ਜਲੰਧਰ (ਧਵਨ)- ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪੁਲਸ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ਵਿਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸਾਰੇ ਰੈਸਟੋਰੈਂਟ, ਕਲੱਬ ਅਤੇ ਅਜਿਹੀਆਂ ਦੂਜੀਆਂ ਲਾਇਸੈਂਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਨੂੰ ਰਾਤ 12 ਵਜੇ ਤੱਕ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ 10 ਵਜੇ ਤੋਂ ਬਾਅਦ ਡੀ. ਜੇ. ਜਾਂ ਹੋਰ ਮਿਊਜ਼ਿਕ ਸਿਸਟਮ ਦੀ ਵਰਤੋਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੁਲਸ ਕਮਿਸ਼ਨਰੇਟ ਦੀ ਹੱਦ ਅੰਦਰ ਕਿਸੇ ਵੀ ਰੈਸਟੋਰੈਂਟ, ਕਲੱਬ ਜਾਂ ਦੂਜੀ ਖਾਣ-ਪੀਣ ਵਾਲੀ ਜਗ੍ਹਾ ’ਤੇ ਰਾਤ 11.30 ਵਜੇ ਤੋਂ ਬਾਅਦ ਖਾਣ-ਪੀਣ ਵਾਲੀਆਂ ਚੀਜ਼ਾਂ ਆਦਿ ਦਾ ਕੋਈ ਆਰਡਰ ਨਹੀਂ ਲਿਆ ਜਾਵੇਗਾ ਅਤੇ ਕਿਸੇ ਵੀ ਨਵੇਂ ਗਾਹਕ ਨੂੰ ਰਾਤ 11.30 ਵਜੇ ਤੋਂ ਬਾਅਦ ਅੰਦਰ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਸ਼ਰਾਬ ਦੇ ਠੇਕਿਆਂ ਦੇ ਆਲੇ-ਦੁਆਲੇ ਦੀਆਂ ਥਾਵਾਂ ਰਾਤ 12 ਵਜੇ ਤੱਕ ਜਾਂ ਲਾਇਸੈਂਸ ਦੀਆਂ ਸ਼ਰਤਾਂ ਮੁਤਾਬਕ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਹੁਕਮਾਂ ਵਿਚ ਸਾਰੀਆਂ ਥਾਵਾਂ ਨੂੰ 10 ਡੀ.ਬੀ. ਆਵਾਜ਼ ਦੇ ਪੱਧਰ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਾਤ 10 ਵਜੇ ਤੱਕ ਡੀ. ਜੇ., ਲਾਈਵ ਆਰਕੈਸਟਰਾ/ਸਿੰਗਰ ਸਮੇਤ ਖੱਪਖਾਨੇ ਦੇ ਸਾਰੇ ਸਰੋਤ ਬੰਦ ਕਰ ਦਿੱਤੇ ਜਾਣ ਜਾਂ ਉਨ੍ਹਾਂ ਦੀ ਆਵਾਜ਼ ਘੱਟ ਕਰ ਦਿੱਤੀ ਜਾਵੇ। ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਬਿਲਡਿੰਗ ਜਾਂ ਕੈਂਪਸ ਦੇ ਅੰਦਰੋਂ ਪੈਦਾ ਹੋਣ ਵਾਲਾ ਖੱਪਖਾਨਾ ਉਸ ਦੀ ਬਾਊਂਡਰੀ ਤੋਂ ਬਾਹਰ ਨਹੀਂ ਸੁਣਾਈ ਦੇਣਾ ਚਾਹੀਦਾ। ਮਿਊਜ਼ਿਕ ਸਿਸਟਮ ਵਾਲੀਆਂ ਗੱਡੀਆਂ ਦੇ ਮਾਮਲੇ ਵਿਚ ਇਹ ਯਕੀਨੀ ਬਣਾਇਆ ਜਾਵੇ ਕਿ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਗੱਡੀ ਤੋਂ ਬਾਹਰ ਨਾ ਸੁਣਾਈ ਦੇਵੇ।
ਪੁਲਸ ਕਮਿਸ਼ਨਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਤੇ ਆਰਮਜ਼ ਰੂਲਜ਼ 2016 ਦੇ ਰੂਲ ਨੰਬਰ 32 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਸ ਕਮਿਸ਼ਨਰੇਟ ਦੇ ਇਲਾਕੇ ਵਿਚ ਕਿਸੇ ਵੀ ਵਿਅਕਤੀ ਦੇ ਵਿਆਹ/ਪਾਰਟੀ ਅਤੇ ਦੂਜੀਆਂ ਜਨਤਕ ਤੇ ਧਾਰਮਿਕ ਥਾਵਾਂ, ਮੈਰਿਜ ਪੈਲੇਸ/ਹੋਟਲ/ਹਾਲ ਆਦਿ ਵਿਚ ਹਥਿਆਰ ਲੈ ਕੇ ਜਾਣ ਅਤੇ ਦਿਖਾਉਣ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ।
ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ, ਹਿੰਸਾ/ਝਗੜੇ ਅਤੇ ਹਥਿਆਰਾਂ ਦਾ ਗੁਣਗਾਨ ਕਰਨ ਵਾਲੀਆਂ ਫੋਟੋਆਂ ਜਾਂ ਵੀਡੀਓ ਕਲਿੱਪ ਆਦਿ ਬਣਾ ਕੇ ਫੇਸਬੁੱਕ, ਵ੍ਹਟਸਐਪ, ਸਨੈਪਚੈਟ ਅਤੇ ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ’ਤੇ ਅਪਲੋਡ ਨਹੀਂ ਕਰੇਗਾ। ਅਜਿਹਾ ਕਰਨ ’ਤੇ ਮੁਕੰਮਲ ਰੋਕ ਹੈ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਵਾਲਾ ਭਾਸ਼ਣ ਨਹੀਂ ਦੇਵੇਗਾ।
ਕਮਿਸ਼ਨਰੇਟ ਪੁਲਸ ਜਲੰਧਰ ਦੀ ਹੱਦ ਅੰਦਰ ਬੁਲੇਟ ਮੋਟਰਸਾਈਕਲ ਚਲਾਉਣ ਵਾਲਿਆਂ ਵੱਲੋਂ ਸਾਇਲੈਂਸਰਾਂ ਵਿਚ ਤਕਨੀਕੀ ਬਦਲਾਅ ਕਰ ਕੇ ਪਟਾਕੇ ਆਦਿ ਵਜਾਉਣ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ। ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਦੁਕਾਨਦਾਰ ਕੰਪਨੀ ਦੇ ਮਾਪਦੰਡਾਂ ਦੇ ਵਿਰੁੱਧ ਬਣੇ ਸਾਇਲੈਂਸਰ ਨਹੀਂ ਵੇਚੇਗਾ ਅਤੇ ਨਾ ਹੀ ਕੋਈ ਮਕੈਨਿਕ ਸਾਇਲੈਂਸਰ ਵਿਚ ਤਕਨੀਕੀ ਬਦਲਾਅ ਕਰੇਗਾ। ਉਪਰੋਕਤ ਸਾਰੇ ਹੁਕਮ 7 ਜੁਲਾਈ, 2026 ਤੱਕ ਲਾਗੂ ਰਹਿਣਗੇ।
ਪੰਜਾਬ: 10ਵੀਂ ਦੀ ਮੈਰਿਟ ’ਤੇ ਪ੍ਰਾਈਵੇਟ ਸਕੂਲਾਂ ਦਾ ਦਬਦਬਾ, ਸਰਕਾਰੀ ਸਕੂਲ ਰਹੇ ਪਿੱਛੇ
NEXT STORY