ਦੀਨਾਨਗਰ ( ਹਰਜਿੰਦਰ ਸਿੰਘ ਗੋਰਾਇਆ) : ਪ੍ਰਾਪਰਟੀ ਐਸੋਸੀਏਸ਼ਨ ਦੀਨਾਨਗਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਹੱਥ ਵਧਾਇਆ ਹੈ। ਪ੍ਰਾਪਰਟੀ ਐਸੋਸੀਏਸ਼ਨ ਦੀਨਾਨਗਰ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ 'ਮਿਸ਼ਨ ਚੜ੍ਹਦੀ ਕਲਾ' ਵਿਚ 2,50,000 ਰੁਪਏ ਦਾ ਯੋਗਦਾਨ ਪਾਇਆ ਹੈ। 'ਮਿਸ਼ਨ ਚੜ੍ਹਦੀ ਕਲਾ' ਤਹਿਤ ਪੰਜਾਬ ਸਰਕਾਰ ਵੱਲੋਂ ਬਣਾਈ ਰੰਗਲਾ ਪੰਜਾਬ ਸੁਸਾਇਟੀ ਦੇ ਨਾਮ ਸਹਾਇਤਾ ਰਾਸ਼ੀ ਦਾ ਇਹ ਡਰਾਫ਼ਟ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੂੰ ਸੌਂਪਿਆ ਗਿਆ। ਪ੍ਰਾਪਰਟੀ ਐਸੋਸੀਏਸ਼ਨ ਦੀਨਾਨਗਰ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਪ੍ਰਾਪਰਟੀ ਐਸੋਸੀਏਸ਼ਨ ਦੀਨਾਨਗਰ ਵੱਲੋਂ ਹੜ੍ਹ ਪੀੜਤਾਂ ਲਈ ਦੀ ਜੋ ਮਦਦ ਕੀਤੀ ਗਈ ਹੈ ਉਸ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਧੰਨਵਾਦੀ ਹੈ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਯਤਨਾਂ ਨੂੰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਚੜ੍ਹਦੀ ਕਲਾ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਾਸਤੇ ਫ਼ੰਡ ਜੁਟਾਉਣ ਲਈ ਆਲਮੀ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਚੜ੍ਹਦੀ ਕਲਾ ਦਾ ਭਾਵ ਔਖੇ ਤੋਂ ਔਖੇ ਸਮੇਂ ਵਿਚ ਵੀ ਹੌਂਸਲੇ ਬੁਲੰਦ ਰੱਖਣਾ। ਹਰ ਦੁੱਖ ਵਿਚ ਵੀ ਮਜ਼ਬੂਤ ਰਹਿਣਾ। ਹਰ ਹਨੇਰੇ ਵਿੱਚ ਵੀ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਹੈ।
ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹੇ ਦੇ ਸਮੂਹ ਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਔਖੀ ਘੜੀ ਵਿੱਚ ਹੜ੍ਹ ਪੀੜਤਾਂ ਦੀ ਬਾਂਹ ਫੜਦੇ ਹੋਏ 'ਮਿਸ਼ਨ ਚੜ੍ਹਦੀ ਕਲਾ' ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਦੇਣ। ਇਸ ਮੌਕੇ ਪ੍ਰਾਪਰਟੀ ਐਸੋਸੀਏਸ਼ਨ ਦੀਨਾਨਗਰ ਦੇ ਪ੍ਰਧਾਨ ਅੰਕੁਸ਼ ਮਹਾਜਨ, ਜਨਰਲ ਸਕੱਤਰ ਅਨਿਲ ਮਹਾਜਨ, ਸਕੱਤਰ ਕੁਨਾਲ ਮਹਾਜਨ, ਖ਼ਜ਼ਾਨਚੀ ਗੁਲਸ਼ਨ, ਮੀਡੀਆ ਇੰਚਾਰਜ ਸਲਵਿੰਦਰ ਸਿੰਘ ਕਾਹਲੋਂ, ਕਲੋਨਾਈਜ਼ਰ ਰਾਜੀਵ ਗੁਪਤਾ, ਨਿਰਮਲ ਸਿੰਘ, ਰਮਨ ਸਿੰਘ, ਮਹਿੰਦਰਪਾਲ, ਉਪਦੇਸ਼ ਅਤਰੀ, ਨਿਤਿਨ ਜਗਾਲੀਆ, ਰਾਜੇਸ਼, ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।
ਪ੍ਰਾਪਰਟੀ ਐਸੋਸੀਏਸ਼ਨ ਦੀਨਾਨਗਰ ਨੇ ‘ਮਿਸ਼ਨ ਚੜ੍ਹਦੀ ਕਲਾ’ ਵਿਚ ਪਾਇਆ ਢਾਈ ਲੱਖ ਰੁਪਏ ਦਾ ਯੋਗਦਾਨ
NEXT STORY