤੇ ਮੈਸੇਜਾਂ ਦੀ ਭਰਮਾਰ ਰਹਿੰਦੀ ਹੈ।
ਸੁਰੱਖਿਆ ਦੀ ਪੂਰੀ ਗਾਰੰਟੀ
ਵਟਸਐਪ ਦੇ ਇਸ ਫੀਚਰ 'ਚ ਯੂਜ਼ਰਸ ਦੀ ਨਿੱਜਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਰਿਪੋਰਟਾਂ ਅਨੁਸਾਰ, ਇਹ 'ਪ੍ਰਾਈਵੇਟ ਪ੍ਰੋਸੈਸਿੰਗ ਟੈਕਨਾਲੋਜੀ' 'ਤੇ ਅਧਾਰਤ ਹੈ। ਇਹ ਮੇਟਾ (Meta) ਵੱਲੋਂ ਤਿਆਰ ਕੀਤੀ ਗਈ ਇਕ ਸੁਰੱਖਿਅਤ ਤਕਨੀਕ ਹੈ, ਜਿਸ ਕਾਰਨ ਵਟਸਐਪ ਜਾਂ ਮੇਟਾ ਖੁਦ ਵੀ ਤੁਹਾਡੀਆਂ ਚੈਟਸ ਨਹੀਂ ਪੜ੍ਹ ਸਕਣਗੇ। ਇਸ ਸਿਸਟਮ ਦਾ ਆਡਿਟ 'NCC ਗਰੁੱਪ' ਅਤੇ 'ਟ੍ਰੇਲ ਆਫ ਬਿਟਸ' ਵਰਗੀਆਂ ਨਾਮੀ ਕੰਪਨੀਆਂ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਇਸ ਦੀ ਸੁਰੱਖਿਆ ਦੀ ਪੁਸ਼ਟੀ ਕੀਤੀ ਹੈ।
ਯੂਜ਼ਰਸ ਦੀ ਮਰਜ਼ੀ 'ਤੇ ਹੋਵੇਗਾ ਨਿਰਭਰ
ਇਹ ਫੀਚਰ ਪੂਰੀ ਤਰ੍ਹਾਂ ਵਿਕਲਪਿਕ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਯੂਜ਼ਰ ਚਾਹੇ ਤਾਂ ਹੀ ਇਸ ਨੂੰ ਚਾਲੂ ਕਰ ਸਕੇਗਾ। ਇਹ ਸੈਟਿੰਗਾਂ 'ਚ ਡਿਫਾਲਟ ਰੂਪ 'ਚ ਬੰਦ ਰਹੇਗਾ ਅਤੇ ਯੂਜ਼ਰਸ ਨੂੰ ਇਸ ਨੂੰ ਮੈਨੂਅਲੀ ਆਨ ਕਰਨਾ ਪਵੇਗਾ।
ਕਦੋਂ ਤੱਕ ਹੋਵੇਗਾ ਉਪਲਬਧ?
ਵਟਸਐਪ ਦੇ ਆਉਣ ਵਾਲੇ ਫੀਚਰਾਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ 'WABetaInfo' ਦੇ ਮੁਤਾਬਕ, ਇਹ ਫੀਚਰ ਫਿਲਹਾਲ ਡਿਵੈਲਪਮੈਂਟ ਸਟੇਜ 'ਚ ਹੈ ਅਤੇ ਇਸ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ (2.26.12.10) 'ਚ ਦੇਖਿਆ ਗਿਆ ਹੈ। ਜਲਦੀ ਹੀ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾ ਸਕਦਾ ਹੈ।
ਭਾਰਤ 'ਚ ਜਲਦ ਲਾਂਚ ਹੋਵੇਗੀ iPhone 18 ਸੀਰੀਜ਼! ਫੀਚਰਜ਼ ਅਤੇ ਕੀਮਤ ਜਾਣ ਉਡਣਗੇ ਹੋਸ਼
NEXT STORY